
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਵਾਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਜਵਾਬ ਦਿੱਤਾ ਹੈ।
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਵਾਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਜਵਾਬ ਦਿੱਤਾ ਹੈ। ਸਾਬਕਾ ਸੀਐਮ ਚੰਨੀ ਨੇ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਸੀ, ਅਖੀਰ ਵਿਚ ਮੈਨੂੰ ਸੀਐਮ ਚਿਹਰਾ ਐਲਾਨਿਆ ਗਿਆ। ਇਸ ਲਿਹਾਜ਼ ਨਾਲ ਹਾਰ ਦੀ ਜ਼ਿੰਮੇਵਾਰੀ ਵੀ ਮੇਰੀ ਹੈ। ਜੇ ਸਿੱਧੂ ਸਾਬ੍ਹ ਕਹਿ ਰਹੇ ਨੇ ਕਿ ਮੈਂ ਜ਼ਿੰਮੇਵਾਰ ਹਾਂ ਤਾਂ ਮੈਂ ਹੀ ਜ਼ਿਮੇਵਾਰ ਹਾਂ ਪਰ ਪ੍ਰਧਾਨ ਦੀ ਜ਼ਿੰਮੇਵਾਰੀ ਕੀ ਹੈ? ਮੈਂ ਇਸ 'ਤੇ ਨਹੀਂ ਬੋਲਾਂਗਾ।
ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਉਹਨਾਂ ਦੀ ਲਗਨ, ਜੋਸ਼ ਅਤੇ ਅਨੁਸ਼ਾਸਨ ਪੰਜਾਬ ਕਾਂਗਰਸ ਨੂੰ ਮੁੜ ਤੋਂ ਮਜ਼ਬੂਤ ਕਰੇਗਾ। ਮੈਂ ਪਾਰਟੀ ਲਈ ਹਮੇਸ਼ਾ ਮੌਜੂਦ ਰਹਾਂਗਾ।
ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਬਾਰੇ ਬਿਆਨ ਦਿੰਦਿਆਂ ਚੰਨੀ ਨੇ ਕਿਹਾ ਕਿ ਹਾਲਾਂਕਿ ਉਹਨਾਂ ਨੇ ਮੇਰੇ ਬਾਰੇ ਬੋਲਿਆ ਸੀ ਪਰ ਇਹ ਟਿੱਪਣੀ ਸਿਰਫ਼ ਮੇਰੇ 'ਤੇ ਨਹੀਂ, ਸਗੋਂ ਪੂਰੇ ਦਲਿਤ ਸਮਾਜ 'ਤੇ ਕੀਤੀ ਗਈ। ਮੁਆਫ਼ ਕਰਨਾ ਜਾਂ ਨਾ ਕਰਨਾ ਲੋਕਾਂ ਦਾ ਕੰਮ ਹੈ, ਮੈਂ ਇਸ ਵਿਚ ਦਖਲ ਨਹੀਂ ਦੇਵਾਂਗਾ।
ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਗੱਲ ਕਰਦਿਆਂ ਚੰਨੀ ਨੇ ਕਿਹਾ ਕਿ ਲੋਕ ਬਦਲਾਅ ਚਾਹੁੰਦੇ ਸੀ ਅਤੇ ਉਹ ਬਦਲਾਅ ਲੈ ਕੇ ਆਏ।
ਇਸ ਦੌਰਾਨ ਉਹਨਾਂ ਨੇ 300 ਯੂਨਿਟ ਮੁਫ਼ਤ ਬਿਜਲੀ ਦੇ ਐਲ਼ਾਨ ਨੂੰ ਲੈ ਕੇ ‘ਆਪ’ ਸਰਕਾਰ ’ਤੇ ਸਵਾਲ ਚੁੱਕੇ। ਉਹਨਾਂ ਕਿਹਾ ਕਿ 200 ਯੂਨਿਟ ਮੁਫ਼ਤ ਬਿਜਲੀ ਤਾਂ ਪਹਿਲਾਂ ਹੀ ਮਿਲਦੀ ਸੀ, ਹੁਣ 100 ਯੂਨਿਟ ਮੁਫ਼ਤ ਕਰਕੇ ਕੀ ਬਹਾਦਰੀ ਕਰ ਦਿੱਤੀ। ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਠੱਗੀ ਹੋਈ ਹੈ, ਉਹ ਬਦਲਾਅ ਚਾਹੁੰਦੇ ਸਨ, ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ‘ਠੱਗੀ ਵਾਲਾ ਬਦਲਾਅ’ ਹੈ।
ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਹਰ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਪਰ ਚੋਣਾਂ ’ਚ ਹਾਰ ਤੋਂ ਬਾਅਦ ਉਹ ਅੱਜ ਤੱਕ ਨਹੀਂ ਬੋਲੇ ਪਰ ਅੱਜ ਉਹ ਡੰਕੇ ਦੀ ਚੋਟ ’ਤੇ ਬੋਲ ਰਹੇ ਹਨ ਕਿ ਪੰਜ ਸਾਲ ਦੇ ਮਾਫੀਆ ਰਾਜ ਕਰਕੇ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਸਿੱਧੂ ਨੇ ਕਿਹਾ ਕਿ ਮੈਂ ਇਸ ਮਾਫੀਆ ਖ਼ਿਲਾਫ਼ ਲੜਦਾ ਰਿਹਾ, ਇਹ ਮਾਫੀਆ ਪੰਜਾਬ ਨੂੰ ਘੁਣ ਵਾਂਗ ਖਾ ਗਿਆ ਅਤੇ ਇਸ ਵਿਚ ਮੁੱਖ ਮੰਤਰੀ ਵੀ ਸ਼ਾਮਲ ਸਨ।