
ਦੋ ਮੰਤਰੀਆਂ ਤੇ ਕਈ ਵਿਧਾਇਕਾਂ ਦੀ ਨਵਜੋਤ ਸਿੱਧੂ ਨਾਲ ਗੁਪਤ ਮੀਟਿੰਗ ਦੀ ਖ਼ਬਰਾਂ ਦੀ ਸਿਆਸੀ ਹਲਕਿਆਂ ਵਿਚ ਚਰਚਾ ਛਿੜੀ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਇਕ ਪਾਸੇ ਪੰਜਾਬ ਵਿਚ ਜਿਥੇ ਕੋਰੋਨਾ ਦੀ ਮਹਾਂਮਾਰੀ ਦੀ ਚੁਨੌਤੀ ਦਾ ਸੂਬਾ ਸਰਕਾਰ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਦੂਜੇ ਪਾਸੇ ਸੱਤਾਧਿਰ ਕਾਂਗਰਸ ਅੰਦਰ ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦੇ ਨੂੰ ਲੈ ਕੇ ਵੱਡੀ ਹਿਲਜੁਲ ਪੈਦਾ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਖੁਲ੍ਹੇਆਮ ਆਹਮੋ ਸਾਹਮਣੇ ਹਨ। ਹੁਣ ਤਾਂ ਸਥਿਤੀ ਕੁੱਝ ਹੋਰ ਅੱਗੇ ਵਧਦੀ ਦਿਖਾਈ ਦੇ ਰਹੀ ਹੈ ਅਤੇ ਪਾਰਟੀ ਹਾਈਕਮਾਨ ਨੇ ਵੀ ਕੈਪਟਨ-ਸਿੱਧੂ ਵਿਵਾਦ ਨੂੰ ਲੈ ਕੇ ਚੁੱਪ ਧਾਰੀ ਹੋਈ ਹੈ।
Navjot singh Sidhu
ਸੂਤਰਾਂ ਦੀ ਮੰਨੀਏ ਤਾਂ ਬੀਤੇ ਦਿਨੀਂ ਪੰਚਕੂਲਾ ਵਿਚ ਨਵਜੋਤ ਸਿੰਘ ਸਿੱਧੂ ਦੋ ਸੀਨੀਅਰ ਮੰਤਰੀਆਂ ਅਤੇ ਕੁੱਝ ਵਿਧਾਇਕਾਂ ਨਾਲ ਗੁਪਤ ਮੀਟਿੰਗ ਕਰ ਕੇ ਅਗਲੀ ਰਣਨੀਤੀ ਤੈਅ ਕਰ ਚੁੱਕੇ ਹਨ। ਪਤਾ ਲੱਗਾ ਹੈ ਕਿ ਅਗਲੇ ਹਫ਼ਤੇ ਮੁੜ ਇਕ ਹੋਰ ਮੀਟਿੰਗ ਹੋਵੇਗੀ। ਚਰਚਾ ਹੈ ਕਿ ਨਵਜੋਤ ਸਿੱਧੂ ਵਲ ਕਾਂਗਰਸ ਵਿਧਾਇਕਾਂ ਦਾ ਝੁਕਾਅ ਲਗਾਤਾਰ ਵਧ ਰਿਹਾ ਹੈ ਤੇ ਇਕ ਅਨੁਮਾਨ ਮੁਤਾਬਕ 25 ਤੋਂ 30 ਵਿਧਾਇਕ ਅੰਦਰਖਾਤੇ ਉਨ੍ਹਾਂ ਨਾਲ ਆ ਚੁੱਕੇ ਹਨ।
Captain Amarinder Singh
ਮਿਲੀ ਜਾਣਕਾਰੀ ਅਨੁਸਾਰ ਪੰਚਕੂਲਾ ਵਿਚ ਹੋਈ ਮੀਟਿੰਗ ਕਰਵਾਉਣ ਵਿਚ ਵਿਧਾਇਕ ਪ੍ਰਗਟ ਸਿੰਘ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਉਹ ਹੀ ਹੋਰ ਵਿਧਾਇਕਾਂ ਨੂੰ ਲਾਮਬੰਦ ਕਰ ਰਹੇ ਹਨ। ਸੂਤਰਾਂ ਅਨੁਸਾਰ ਸਿੱਧੂ ਦੀ ਪੰਚਕੂਲਾ ਦੀ ਮੀਟਿੰਗ ਵਿਚ ਸਿਰਫ਼ 2 ਮੰਤਰੀ ਤੇ ਕਈ ਪ੍ਰਮੁੱਖ ਵਿਧਾਇਕ ਹੀ ਸ਼ਾਮਲ ਨਹੀਂ ਹੋਏ ਬਲਕਿ ਪੰਜਾਬ ਦੇ ਕੁੱਝ ਸਾਬਕਾ ਵਿਧਾਇਕ ਤੇ ਪ੍ਰਮੁੱਖ ਆਗੂ ਵੀ ਸ਼ਾਮਲ ਸਨ। ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਲਗਾਤਾਰ ਕਾਂਗਰਸ ਤੇ ਸਰਕਾਰ ਅੰਦਰਲੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ।
Sunil Jakhar
ਜ਼ਿਕਰਯੋਗ ਹੈ ਕਿ ਜ਼ਿਆਦਾ ਤਲਖ਼ੀ ਦਾ ਮਾਹੌਲ ਉਸ ਦਿਨ ਤੋਂ ਪੈਦਾ ਹੋਇਆ ਜਿਸ ਦਿਨ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਸਤੀਫ਼ੇ ਰੱਖ ਦਿਤੇ ਸਨ। ਭਾਵੇਂ ਜਾਖੜ ਨੂੰ ਤਾਂ ਕੈਪਟਨ ਨੇ ਬਾਅਦ ਵਿਚ ਮਨਾ ਲਿਆ ਪਰ ਰੰਧਾਵਾ ਵਿਚ ਹਾਲੇ ਵੀ ਨਰਾਜ਼ਗੀ ਖ਼ਤਮ ਨਹੀਂ ਹੋਈ ਅਤੇ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਨਰਾਜ਼ ਦੱਸੇ ਜਾ ਰਹੇ ਹਨ। ਜਿਸ ਕਰ ਕੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਕਾਂਗਰਸ ਵਿਚ ਨਵੇਂ ਸਮੀਕਰਨ ਬਣ ਸਕਦੇ ਹਨ।