
ਸਾਰੇ ਵਰਕਰਾਂ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿਤਾ ਅਪਣਾ ਅਸਤੀਫ਼ਾ ਵਾਪਸ ਲੈਣ
ਅਮੇਠੀ : ਅਪਣੇ ਦੌਰੇ 'ਤੇ ਅਮੇਠੀ ਪੁੱਜੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਅਮੇਠੀ ਉਨ੍ਹਾਂ ਦਾ ਪਰਵਾਰ ਹੈ ਅਤੇ ਉਹ ਇਸ ਨੂੰ ਕਦੇ ਨਹੀਂ ਛੱਡਣਗੇ। ਅਮੇਠੀ ਲੋਕ ਸਭਾ ਸੀਟ ਤੋਂ ਹਾਲ ਹੀ ਵਿਚ ਮਿਲੀ ਹਾਰ ਤੋਂ ਬਾਅਦ ਪਹਿਲੀ ਵਾਰ ਇਥੇ ਪੁੱਜੇ ਰਾਹੁਲ ਨੇ ਪਾਰਟੀ ਵਰਕਰਾਂ ਨਾਲ ਸਮੀਖਿਆ ਬੈਠਕ ਕੀਤੀ ਅਤੇ ਕਿਹਾ ਕਿ ਉਹ ਅਮੇਠੀ ਤੋਂ ਤਿੰਨ ਵਾਰ ਸੰਸਦ ਮੈਂਬਰ ਬਣੇ ਹਨ। ਉਹ ਅਮੇਠੀ ਨੂੰ ਕਦੇ ਨਹੀਂ ਛੱਡਣਗੇ। ਬੈਠਕ ਵਿਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਦੀਮ ਅਸ਼ਰਫ਼ ਜਾਯਸੀ ਮੁਤਾਬਕ ਰਾਹੁਲ ਨੇ ਕਿਹਾ ਕਿ ਅਮੇਠੀ ਦੇ ਵਿਕਾਸ ਵਿਚ ਰੁਕਾਵਟ ਪੈਦਾ ਨਹੀਂ ਹੋਣ ਦਿਤੀ ਜਾਵੇਗਾ। ਭਾਵੇਂ ਉਹ ਹੁਣ ਵਾਇਨਾਡ ਤੋਂ ਸੰਸਦ ਮੈਂਬਰ ਹਨ ਪਰ ਅਮੇਠੀ ਨਾਲ ਉਨ੍ਹਾਂ ਦਾ ਤਿੰਨ ਪੀੜੀਆਂ ਦਾ ਰਿਸ਼ਤਾ ਹੈ। ਅਮੇਠੀ ਦੀ ਲੜਾਈ ਉਹ ਦਿੱਲੀ ਵਿਚ ਲੜਦੇ ਰਹਿਣਗੇ।
Rahul Gandhi visits Amethi
ਰਾਹੁਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਵਰਕਰਾਂ ਨੇ ਕੰਮ ਕੀਤਾ ਪਰ ਸਥਾਨਕ ਨੇਤਾ ਜਨਤਾ ਤੋਂ ਦੂਰ ਰਹੇ, ਇਸੇ ਕਾਰਨ ਪਾਰਟੀ ਦੀ ਹਾਰ ਹੋਈ। ਚੋਣਾਂ ਵਿਚ ਹਾਰ ਤੇ ਜਿੱਤ ਚਲਦੀ ਰਹਿੰਦੀ ਹੈ, ਇਸ ਤੋਂ ਘਬਰਾਉਣ ਦੀ ਲੋੜ ਨਹੀਂ। ਵਰਕਰ ਜਨਤਾ ਨਾਲ ਜੁੜੇ ਰਹਿਣ ਅਤੇ ਆਉਣ ਵਾਲੇ ਸਮੇਂ ਵਿਚ ਸੱਭ ਕੁੱਝ ਠੀਕ ਹੋ ਜਾਵੇਗਾ। ਬੈਠਕ ਵਿਚ ਸ਼ਾਮਲ ਰਹੇ ਸੂਬਾ ਕਾਂਗਰਸ ਕਮੇਟੀ ਦੇ ਮੈਂਬਰ ਡਾ. ਨਰਿੰਦਰ ਮਿਸ਼ਰ ਨੇ ਕਿਹਾ ਕਿ ਰਾਹੁਲ ਨੇ ਵਰਕਰਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ। ਕਾਂਗਰਸ ਦੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਬੂਥ ਪੱਧਰ ਤਕ ਦੇ ਵਰਕਰਾਂ ਨੇ ਅਪਣੀਆਂ ਸਮੱਸਿਆਵਾਂ ਰਾਹੁਲ ਦੇ ਸਾਹਮਣੇ ਰਖੀਆਂ।
Rahul Gandhi visits Amethi
ਜ਼ਿਆਦਾਤਰ ਵਰਕਰਾਂ ਨੇ ਸੰਗਠਨ ਦੀ ਕਮਜ਼ੋਰੀ ਅਤੇ ਪ੍ਰਸ਼ਾਸਨ ਵਲੋਂ ਘਪਲੇ ਕਰਵਾਏ ਜਾਣ ਦੇ ਦੋਸ਼ ਲਗਾਏ। ਕਈ ਨੇਤਾਵਾਂ ਨੇ ਕਾਂਗਰਸ ਸੇਵਾਦਲ, ਯੁਵਾ ਕਾਂਗਰਸ, ਮਹਿਲਾ ਕਾਂਗਰਸ, ਐਨਐਸਯੂਆਈ ਸਮੇਤ ਕਾਂਗਰਸ ਦੇ ਸੰਗਠਨਾਂ ਦੀ ਅਣਦੇਖੀ ਨੂੰ ਵੀ ਹਾਰ ਦਾ ਵੱਡਾ ਕਾਰਨ ਦਸਿਆ। ਕੁੱਝ ਵਰਕਰਾਂ ਨੇ ਇਹ ਵੀ ਕਿਹਾ ਕਿ ਇਥੇ ਕਾਂਗਰਸ ਸੰਗਠਨ ਕੁੱਝ ਲੋਕਾਂ ਤਕ ਦੀ ਸੀਮਤ ਹੋ ਗਿਆ ਹੈ ਅਤੇ ਪੂਰੇ ਜ਼ਿਲ੍ਹੇ ਵਿਚ ਕਾਂਗਰਸ ਨੂੰ ਕਮਜ਼ੋਰ ਕਰ ਦਿਤਾ ਗਿਆ ਹੈ। ਰਣਨੀਤੀ ਦੀ ਘਾਟ ਕਾਰਨ ਚੋਣਾਂ ਵਿਚ ਪਾਰਟੀ ਦੀ ਪ੍ਰਚਾਰ ਨਹੀਂ ਹੋਇਆ।
Rahul Gandhi visits Amethi
ਕਈ ਵਰਕਰਾਂ ਨੇ ਪਾਰਟੀ ਦੇ ਸਥਾਨਕ ਨੇਤਾਵਾਂ 'ਤੇ ਭਾਜਪਾ ਨਾਲ ਮਿਲੀਭੁਗਤ ਦੀ ਸ਼ਿਕਾਇਤ ਵੀ ਕੀਤੀ। ਇਸ ਦੌਰਾਨ ਸਾਰੇ ਵਰਕਰਾਂ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿਤਾ ਅਪਣਾ ਅਸਤੀਫ਼ਾ ਵਾਪਸ ਲੈਣ। ਰਾਹੁਲ ਨੇ ਚੋਣਾਂ ਵਿਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਇਸ ਤੋਂ ਪਹਿਲਾਂ ਰਾਹੁਲ ਕਾਂਗਰਸ ਦੀ ਤਿਲੋਈ ਵਿਧਾਨ ਸਭਾ ਇਕਾਈ ਦੇ ਇੰਚਾਰਜ ਮਾਤਾ ਪ੍ਰਸਾਦ ਵੈਸ਼ਿਆ ਦੇ ਮਾਮਾ ਅਤੇ ਗੌਰੀਗੰਜ ਦੇ ਸਮਾਜਸੇਵੀ ਗੰਗਾ ਪ੍ਰਸਾਦ ਗੁਪਤ ਦੇ ਘਰ ਦੁਖ ਦਾ ਪ੍ਰਗਟਾਵਾ ਕਰਨ ਪੁੱਜੇ। 25 ਜੂਨ ਨੂੰ ਗੁਪਤ ਦਾ ਦੇਹਾਂਤ ਹੋ ਗਿਆ ਸੀ।