
ਪੰਜਾਬ ਦਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੱਧੂ...
ਚੰਡੀਗੜ੍ਹ: ਪੰਜਾਬ ਦਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੱਧੂ ‘ਤੇ ਤਿੱਖੇ ਤੀਰ ਚਲਾਉਂਦੇ ਹੋਏ ਉਨ੍ਹਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਦੋਹਾਂ ਮੰਤਰੀਆਂ ਨੇ ਸਿੱਧੂ ਅਸਤੀਫ਼ੇ ਦੇ ਡਰਾਮੇ ਨੂੰ ਹਾਸੋਹੀਣਾ ਦੱਸਿਆ ਹੈ ਅਤੇ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਆਪਣੀ ਕਾਰਜਸ਼ੈਲੀ ਵਿਚ ਹੋਰ ਵਧੇਰੇ ਸੁਹਜ ਅਤੇ ਸਲੀਕਾ ਲਿਆਉਣਾ ਚਾਹੀਦਾ ਹੈ।
Congress Party, Punjab
ਇੱਥੋਂ ਜਾਰੀ ਇਕ ਬਿਆਨ ਵਿਚ ਦੋਹਾਂ ਮੰਤਰੀਆਂ ਨੇ ਸਿੱਧੂ ਵੱਲੋਂ ਟਵਿਟਰ ਰਾਹੀਂ ਆਪਣਾ ਅਸਤੀਫ਼ਾ ਪਿਛਲੇ ਮਹੀਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜਣ ਦੀ ਜਾਣਕਾਰੀ ਦੇਣ ਅਤੇ ਇਸ ਤੋਂ ਬਾਅਦ ਕੀਤੀ ਇਕ ਹੋਰ ਟਿੱਪਣੀ ਕਿ ਉਹ ਆਪਣਾ ਰਸਮੀ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਣਗੇ, ਸੰਬੰਧੀ ਆਪਣਾ ਇਹ ਪ੍ਰਤੀ ਕਰਮ ਦਿੱਤਾ। ਦੋਹਾਂ ਮੰਤਰੀਆਂ ਨੇ ਕਿਹਾ, ਇਹ ਕਦਮ ਡਰਾਮੇਬਾਜ਼ੀ ਦੇ ਮਾਹਰ ਦੇ ਇਕ ਡਰਾਮੇ ਤੋਂ ਵੱਧ ਕੁਝ ਨਹੀਂ ਅਤੇ ਜੇਕਰ ਉਸ ਨੇ ਅਸਤੀਫ਼ਾ ਹੀ ਦੇਣਾ ਸੀ ਤਾਂ ਉਸ ਵੱਲੋਂ ਤੈਅ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਸੀ ਅਤੇ ਇਹ ਅਸਤੀਫ਼ਾ ਸਿੱਧਾ ਮੁੱਖ ਮੰਤਰੀ ਨੂੰ ਭੇਜਿਆ ਜਾਂਦਾ।
Navjot Sidhu
ਉਨ੍ਹਾਂ ਨੇ ਟਕੋਰ ਕਰਦਿਆਂ ਆਖਿਆ ਕਿ ਸਿੱਧੂ ਇਨ੍ਹਾਂ ਵੀ ਨਾਸਮਝ ਨਹੀਂ ਹੈ ਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਮੰਤਰੀ ਦਾ ਅਹੁਦਾ ਪਾਰਟੀ ਦਾ ਅਹੁਦਾ ਨਹੀਂ ਹੁੰਦਾ ਅਤੇ ਉਸ ਦਾ ਅਸਤੀਫ਼ਾ ਕਾਂਗਰਸ ਦਾ ਮੁਖੀ ਪ੍ਰਵਾਨ ਨਹੀਂ ਕਰ ਸਕਦਾ। ਸਿੱਧੂ ਵੱਲੋਂ ਆਪਣਾ ਕਥਿਤ ਅਸਤੀਫ਼ਾ ਲੰਘੀ 10 ਜੂਨ ਨੂੰ ਕਾਂਗਰਸ ਪ੍ਰਧਾਨ ਨੂੰ ਭੇਜਣ ਬਾਰੇ ਕੀਤੇ ਟਵੀਟ ਦਾ ਜ਼ਿਕਰ ਕਰਦਿਆਂ ਮੰਤਰੀਆਂ ਨੇ ਆਖਿਆ ਕਿ ਸਿੱਧੂ ਨੇ ਇਸ ਦਾ ਐਲਾਨ ਟਵਿੱਟਰ ‘ਤੇ ਕਰਨ ਲਈ 34 ਦਿਨ ਦਾ ਸਮਾਂ ਕਿਉਂ ਲਿਆ? ਉਨ੍ਹਾਂ ਇਹ ਵੀ ਕਿਹਾ ਕਿ ਨਿਯੁਕਤੀਆਂ ਜਾਂ ਅਸਤੀਫ਼ਿਆਂ ਲਈ ਟਵਿਟਰ ਕਦੋਂ ਤੋਂ ਮੰਚ ਬਣ ਗਿਆ।
Navjot Sidhu with Rahul Gandhi
ਮੰਤਰੀਆਂ ਨੇ ਕਿਹਾ ਕਿ ਸਿੱਧੂ ਨੇ ਮੁੱਖ ਮੰਤਰੀ ਵੱਲੋਂ ਦਿੱਤੇ ਨਵੇਂ ਮਹਿਕਮੇ ਦਾ ਕੰਮ ਨਾ ਸੰਭਾਲ ਕੇ ਲਗਪਗ 40 ਦਿਨ ਬਿਜਲੀ ਵਿਭਾਗ ਦੇ ਕੰਮਕਾਜ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ। ਉਸ ਨੇ ਇਸ ਗੱਲ ਵੀ ਰੱਤੀ ਭਰ ਪ੍ਰਵਾਹ ਨਾ ਕੀਤੀ ਕਿ ਬਿਜਲੀ ਸੈਕਟਰ ਲਈ ਝੋਨੇ ਦੀ ਲਵਾਈ ਦਾ ਸਮਾਂ ਕਿੰਨ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਨਵਜੋਤ ਸਿੱਧੂ ਆਪਣੇ ਇਸ ਕਾਰਜ ਨਾਲ ਪੈਂਦੇ ਮਾਰੂ ਪ੍ਰਭਾਵ ਦੀ ਪ੍ਰਵਾਹ ਨਹੀਂ ਕਰਦਾ। ਮੰਤਰੀਆਂ ਨੇ ਸਿੱਧੂ ਨੂੰ ਸਲਾਹ ਦਿੱਤੀ ਕਿ ਉਹ ਕੋਈ ਵੀ ਅਗਲੇਰਾ ਕਦਮ ਚੁੱਕਣ ਤੋਂ ਪਹਿਲਾਂ ਉਸ ਦੇ ਦੂਰਗਾਮੀ ਸਿੱਟਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਿੱਜ ਲਈ ਨਹੀਂ ਸਗੋਂ ਸੂਬੇ ਅਤੇ ਇੱਥੋਂ ਦੇ ਲੋਕਾਂ ਦੇ ਨਾਲ-ਨਾਲ ਪਾਰਟੀ ਨੂੰ ਧਿਆਨ ਵਿਚ ਰੱਖਣ ਜਿਸ ਨੇ ਉਸ ਨੂੰ ਇਨ੍ਹਾਂ ਕੁਝ ਦਿੱਤਾ।