
ਤ੍ਰਿਣਮੂਲ ਕਾਂਗਰਸ, NCP ਅਤੇ CPI ਤੋਂ ਵਾਪਸ ਲਿਆ ਗਿਆ ਕੌਮੀ ਪਾਰਟੀ ਦਾ ਦਰਜਾ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ ਹੈ। ਚੋਣ ਕਮਿਸ਼ਨ ਨੇ ਸੋਮਵਾਰ ਸ਼ਾਮ ਨੂੰ ਇਹ ਐਲਾਨ ਕੀਤਾ। ਇਸ ਦੇ ਨਾਲ ਹੀ ਕਮਿਸ਼ਨ ਨੇ ਦੱਸਿਆ ਕਿ ਤ੍ਰਿਣਮੂਲ ਕਾਂਗਰਸ (ਟੀਐਮਸੀ), ਸੀਪੀਆਈ ਅਤੇ ਸ਼ਰਦ ਪਵਾਰ ਦੀ ਐਨਸੀਪੀ ਹੁਣ ਰਾਸ਼ਟਰੀ ਪਾਰਟੀਆਂ ਨਹੀਂ ਰਹੀਆਂ।
ਇਹ ਵੀ ਪੜ੍ਹੋ: ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਪੁਲਿਸ ਮੁਲਾਜ਼ਮ ਨੂੰ ਮਾਰੀ ਟੱਕਰ, ਮੌਤ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਰਾਸ਼ਟਰੀ ਪਾਰਟੀ ਵਜੋਂ ਮਾਨਤਾ ਦਿਵਾਉਣ ਲਈ ਕਰਨਾਟਕ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਦੇਰੀ ਕਾਰਨ ਉਹਨਾਂ ਦੀ ਚੋਣ ਲੜਨ ਦੀ ਯੋਗਤਾ 'ਚ ਰੁਕਾਵਟ ਆ ਰਹੀ ਹੈ। ਦਰਅਸਲ 2016 ਵਿਚ ਚੋਣ ਕਮਿਸ਼ਨ ਨੇ ਰਾਸ਼ਟਰੀ ਪਾਰਟੀ ਅਹੁਦਿਆਂ ਦੀ ਸਮੀਖਿਆ ਲਈ ਨਿਯਮਾਂ ਵਿਚ ਬਦਲਾਅ ਕੀਤਾ ਸੀ। ਹੁਣ ਪੰਜ ਦੀ ਬਜਾਏ 10 ਸਾਲਾਂ ਵਿਚ ਸਮੀਖਿਆ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸੇ ਵੀ ਕੌਮੀ ਪਾਰਟੀ ਲਈ ਇਹ ਜ਼ਰੂਰੀ ਹੈ ਕਿ ਉਸ ਦੇ ਉਮੀਦਵਾਰਾਂ ਨੂੰ ਦੇਸ਼ ਦੇ ਘੱਟੋ-ਘੱਟ ਚਾਰ ਸੂਬਿਆਂ ਵਿਚ ਛੇ ਫ਼ੀਸਦੀ ਤੋਂ ਵੱਧ ਵੋਟਾਂ ਮਿਲ ਜਾਣ। ਲੋਕ ਸਭਾ ਵਿਚ ਇਸ ਦੀ ਪ੍ਰਤੀਨਿਧਤਾ ਘੱਟੋ-ਘੱਟ ਚਾਰ ਸੰਸਦ ਮੈਂਬਰਾਂ ਵੱਲੋਂ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਕਰਤਾਰਪੁਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਸੁਰਿੰਦਰ ਚੌਧਰੀ ਆਮ ਆਦਮੀ ਪਾਰਟੀ 'ਚ ਸ਼ਾਮਲ
ਹਾਲਾਂਕਿ ਕਮਿਸ਼ਨ ਨੇ 2019 ਵਿਚ ਹੀ ਟੀਐਮਸੀ, ਸੀਪੀਆਈ ਅਤੇ ਐਨਸੀਪੀ ਦੀ ਰਾਸ਼ਟਰੀ ਪਾਰਟੀ ਦੀ ਸਮੀਖਿਆ ਕਰਨੀ ਸੀ ਪਰ ਫਿਰ ਆਗਾਮੀ ਰਾਜ ਚੋਣਾਂ ਦੇ ਮੱਦੇਨਜ਼ਰ ਕਮਿਸ਼ਨ ਨੇ ਸਮੀਖਿਆ ਨਹੀਂ ਕੀਤੀ। ਦਰਅਸਲ ਚੋਣ ਨਿਸ਼ਾਨ ਆਰਡਰ 1968 ਦੇ ਤਹਿਤ ਆਪਣੀ ਰਾਸ਼ਟਰੀ ਪਾਰਟੀ ਦਾ ਦਰਜਾ ਗੁਆਉਣ ਨਾਲ ਪਾਰਟੀ ਦੇਸ਼ ਦੇ ਸਾਰੇ ਸੂਬਿਆਂ ਵਿਚ ਇੱਕੋ ਚੋਣ ਨਿਸ਼ਾਨ 'ਤੇ ਚੋਣ ਨਹੀਂ ਲੜ ਸਕਦੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਆਪਣੇ ਸੇਵਾਮੁਕਤ ਕਰਮਚਾਰੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ – ਚੀਮਾ
ਰਾਸ਼ਟਰੀ ਪਾਰਟੀ ਬਣਨ ਦੀਆਂ ਸ਼ਰਤਾਂ ਕੀ ਹਨ?
-ਜੇਕਰ ਕਿਸੇ ਪਾਰਟੀ ਨੂੰ 4 ਸੂਬਿਆਂ ਵਿਚ ਖੇਤਰੀ ਪਾਰਟੀ ਦਾ ਦਰਜਾ ਮਿਲਦਾ ਹੈ ਤਾਂ ਉਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਦਿੱਤਾ ਜਾ ਸਕਦਾ ਹੈ।
-ਜੇਕਰ ਕੋਈ ਪਾਰਟੀ 3 ਸੂਬਿਆਂ 'ਚ ਲੋਕ ਸਭਾ ਸੀਟਾਂ 'ਚੋਂ 3 ਫੀਸਦੀ ਸੀਟਾਂ ਜਿੱਤਦੀ ਹੈ ਤਾਂ ਉਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਸਕਦਾ ਹੈ।
- 4 ਲੋਕ ਸਭਾ ਸੀਟਾਂ ਤੋਂ ਇਲਾਵਾ ਜੇਕਰ ਕਿਸੇ ਪਾਰਟੀ ਨੂੰ ਲੋਕ ਸਭਾ ਚੋਣਾਂ ਜਾਂ ਵਿਧਾਨ ਸਭਾ ਚੋਣਾਂ 'ਚ 4 ਸੂਬਿਆਂ 'ਚ 6 ਫੀਸਦੀ ਵੋਟ ਸ਼ੇਅਰ ਮਿਲਦਾ ਹੈ ਤਾਂ ਵੀ ਇਹ ਦਰਜਾ ਮਿਲ ਸਕਦਾ ਹੈ।
- ਜੇਕਰ ਕੋਈ ਪਾਰਟੀ ਇਹਨਾਂ ਤਿੰਨਾਂ ਸ਼ਰਤਾਂ ਵਿਚੋਂ ਇਕ ਵੀ ਪੂਰੀ ਕਰ ਲੈਂਦੀ ਹੈ ਤਾਂ ਉਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਜਾਂਦਾ ਹੈ।
ਰਾਸ਼ਟਰੀ ਦਰਜਾ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਮਿਲਣਗੇ ਇਹ ਲਾਭ:
1. ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਪੱਕਾ ਹੋ ਜਾਵੇਗਾ। ਹੁਣ ਪੂਰੇ ਦੇਸ਼ ਵਿਚ ‘ਆਪ’ ਦਾ ਇਕ ਹੀ ਚੋਣ ਨਿਸ਼ਾਨ ਹੋਵੇਗਾ। ਪਾਰਟੀ ਦਾ ਇਹ ਝਾੜੂ ਚੋਣ ਨਿਸ਼ਾਨ ਉਸ ਲਈ ਰਾਖਵਾਂ ਹੋਵੇਗਾ। ਇਸ ਚੋਣ ਨਿਸ਼ਾਨ 'ਤੇ ਕੋਈ ਹੋਰ ਪਾਰਟੀ ਦਾ ਉਮੀਦਵਾਰ ਚੋਣ ਨਹੀਂ ਲੜ ਸਕੇਗਾ।
2. ਰਾਸ਼ਟਰੀ ਪਾਰਟੀ ਦਾ ਦਰਜਾ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੁਣ ਬੈਲਟ/ਈਵੀਐਮ ਲਈ ਉਮੀਦਵਾਰਾਂ ਦੀ ਸੂਚੀ ਵਿਚ ਉੱਪਰ ਨਜ਼ਰ ਆਉਣਗੇ।
3. ਆਮ ਆਦਮੀ ਪਾਰਟੀ ਨੂੰ ਦੇਸ਼ ਦੀ ਰਾਜਧਾਨੀ ਵਿਚ ਦਫ਼ਤਰ ਮਿਲ ਸਕੇਗਾ।
4. ਹੁਣ ਤੱਕ ਆਮ ਆਦਮੀ ਪਾਰਟੀ ਨੂੰ ਵੋਟਰ ਸੂਚੀ ਪ੍ਰਾਪਤ ਕਰਨ ਲਈ ਕੁਝ ਪੈਸਾ ਖਰਚ ਕਰਨਾ ਪੈਂਦਾ ਸੀ ਪਰ ਹੁਣ ਆਮ ਆਦਮੀ ਪਾਰਟੀ ਨੂੰ ਹਰ ਸੂਬੇ ਵਿਚ ਵੋਟਰ ਸੂਚੀ ਮੁਫਤ ਵਿਚ ਪ੍ਰਾਪਤ ਕਰਨ ਦਾ ਅਧਿਕਾਰ ਹੋਵੇਗਾ।
5. ਰਾਸ਼ਟਰੀ ਪੱਧਰ 'ਤੇ ਹੁਣ ਆਮ ਆਦਮੀ ਪਾਰਟੀ ਆਪਣੀ ਸੂਚੀ 'ਚ 20 ਤੋਂ ਵੱਧ ਸਟਾਰ ਪ੍ਰਚਾਰਕਾਂ ਨੂੰ ਸ਼ਾਮਲ ਕਰ ਸਕਦੀ ਹੈ। ਹੁਣ ਇਹ ਗਿਣਤੀ ਵਧ ਕੇ 40 ਹੋ ਜਾਵੇਗੀ।
6. ਰਾਸ਼ਟਰੀ ਪਾਰਟੀ ਦਾ ਦਰਜਾ ਮਿਲਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪੱਧਰ ਦੀਆਂ ਚੋਣਾਂ 'ਚ ਆਮ ਲੋਕਾਂ ਨੂੰ ਸੰਬੋਧਨ ਕਰਨ ਲਈ ਰੇਡੀਓ ਅਤੇ ਟੈਲੀਵਿਜ਼ਨ 'ਤੇ ਸਮਾਂ ਮਿਲੇਗਾ।
7. ਕੌਮੀ ਦਰਜੇ ਵਾਲੀ ਪਾਰਟੀ ਦਾ ਪ੍ਰਧਾਨ ਸਰਕਾਰੀ ਰਿਹਾਇਸ਼ ਪ੍ਰਾਪਤ ਕਰਨ ਦੇ ਯੋਗ ਹੁੰਦਾ ਹੈ।
8. ਹੁਣ ਰਾਸ਼ਟਰੀ ਦਰਜਾ ਪ੍ਰਾਪਤ ਪਾਰਟੀ ਲਈ ਨਾਮਜ਼ਦਗੀ ਪੱਤਰ ਵਿਚ ਸਿਰਫ਼ ਇਕ ਪ੍ਰਪੋਜ਼ਰ ਦੀ ਲੋੜ ਹੋਵੇਗੀ।