
ਰਾਹੁਲ ਅਮੇਠੀ 'ਚ ਆਪਣੀ ਹਾਰ ਦੀ ਸਮੀਖਿਆ ਵੀ ਕਰ ਸਕਦੇ ਹਨ
ਨਵੀਂ ਦਿੱਲੀ : ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਦੇ ਦੌਰੇ 'ਤੇ ਜਾਣਗੇ। ਰਾਹੁਲ ਗਾਂਧੀ 10 ਜੁਲਾਈ ਨੂੰ ਅਮੇਠੀ ਜਾਣਗੇ। ਅਮੇਠੀ ਦੀ ਸੀਟ ਤੋਂ 15 ਸਾਲ ਤਕ ਸੰਸਦ ਮੈਂਬਰ ਰਹੇ ਰਾਹੁਲ ਗਾਂਧੀ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਰਾਰੀ ਹਾਰ ਦਿੱਤੀ ਸੀ। ਖ਼ਬਕਾਂ ਮੁਤਾਬਕ ਰਾਹੁਲ ਅਮੇਠੀ 'ਚ ਆਪਣੀ ਹਾਰ ਦੀ ਸਮੀਖਿਆ ਵੀ ਕਰ ਸਕਦੇ ਹਨ।
Rahul Gandhi
ਕਾਂਗਰਸ ਨੇ ਆਪਣੀ ਇਸ ਪੁਰਾਣੀ ਸੀਟ 'ਤੇ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਦਾ ਵਿਸ਼ਲੇਸ਼ਣ ਕਰਨ ਲਈ ਦੋ ਮੈਂਬਰੀ ਪੈਨਲ ਦਾ ਗਠਨ ਕੀਤਾ ਸੀ, ਜਿਸ 'ਚ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਤੀਨਿਧ ਕੇ.ਐਲ. ਸ਼ਰਮਾ ਅਤੇ ਏਆਈਸੀਸੀ ਸਕੱਤਰ ਜੁਬੇਰ ਖ਼ਾਨ ਸ਼ਾਮਲ ਸਨ। ਇਸ ਪੈਨਲ ਮੁਤਾਬਕ ਸਥਾਨਕ ਪੱਧਰ 'ਤੇ ਸਮਾਜਵਾਦੀ ਪਾਰਟੀ ਅਤੇ ਬਸਪਾ ਦੇ ਕਾਰਕੁਨਾਂ ਦਾ ਸਹਿਯੋਗ ਨਾ ਮਿਲ ਪਾਉਣਾ ਰਾਹੁਲ ਦੀ ਹਾਰ ਦਾ ਵੱਡਾ ਕਾਰਨ ਬਣਿਆ ਸੀ।
Rahul Gandhi
ਜ਼ਿਕਰਯੋਗ ਹੈ ਕਿ ਯੂਪੀ 'ਚ ਸਪਾ-ਬਸਪਾ ਨੇ ਗਠਜੋੜ ਕਰ ਕੇ ਚੋਣ ਲੜਨ ਦਾ ਫ਼ੈਸਲਾ ਕੀਤਾ ਸੀ। ਮਹਾਗਠਜੋੜ ਨੇ ਅਮੇਠੀ 'ਚ ਕੋਈ ਉਮੀਦਵਾਰ ਨਾ ਉਤਾਰਨ ਦਾ ਵੀ ਫ਼ੈਸਲਾ ਕੀਤਾ ਸੀ। ਇਸ ਪੈਨਲ ਨੂੰ ਅਮੇਠੀ ਦੇ ਸਥਾਨਕ ਆਗੂਆਂ ਨੇ ਦੱਸਿਆ ਕਿ ਬੀਐਸਪੀ ਦੇ ਵੋਟ ਕਾਂਗਰਸ ਨੂੰ ਸ਼ਿਫ਼ਟ ਹੋਣ ਦੀ ਬਜਾਏ ਭਾਜਪਾ ਦੇ ਖਾਤੇ 'ਚ ਚਲੇ ਗਏ ਸਨ।
Rahul Gandhi
ਉਧਰ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਸਿਆਸੀ ਗਲਿਆਰੇ 'ਚ ਤਰਥੱਲੀ ਮਚ ਗਈ ਹੈ। ਰਾਹੁਲ ਦੇ ਸਮਰਥਨ 'ਚ ਹੁਣ ਤਕ ਕਈ ਕਾਂਗਰਸੀ ਆਗੂ ਅਸਤੀਫ਼ਾ ਦੇ ਚੁੱਕੇ ਹਨ। ਬੀਤੇ ਦਿਨੀਂ ਜਯੋਤੀਰਾਦਿੱਤਿਆ ਸਿੰਧੀਆ ਅਤੇ ਮਿਲਿੰਦ ਦੇਵੜਾ ਨੇ ਆਪਣੇ ਅਸਤੀਫ਼ੇ ਦਿੱਤੇ ਸਨ।