ਸਰਕਾਰ ਦਾ ਦਿਲ ਸਾਫ਼ ਨਹੀਂ ਲਗਦਾ : ਅਧੀਰ ਰੰਜਨ ਚੌਧਰੀ
ਨਵੀਂ ਦਿੱਲੀ: ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਬੁਧਵਾਰ ਨੂੰ ਦੋਸ਼ ਲਾਇਆ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਵਾਲੇ ਦਿਨ ਸੰਸਦ ਮੈਂਬਰਾਂ ਨੂੰ ਦਿਤੀ ਗਈ ਸੰਵਿਧਾਨ ਦੀ ਕਾਪੀ ’ਚ ਪ੍ਰਸਤਾਵਨਾ ’ਚੋਂ ‘ਧਰਮਨਿਰਪੱਖ’ ਅਤੇ ‘ਸਮਾਜਵਾਦੀ’ ਸ਼ਬਦ ਗ਼ਾਇਬ ਸਨ।
ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਕਾਪੀ ’ਚ ਸੰਵਿਧਾਨ ਦੀ ਪ੍ਰਸਤਾਵਨਾ ਦਾ ਮੂਲ ਸੰਸਕਰਨ ਸੀ ਅਤੇ ਇਹ ਸ਼ਬਦ ਬਾਅਦ ’ਚ ਸੰਵਿਧਾਨ ਸੋਧਾਂ ਮਗਰੋਂ ਇਸ ’ਚ ਜੋੜੇ ਗਏ ਸਨ। ਉਨ੍ਹਾਂ ਕਿਹਾ, ‘‘ਇਹ ਮੂਲ ਪ੍ਰਸਤਾਵਨਾ ਅਨੁਸਾਰ ਹੈ। ਸੋਧਾਂ ਬਾਅਦ ’ਚ ਕੀਤੀਆਂ ਗਈਆਂ।’’
ਮਾਮਲੇ ਨੂੰ ਗੰਭੀਰ ਕਰਾਰ ਦਿੰਦਿਆਂ ਚੌਧਰੀ ਨੇ ਕਿਹਾ ਕਿ ਸ਼ਬਦਾਂ ਨੂੰ ਬੜੀ ਹੀ ਚਲਾਕੀ ਨਾਲ ਹਟਾ ਦਿਤਾ ਗਿਆ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਨੀਤ ’ਤੇ ਸ਼ੱਕ ਪ੍ਰਗਟ ਕੀਤਾ।
ਚੌਧਰੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਸੰਵਿਧਾਨ ਦੀ ਪ੍ਰਸਤਾਵਨਾ ਦੀ ਜੋ ਕਾਪੀ ਅਸੀਂ ਨਵੇਂ ਭਵਨ ’ਚ ਲੈ ਕੇ ਗਏ, ਉਸ ’ਚ ਧਰਮਨਿਰਪੱਖ ਅਤੇ ਸਮਾਜਵਾਦੀ ਸ਼ਬਦ ਸ਼ਾਮਲ ਨਹੀਂ ਹਨ। ਉਨ੍ਹਾਂ ਨੂੰ ਚਲਾਕੀ ਨਾਲ ਹਟਾ ਦਿਤਾ ਗਿਆ ਹੈ। ਇਹ ਇਕ ਗੰਭੀਰ ਮਾਮਲਾ ਹੈ ਅਤੇ ਅਸੀਂ ਇਸ ਮੁੱਦੇ ਨੂੰ ਚੁੱਕਾਂਗੇ।’’
ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪਤਾ ਹੈ ਕਿ ਇਹ ਸ਼ਬਦ ਬਾਅਦ ’ਚ 1976 ’ਚ ਸੰਵਿਧਾਨ ’ਚ ਜੋੜੇ ਗਏ ਸਨ। ਉਨ੍ਹਾਂ ਕਿਹਾ, ‘‘ਮੇਰੇ ਲਈ ਇਹ ਗੰਭੀਰ ਮੁੱਦਾ ਹੈ। ਮੈਨੂੰ ਉਨ੍ਹਾਂ ਦੀ ਨੀਤ ’ਤੇ ਸ਼ੱਕ ਹੈ, ਕਿਉਂਕਿ ਇਸ ’ਤੇ ਉਨ੍ਹਾਂ ਦਾ ਦਿਲ ਸਾਫ਼ ਨਹੀਂ ਲਗਦਾ।’’
ਲੋਕ ਸਭਾ ’ਚ ਸਦਨ ਦੇ ਕਾਂਗਰਸ ਆਗੂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਅੱਜ ਸੰਵਿਧਾਨ ਦੀ ਕਾਪੀ ਦਿੰਦਾ ਹੈ, ਤਾਂ ਉਹ ਅੱਜ ਦਾ ਸੰਸਕਰਣ ਹੋਣਾ ਚਾਹੀਦਾ ਹੈ। ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਐਮ.) ਦੇ ਆਗੂ ਵਿਨੈ ਵਿਸ਼ਮ ਨੇ ਸ਼ਬਦਾਂ ਨੂੰ ਕਥਿਤ ਤੌਰ ’ਤੇ ਹਟਾਉਣ ਨੂੰ ‘ਅਪਰਾਧ’ ਕਰਾਰ ਦਿਤਾ।