
ਵਿਧਾਨ ਸਭਾ ਸਪੀਕਰ ਨੂੰ ਮਿਲਣ ਬੰਗਲੌਰ ਪੁੱਜੇ
ਬੰਗਲੌਰ : ਸੁਪਰੀਮ ਕੋਰਟ ਦੁਆਰਾ ਕਰਨਾਟਕ ਦੇ ਬਾਗ਼ੀ ਵਿਧਾਇਕਾਂ ਨੂੰ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿਤੇ ਜਾਣ ਦੇ ਕੁੱਝ ਘੰਟਿਆਂ ਮਗਰੋਂ ਉਹ ਵਿਸ਼ੇਸ਼ ਜਹਾਜ਼ ਰਾਹੀਂ ਬੰਗਲੌਰ ਪਹੁੰਚ ਗਏ। ਇਹ ਵਿਧਾਇਕ ਮੁੰਬਈ ਦੇ ਲਗਜ਼ਰੀ ਹੋਟਲ ਵਿਚ ਠਹਿਰੇ ਹੋਏ ਸਨ। ਬਾਗ਼ੀ ਵਿਧਾਇਕ ਐਚਏਐਲ ਹਵਾਈ ਅੱਡੇ ਪਹੁੰਚਣ ਮਗਰੋਂ ਉਥੋਂ ਲਗਜ਼ਰੀ ਬੱਸ ਵਿਚ ਸਕੱਤਰੇਤ ਵਲ ਰਵਾਨਾ ਹੋਏ।
Karnataka Crisis
10 ਵਿਧਾਇਕ ਮੁੰਬਈ ਤੋਂ ਇਥੇ ਆਏ ਜਦਕਿ ਕਾਂਗਰਸ ਦੇ ਇਕ ਨਾਰਾਜ਼ ਵਿਧਾਇਕ ਮੁਨੀਰਤਨ ਇਨ੍ਹਾਂ ਵਿਧਾਇਕਾਂ ਨੂੰ ਸਕੱਤਰੇਤ ਵਿਚ ਮਿਲੇ ਅਤੇ ਉਨ੍ਹਾਂ ਨਾਲ ਸਪੀਕਰ ਦੇ ਕਮਰੇ ਵਿਚ ਗਏ। ਅਸਤੀਫ਼ਾ ਦੇਣ ਵਾਲੇ 16 ਵਿਧਾਇਕਾਂ ਵਿਚੋਂ 11 ਵਿਧਾਇਕ ਵਿਧਾਨ ਸਭਾ ਸਪੀਕਰ ਕੇ ਆਰ ਰਮੇਸ਼ ਕੁਮਾਰ ਦੇ ਕਮਰੇ ਵਿਚ ਅਪਣਾ ਅਸਤੀਫ਼ਾ ਦੇਣ ਗਏ। ਮੁਨੀਰਤਨ ਤੋਂ ਇਲਾਵਾ ਵਿਧਾਨ ਸਭਾ ਸਪੀਕਰ ਦੇ ਕਮਰੇ ਵਿਚ ਜਾਣ ਵਾਲਿਆਂ ਵਿਚ ਬਾਈਰਾਥੀ ਬਾਸਰਾਜ, ਰਮੇਸ਼ ਜਰਕੀਹੋਲੀ, ਐਸਟੀ ਸੋਮਸ਼ੇਖ਼ਰ, ਬੀ ਸੀ ਪਾਟਿਲ, ਕੇ ਗੋਪਾਲਲਇਆ, ਸ਼ਿਵਰਾਮ ਹੈਬਰ, ਨਾਰਾਇਣ ਗੌੜਾ, ਏ ਐਚ ਵਿਸ਼ਵਨਾਥ, ਪ੍ਰਤਾਪ ਗੌੜਾ ਪਾਟਿਲ ਅਤੇ ਮਹੇਸ਼ ਕੁਮਾਥੱਲੀ ਸ਼ਾਮਲ ਹਨ।
Karnataka: Congress, JD(S) ministers resign
ਇਸ ਤੋਂ ਪਹਿਲਾਂ ਦਿਨ ਸਮੇਂ ਕਾਂਗਰਸ ਦੇ ਨਾਰਾਜ਼ ਵਿਧਾਇਕਾਂ ਨੇ ਕਿਹਾ ਸੀ ਕਿ ਉਹ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਵਿਧਾਨ ਸਭਾ ਸਪੀਕਰ ਨੂੰ ਨਵੇਂ ਸਿਰੇ ਤੋਂ ਅਪਣਾ ਅਸਤੀਫ਼ਾ ਸੌਂਪਣਗੇ। ਵਿਧਾਇਕਾਂ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਉਹ ਹੁਣ ਵੀ ਕਾਂਗਰਸ ਵਿਚ ਹਨ ਅਤੇ ਸਿਰਫ਼ ਵਿਧਾਨ ਸਭਾ ਦੀ ਮੈਂਬਰੀ ਤੋਂ ਉਨ੍ਹਾਂ ਅਸਤੀਫ਼ਾ ਦਿਤਾ ਹੈ। ਵਿਧਾਇਕਾਂ ਨੇ ਪੂਰੇ ਘਟਨਾਕ੍ਰਮ ਵਿਚ ਭਾਜਪਾ ਦੀ ਭੂਮਿਕਾ ਤੋਂ ਇਨਕਾਰ ਕੀਤਾ। ਵਿਧਾਇਕਾਂ ਨੇ ਕਿਹਾ ਸੀ, 'ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਅਸੀਂ ਬੰਗਲੌਰ ਪਹੁੰਚਾਂਗੇ ਅਤੇ ਵਿਧਾਨ ਸਭਾ ਸਪੀਕਰ ਨੂੰ ਮਿਲਾਂਗੇ।'
Karnataka government
ਬੰਗਲੂਰ ਵਿਚ ਕੇ ਆਰ ਪੁਰਮ ਤੋਂ ਕਾਂਗਰਸ ਵਿਧਾਇਕ ਬੀ ਏ ਬਸਵਰਾਜ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿਤਾ ਕਿ ਇਨ੍ਹਾਂ ਅਸਤੀਫ਼ਿਆਂ ਪਿੱਛੇ ਭਗਵਾਂ ਪਾਰਟੀ ਦਾ ਹੱਥ ਹੈ ਅਤੇ ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਉਨ੍ਹਾਂ ਦੀ ਮਦਦ ਕਰ ਰਹੀ ਹੈ। ਬਸਵਰਾਜ ਨੇ ਕਿਹਾ, 'ਦੋਸ਼ ਲਾਏ ਗਏ ਹਨ ਕਿ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਸਾਡੇ ਕੋਲ ਹੈ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਨਾ ਤਾਂ ਭਾਜਪਾ ਅਤੇ ਨਾ ਹੀ ਕੋਈ ਹੋਰ ਸਰਕਾਰ ਸਾਡੇ ਨਾਲ ਹੈ।' ਉਨ੍ਹਾਂ ਕਿਹਾ, 'ਅਸੀਂ ਸਰਕਾਰ ਕੋਲੋਂ ਸੁਰੱਖਿਆ ਮੰਗੀ ਹੈ ਜੋ ਉਸ ਨੇ ਪ੍ਰਦਾਨ ਕੀਤੀਹੈ। ਇਸ ਵਿਚ ਭਾਜਪਾ ਦੀ ਕੋਈ ਭੂਮਿਕਾ ਨਹੀਂ ਹੈ।' ਯਸ਼ਵੰਤਪੁਰ ਤੋਂ ਕਾਂਗਰਸ ਵਿਧਾਇਕ ਐਸ ਟੀ ਸੋਮਸ਼ੇਖ਼ਰ ਨੇ ਵੀ ਬੰਗਲੌਰ ਵਿਚ ਇਸੇ ਤਰ੍ਹਾਂ ਦੀ ਰਾਏ ਪ੍ਰਗਟ ਕੀਤੀ।