
ਇਲਿਆਸ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦਾ ਮਕਸਦ ਭਾਜਪਾ ਦੇ ਗਠਜੋੜ ਭਾਈਵਾਲਾਂ ਨੂੰ ਸਪੱਸ਼ਟ ਸੰਦੇਸ਼ ਦੇਣਾ ਹੈ
ਨਵੀਂ ਦਿੱਲੀ : ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏ.ਆਈ.ਐਮ.ਪੀ.ਐਲ.ਬੀ.) ਨੇ ਵਕਫ (ਸੋਧ) ਬਿਲ, 2024 ਵਿਰੁਧ ਦੇਸ਼ ਪਧਰੀ ਅੰਦੋਲਨ ਦਾ ਐਲਾਨ ਕੀਤਾ ਹੈ, ਜਿਸ ’ਚ 26 ਅਤੇ 29 ਮਾਰਚ ਨੂੰ ਪਟਨਾ ਅਤੇ ਵਿਜੇਵਾੜਾ ’ਚ ਰਾਜ ਵਿਧਾਨ ਸਭਾਵਾਂ ਦੇ ਸਾਹਮਣੇ ਵੱਡੇ ਧਰਨੇ ਦੇਣ ਦੀ ਯੋਜਨਾ ਹੈ।
ਏ.ਆਈ.ਐਮ.ਪੀ.ਐਲ.ਬੀ. ਦੇ ਬੁਲਾਰੇ ਐਸ.ਕਿਊ.ਆਰ. ਇਲਿਆਸ ਨੇ ਮੁਸਲਿਮ ਸੰਗਠਨਾਂ, ਸਿਵਲ ਸੁਸਾਇਟੀ ਸਮੂਹਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਨੇਤਾਵਾਂ ਦਾ ਧੰਨਵਾਦ ਕਰਦਿਆਂ ਕਿਹਾ, ‘‘ਅੱਲ੍ਹਾ ਦੀ ਕਿਰਪਾ ਅਤੇ ਇਨ੍ਹਾਂ ਸਮੂਹਾਂ ਦੇ ਸਾਂਝੇ ਸਮਰਥਨ ਤੋਂ ਬਿਨਾਂ, ਦਿੱਲੀ ਪ੍ਰਦਰਸ਼ਨ ਦੀ ਸਫਲਤਾ ਸੰਭਵ ਨਹੀਂ ਸੀ।’’ ਬੋਰਡ ਨੇ ਬਿਲ ਨੂੰ ‘ਵਿਵਾਦਪੂਰਨ, ਪੱਖਪਾਤੀ ਅਤੇ ਨੁਕਸਾਨਦੇਹ’ ਦਸਿਆ ਹੈ ਅਤੇ ਹੈਦਰਾਬਾਦ, ਮੁੰਬਈ ਅਤੇ ਕੋਲਕਾਤਾ ’ਚ ਵੱਡੀਆਂ ਰੈਲੀਆਂ ਸਮੇਤ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ’ਚ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ।
ਇਲਿਆਸ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦਾ ਮਕਸਦ ਭਾਜਪਾ ਦੇ ਗਠਜੋੜ ਭਾਈਵਾਲਾਂ ਨੂੰ ਸਪੱਸ਼ਟ ਸੰਦੇਸ਼ ਦੇਣਾ ਹੈ ਕਿ ‘ਉਨ੍ਹਾਂ ਨੂੰ ਜਾਂ ਤਾਂ ਬਿਲ ਤੋਂ ਸਮਰਥਨ ਵਾਪਸ ਲੈਣਾ ਚਾਹੀਦਾ ਹੈ ਜਾਂ ਸਾਡਾ ਸਮਰਥਨ ਗੁਆਉਣ ਦਾ ਜੋਖਮ ਲੈਣਾ ਚਾਹੀਦਾ ਹੈ।’