
ਕਿਹਾ - 20 ਲੱਖ ਮੀਟਰਕ ਟਨ ਸਮਰੱਥਾ ਦੇ ਢਕੇ ਹੋਏ ਗੋਦਾਮਾਂ ਦੇ ਨਿਰਮਾਣ ਦੀ ਆਗਿਆ ਦਿਤੀ ਜਾਵੇ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਾਜ ਦੇ ਭੰਡਾਰਨ ਵਾਸਤੇ ਢਕੀ ਹੋਈ ਥਾਂ ਦੀ ਭਾਰੀ ਘਾਟ ਨਾਲ ਨਿਪਟਣ ਲਈ ਸੂਬੇ ਵਿਚ ਵਿਗਿਆਨਿਕ ਲੀਹਾਂ 'ਤੇ ਅਨਾਜ ਦੇ ਭੰਡਾਰਨ ਲਈ 20 ਲੱਖ ਮੀਟਰਕ ਟਨ ਦੀ ਸਮਰੱਥਾ ਦੇ ਢਕੇ ਗੁਦਾਮਾਂ ਦੇ ਨਿਰਮਾਣ ਦੀ ਆਗਿਆ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜ਼ਰੂਰੀ ਦਖ਼ਲ ਦੀ ਮੰਗ ਕੀਤੀ ਹੈ।
Foodgrains
ਪ੍ਰਧਾਨ ਮੰਤਰੀ ਨੂੰ ਲਿਖੀ ਗਈ ਇਕ ਚਿੱਠੀ ਵਿਚ ਕੈਪਟਨ ਨੇ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਸਰਕਾਰ/ਐਫ਼.ਸੀ.ਆਈ ਦੀ 7 ਸਾਲਾਂ ਗਰੰਟੀ ਹੇਠ 20 ਲੱਖ ਮੀਟਰਕ ਟਨ ਸਮਰੱਥਾ ਦੇ ਢਕੇ ਹੋਏ ਗੋਦਾਮਾਂ ਦੇ ਨਿਰਮਾਣ ਦੀ ਆਗਿਆ ਦੇਣ ਵਾਸਤੇ ਭਾਰਤ ਸਰਕਾਰ ਦੇ ਖੁਰਾਕ ਮੰਤਰਾਲੇ ਨੂੰ ਨਿਰਦੇਸ਼ ਦੇਣ। ਮੁੱਖ ਮੰਤਰੀ ਨੇ ਆਪਣੇ ਪੱਤਰ 'ਚ ਕਿਹਾ ਹੈ ਕਿ ਪਿਛਲੇ ਕੁਝ ਸੀਜਨਾਂ ਦੌਰਾਨ ਅਥਾਹ ਫਸਲ ਹੋਣ ਕਾਰਨ ਪੰਜਾਬ ਤੋਂ ਅਨਾਜ ਉਠਾਉਣ ਦੀ ਗਤੀ ਬਹੁਤ ਧੀਮੀ ਰਹੀ ਹੈ। ਇਸ ਕਾਰਨ ਢਕੇ ਹੋਏ ਸਟੋਰੇਜ਼ ਦੀ ਥਾਂ ਦੀ ਬਹੁਤ ਜ਼ਿਆਦਾ ਕਮੀ ਪੈਦਾ ਹੋ ਗਈ ਹੈ।
Captain Amarinder Singh
ਇਸ ਦੇ ਨਤੀਜੇ ਵਜੋਂ ਸੂਬੇ ਵਿਚੋਂ 280 ਲੱਖ ਮੀਟਰਕ ਟਨ ਵਿਚੋਂ 100 ਲੱਖ ਮੀਟਰਕ ਟਨ ਤੋਂ ਵੱਧ ਕਣਕ ਇਸ ਵੇਲੇ ਖੁਲ੍ਹੇ ਵਿਚ ਸਟੋਰ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਗ਼ੈਰ-ਮੌਸਮੀ ਮੀਂਹ ਕਾਰਨ ਇਸ ਸਾਲ ਸਥਿਤੀ ਬਹੁਤ ਗੰਭੀਰ ਬਣੀ ਰਹੀ ਜਿਸ ਦੇ ਨਤੀਜੇ ਵਜੋਂ ਢਿੱਲ ਦਿੱਤੀਆਂ ਸਪੈਸੀਫ਼ਿਕੇਸ਼ਨਾਂ (ਯੂ.ਆਰ.ਐਸ) ਦੇ ਆਧਾਰ ’ਤੇ ਕਣਕ ਦੀ ਵਿਸ਼ੇਸ਼ ਮਾਤਰਾ ਦੀ ਖਰੀਦ ਕੀਤੀ ਗਈ। ਹਾਲਾਂਕਿ ਐਫ਼.ਸੀ.ਆਈ ਨੇ ਸੂਬੇ ਵਿਚ ਰੇਲਵੇ ਪਟੜੀ ਦੁਵਾਲੇ 21 ਲੱਖ ਮੀਟਰਕ ਟਨ ਦੀ ਸਮਰੱਥਾਂ ਦੇ ਵਾਧੂ ਸਾਇਲੋ ਦੇ ਨਿਰਮਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
Foodgrains
ਇਨ੍ਹਾਂ ਦੇ ਨਿਰਮਾਣ ਦੇ ਵਾਸਤੇ 4-5 ਸਾਲ ਜਾਂ ਇਸ ਤੋਂ ਵੱਧ ਦਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਸਟੋਰੇਜ਼ ਦੀ ਢੁਕਵੀਂ ਥਾਂ ਦੀ ਕਮੀ ਦੇ ਨਤੀਜੇ ਵਜੋਂ ਸੂਬੇ ਦੀਆਂ ਖ਼ਰੀਦ ਏਜੰਸੀਆਂ ਨੂੰ ਆਉਂਦੇ ਸੀਜ਼ਨ ਦੌਰਾਨ ਅਢੁਕਵੀਆਂ ਥਾਵਾਂ ’ਤੇ ਕਣਕ ਦੀ ਸਟੋਰਜ ਕਰਨੀ ਪਵੇਗੀ। ਇਸ ਦੇ ਨਾਲ ਕਣਕ ਦੇ ਸਟਾਕ ਨੂੰ ਨੁਕਸਾਨ ਹੋਵੇਗਾ। ਉਨਾਂ ਨੇ ਇਸ ਨੁਕਸਾਨ ਨੂੰ ਰਾਸ਼ਟਰੀ ਨੁਕਸਾਨ ਦੱਸਿਆ।
Foodgrains
ਕੈਪਟਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਦੇ ਖੁਰਾਕ ਮੰਤਰਾਲੇ ਨੂੰ ਭਾਰਤ ਸਰਕਾਰ/ਐਫ.ਸੀ.ਆਈ ਦੀ ਗਰੰਟੀ ਹੇਠ ਢਕੇ ਹੋਏ ਗੋਦਾਮਾਂ ਦੇ ਨਿਰਮਾਣ ਦੀ ਆਗਿਆ ਦੇਣ ਵਾਸਤੇ ਬੇਨਤੀ ਕੀਤੀ ਹੈ ਪਰ ਮੰਤਰਾਲੇ ਕੋਲੋਂ ਰਸਮੀ ਪ੍ਰਵਾਨਗੀ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਗਿਆਨਕ ਲੀਹਾਂ 'ਤੇ ਗੋਦਾਮ ਦੇ ਨਿਰਮਾਣ ਲਈ ਆਮ ਤੌਰ 'ਤੇ ਤਕਰੀਬਨ 10 ਮਹੀਨੇ ਲਗਦੇ ਹਨ ਅਤੇ ਅਗਲੇ ਹਾੜੀ 2020-21 ਦਾ ਸੀਜ਼ਨ ਸ਼ੁਰੂ ਹੋਣ ਲਈ ਹੁਣ ਸਿਰਫ਼ 10 ਮਹੀਨੇ ਹੀ ਬਚੇ ਹਨ।