
ਉਹਨਾਂ ਕਿਹਾ ਕਿ ਮੈਂ ਸ਼ਿਵ ਸੈਨਾ ਮੁਖੀ ਨਾਲ ਕੀਤਾ ਵਾਅਦਾ ਪੂਰਾ ਕਰਾਂਗਾ ਕਿ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ।
ਮੁੰਬਈ: ਮਹਾਰਾਸ਼ਟਰ ਦੇ ਸਿਆਸੀ ਸੰਕਟ ਨੂੰ ਲੈ ਕੇ ਮੁੱਖ ਮੰਤਰੀ ਊਧਵ ਠਾਕਰੇ ਨੇ ਚੁੱਪੀ ਤੋੜੀ ਹੈ। ਸੂਬੇ ਦੇ ਲੋਕਾਂ ਨੂੰ ਫੇਸਬੁੱਕ ਲਾਈਵ ਜ਼ਰੀਏ ਸੰਬੋਧਨ ਕਰਦਿਆਂ ਸੀਐਮ ਊਧਵ ਨੇ ਕਿਹਾ, "ਮੈਂ ਆਪਣੇ ਅਸਤੀਫ਼ੇ ਦੀ ਤਿਆਰੀ ਕਰ ਰਿਹਾ ਹਾਂ। ਸਾਹਮਣੇ ਆਓ ਅਤੇ ਮੈਨੂੰ ਦੱਸੋ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਅਹੁਦਾ ਛੱਡ ਦੇਵਾਂ। ਮੈਂ ਕੁਰਸੀ ਫੜ ਕੇ ਬੈਠਣ ਵਾਲਾ ਨਹੀਂ ਹਾਂ"।
ਉਹਨਾਂ ਕਿਹਾ, “ਜਦੋਂ ਸਰਕਾਰ ਬਣੀ ਸੀ ਉਦੋਂ ਪਵਾਰ ਸਾਬ੍ਹ (ਸ਼ਰਦ ਪਵਾਰ) ਨੇ ਮੈਨੂੰ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਰਕਾਰ ਚਲਾਓ। ਪਵਾਰ ਨੇ ਵੀ ਮੇਰੇ 'ਤੇ ਭਰੋਸਾ ਜਤਾਇਆ ਹੈ ਪਰ ਜੇਕਰ ਮੇਰੇ ਲੋਕ ਮੇਰੇ 'ਤੇ ਭਰੋਸਾ ਨਹੀਂ ਕਰ ਸਕਦੇ ਤਾਂ ਮੈਂ ਕੀ ਹਾਂ? ਬਿਹਤਰ ਸੀ ਕਿ ਉਹ ਮੇਰੇ ਕੋਲ ਆਉਂਦੇ ਅਤੇ ਮੇਰੇ ਨਾਲ ਗੱਲ ਕਰਦੇ ਅਤੇ ਦੱਸਦੇ ਕਿ ਤੁਹਾਨੂੰ ਮੁੱਖ ਮੰਤਰੀ ਨਹੀਂ ਰਹਿਣਾ ਚਾਹੀਦਾ। ਇਸ ਲਈ ਮੈਂ ਇਸ ਨੂੰ ਬਿਹਤਰ ਸਮਝਦਾ ਸੀ। ਜੇਕਰ ਇਕ ਵੀ ਵਿਧਾਇਕ ਇਹ ਕਹੇ ਕਿ ਊਧਵ ਠਾਕਰੇ ਨੂੰ ਮੁੱਖ ਮੰਤਰੀ ਨਹੀਂ ਬਣਾਉਣਾ ਚਾਹੀਦਾ ਤਾਂ ਮੈਂ ਅੱਜ ਅਸਤੀਫਾ ਦੇ ਦੇਵਾਂਗਾ। ਪਰ ਇਹ ਕਹਿਣਾ ਕਿ ਇਹ ਸਾਡੀ ਸ਼ਿਵ ਸੈਨਾ ਨਹੀਂ ਹੈ, ਇਹ ਗਲਤ ਹੈ”।
ਊਧਵ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਿਵ ਸੈਨਾ ਕਦੇ ਵੀ ਹਿੰਦੂਤਵ ਨਹੀਂ ਛੱਡੇਗੀ। ਉਹਨਾਂ ਕਿਹਾ ਕਿ ਹਿੰਦੂਤਵ ਸਾਡੀ ਪਛਾਣ ਹੈ। ਮੈਂ ਅਜਿਹਾ ਪਹਿਲਾ ਮੁੱਖ ਮੰਤਰੀ ਹਾਂ, ਇਸ ਲਈ ਮੈਂ ਹਿੰਦੂਤਵ 'ਤੇ ਗੱਲ ਕਰਦਾ ਹਾਂ। ਉਹਨਾਂ ਕਿਹਾ ਕਿ ਮਹਾਰਾਸ਼ਟਰ ਕੋਵਿਡ ਮਹਾਮਾਰੀ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਜਿਸ ਤਰ੍ਹਾਂ ਮੈਂ ਮੁੱਖ ਮੰਤਰੀ ਵਜੋਂ ਕੋਵਿਡ ਨੂੰ ਕੰਟਰੋਲ ਕਰਨ ਵਿਚ ਕਾਮਯਾਬ ਰਿਹਾ, ਇਹ ਤੁਹਾਡੇ ਸਹਿਯੋਗ ਨਾਲ ਸੰਭਵ ਹੋਇਆ।
ਉਹਨਾਂ ਕਿਹਾ, "ਮੇਰੇ 'ਤੇ ਲੋਕਾਂ/ਪਾਰਟੀ ਦੇ ਲੋਕਾਂ ਨੂੰ ਨਾ ਮਿਲਣ ਦਾ ਦੋਸ਼ ਲਗਾਇਆ ਗਿਆ ਸੀ। ਜਿੱਥੋਂ ਤੱਕ ਲੋਕਾਂ ਨੂੰ ਨਾ ਮਿਲਣ ਦਾ ਸਵਾਲ ਹੈ, ਇਸ ਦਾ ਕਾਰਨ ਇਹ ਸੀ ਕਿ ਮੈਂ ਸੀ ਕਿ ਮੈਂ ਬੀਮਾਰ ਸੀ। ਅਜਿਹਾ ਨਹੀਂ ਸੀ ਕਿ ਮੇਰੀ ਬਿਮਾਰ ਹੋਣ ਦੌਰਾਨ ਪ੍ਰਸ਼ਾਸਨਿਕ ਕੰਮ ਨਹੀਂ ਹੋ ਰਿਹਾ ਸੀ, ਇਹ ਚੱਲ ਰਿਹਾ ਸੀ”। ਊਧਵ ਨੇ ਕਿਹਾ, "ਲੋਕ ਕਹਿੰਦੇ ਹਨ ਕਿ ਇਹ ਬਾਲਾ ਸਾਹਿਬ ਦੀ ਸ਼ਿਵ ਸੈਨਾ ਨਹੀਂ ਹੈ, ਮੈਂ ਪੁੱਛਦਾ ਹਾਂ ਕਿ ਕੀ ਫਰਕ ਹੈ। ਇਹ ਅਜੇ ਵੀ ਉਹੀ ਸ਼ਿਵ ਸੈਨਾ ਹੈ।"
ShivSena Rebel Eknath Shinde and Uddhav Thackeray
ਊਧਵ ਨੇ ਕਿਹਾ, "ਸਾਲ 2014 'ਚ ਜਦੋਂ ਅਸੀਂ ਚੋਣਾਂ ਲੜੀਆਂ ਅਤੇ ਜਿੱਤਣ ਤੋਂ ਬਾਅਦ 68 ਵਿਧਾਇਕ ਆਏ ਤਾਂ ਇਹ ਬਾਲਾ ਸਾਹਿਬ ਦੀ ਸ਼ਿਵ ਸੈਨਾ ਸੀ। ਮੈਂ ਖੁਦ ਢਾਈ ਸਾਲ ਮੁੱਖ ਮੰਤਰੀ ਰਿਹਾ ਹਾਂ। ਹੁਣ ਸਵਾਲ ਇਹ ਹੈ ਕਿ ਸੂਬੇ 'ਚ ਕੀ ਹੋ ਰਿਹਾ ਹੈ। ਫਿਲਹਾਲ ਸ਼ਿਵ ਸੈਨਾ ਦੇ ਵਿਧਾਇਕ ਪਹਿਲਾਂ ਖੁਦ ਸੂਰਤ ਗਏ, ਫਿਰ ਉਥੋਂ ਗੁਵਾਹਟੀ, ਕੁਝ ਜਾ ਰਹੇ ਹਨ, ਕੁਝ ਆ ਰਹੇ ਹਨ। ਮੈਂ ਇਸ ਬਾਰੇ ਗੱਲ ਨਹੀਂ ਕਹਿਣਾ ਚਾਹੁੰਦਾ। ਵਿਧਾਨ ਪ੍ਰੀਸ਼ਦ ਚੋਣਾਂ ਤੋਂ ਪਹਿਲਾਂ ਵੀ ਸਾਨੂੰ ਆਪਣੇ ਵਿਧਾਇਕ ਆਪਣੇ ਨਾਲ ਰੱਖਣੇ ਪੈਣਗੇ। ਇਹ ਕਿਹੜਾ ਲੋਕਤੰਤਰ ਹੈ। ਸਾਨੂੰ ਆਪਣੇ ਹੀ ਲੋਕਾਂ ਦੇ ਮਗਰ ਤੁਰਨਾ ਪੈ ਰਿਹਾ ਹੈ। ਕੀ ਤੁਹਾਡੀ ਕੋਈ ਜਵਾਬਦੇਹੀ ਨਹੀਂ? ਉਹਨਾਂ ਕਿਹਾ ਕਿ ਮੈਂ ਸ਼ਿਵ ਸੈਨਾ ਮੁਖੀ ਨਾਲ ਕੀਤਾ ਵਾਅਦਾ ਪੂਰਾ ਕਰਾਂਗਾ ਕਿ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ।