ਇਹ ਇਕ ਅਜਿਹਾ ਬਜਟ ਹੈ ਜੋ ਕਿਸਾਨਾਂ ਅਤੇ ਨੌਜਵਾਨਾਂ ਨੂੰ ਤਰੱਕੀ ਦੇ ਰਾਹ ’ਤੇ ਲੈ ਜਾਵੇਗਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
‘‘ਇਹ ਅਜਿਹਾ ਬਜਟ ਹੈ ਜੋ ਤਾਕਤ ਦਿੰਦਾ ਹੈ। ਇਹ ਇਕ ਅਜਿਹਾ ਬਜਟ ਹੈ ਜੋ ਕਿਸਾਨਾਂ ਅਤੇ ਨੌਜਵਾਨਾਂ ਨੂੰ ਤਰੱਕੀ ਦੇ ਰਾਹ ’ਤੇ ਲੈ ਜਾਵੇਗਾ। ਪਿਛਲੇ 10 ਸਾਲਾਂ ਵਿੱਚ 25 ਕਰੋੜ ਲੋਕਗ਼ਗਰੀਬੀ ਤੋਂ ਬਾਹਰ ਆਏ ਹਨ। ਇਹ ਉਨ੍ਹਾਂ ਦੀ ਆਰਥਿਕ ਤਰੱਕੀ ਵਿੱਚ ਨਿਰੰਤਰਤਾ ਲਈ ਬਜਟ ਹੈ। ਇਹ ਅਜਿਹਾ ਬਜਟ ਹੈ ਜੋ ਨੌਜਵਾਨਾਂ ਨੂੰ ਅਣਗਿਣਤ ਮੌਕੇ ਪ੍ਰਦਾਨ ਕਰੇਗਾ। ਇਹ ਬਜਟ ਮੱਧ ਵਰਗ ਨੂੰ ਨਵੀਂ ਤਾਕਤ ਦੇਵੇਗਾ। ਇਹ ਕਬਾਇਲੀ ਸਮਾਜ, ਦਲਿਤਾਂ ਅਤੇ ਪਛੜੇ ਲੋਕਾਂ ਦੇ ਸਸ਼ਕਤੀਕਰਨ ਲਈ ਮਜ਼ਬੂਤ ਯੋਜਨਾਵਾਂ ਲੈ ਕੇ ਆਇਆ ਹੈ। ਇਹ ਬਜਟ ਔਰਤਾਂ ਦੀ ਆਰਥਿਕ ਭਾਗੀਦਾਰੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ।’’
-ਪ੍ਰਧਾਨ ਮੰਤਰੀ ਨਰਿੰਦਰ ਮੋਦੀ
‘‘ਬਜਟ ਨਾ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਅਧੀਨ ਭਾਰਤ ਦੇ ਉਦੇਸ਼, ਉਮੀਦ ਅਤੇ ਆਸ਼ਾਵਾਦ ਦੀ ਨਵੀਂ ਭਾਵਨਾ ਦੀ ਉਦਾਹਰਣ ਦਿੰਦਾ ਹੈ, ਬਲਕਿ ਉਨ੍ਹਾਂ ਨੂੰ ਮਜ਼ਬੂਤ ਵੀ ਕਰਦਾ ਹੈ।’’
-ਗ੍ਰਹਿ ਮੰਤਰੀ ਅਮਿਤ ਸ਼ਾਹ
‘‘ਕੇਂਦਰ ਸਰਕਾਰ ਦਾ ਧੰਨਵਾਦ ਜਿਸ ਨੇ ਐਲਾਨ ਕੀਤਾ ਕਿ ਉਹ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਅਮਰਾਵਤੀ ਅਤੇ ਆਂਧਰਾ ਪ੍ਰਦੇਸ਼ ਦੀ ਜੀਵਨ ਰੇਖਾ ਪੋਲਾਵਰਮ ਪ੍ਰਾਜੈਕਟ ਨੂੰ ਪੂਰਾ ਸਮਰਥਨ ਪ੍ਰਦਾਨ ਕਰੇਗੀ। ਅਸੀਂ ਰਾਜ ਦੇ ਲੋਕਾਂ ਵਲੋਂ ਐਨ.ਡੀ.ਏ. (ਕੌਮੀ ਲੋਕਤੰਤਰੀ ਗਠਜੋੜ) ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਬਜਟ ’ਚ 15,000 ਕਰੋੜ ਰੁਪਏ ਅਲਾਟ ਕਰ ਕੇ ਆਂਧਰਾ ਪ੍ਰਦੇਸ਼ ਦੇ ਮੁੜ ਨਿਰਮਾਣ ਦੀ ਵਚਨਬੱਧਤਾ ਦਿਤੀ ਹੈ। ਪੰਜ ਸਾਲਾਂ ਦੇ ਅੰਤਰਾਲ ਤੋਂ ਬਾਅਦ, ਬਜਟ ’ਚ ਆਂਧਰਾ ਪ੍ਰਦੇਸ਼ ਲਈ ‘ਵਿਸ਼ੇਸ਼ ਅਲਾਟਮੈਂਟ’ ਕੀਤੀ ਗਈ ਹੈ।’’
-ਆਂਧਰਾ ਪ੍ਰਦੇਸ਼ ਦੇ ਮੰਤਰੀ ਨਾਰਾ ਲੋਕੇਸ਼
‘‘ਇਹ ਕਈ ਤਰੀਕਿਆਂ ਨਾਲ ਵਿਲੱਖਣ ਹੈ ਅਤੇ ਇਸ ਨੇ ਸਰਬਪੱਖੀ ਅਤੇ ਸਮਾਵੇਸ਼ੀ ਵਿਕਾਸ ਲਈ ਐਨ.ਡੀ.ਏ. ਸਰਕਾਰ ਦੀਆਂ 9 ਪ੍ਰਮੁੱਖ ਤਰਜੀਹਾਂ ਨੂੰ ਸਪੱਸ਼ਟ ਰੂਪ ’ਚ ਦਰਸਾ ਕੇ ਭਾਰਤ ਦੇ ਵਿਕਾਸ ਦੇ ਰਾਹ ਨੂੰ ਸਫਲਤਾਪੂਰਵਕ ਅੱਗੇ ਵਧਾਇਆ ਹੈ।’’
-ਰੱਖਿਆ ਮੰਤਰੀ ਰਾਜਨਾਥ ਸਿੰਘ
‘‘ਮੋਦੀ ਸਰਕਾਰ ਦਾ ‘ਨਕਲਚੀ ਬਜਟ’ ਕਾਂਗਰਸ ਦੇ ਨਿਆਂ ਦੇ ਏਜੰਡੇ ਦੀ ਸਹੀ ਢੰਗ ਨਾਲ ਨਕਲ ਵੀ ਨਹੀਂ ਕਰ ਸਕਿਆ। ਮੋਦੀ ਸਰਕਾਰ ਦਾ ਬਜਟ ਅਪਣੇ ਗਠਜੋੜ ਭਾਈਵਾਲਾਂ ਨੂੰ ਧੋਖਾ ਦੇਣ ਲਈ ਅੱਧੀਆਂ-ਪੱਕੀਆਂ ਰੇਵਾੜੀਆਂ ਵੰਡ ਰਿਹਾ ਹੈ ਤਾਂ ਜੋ ਐਨ.ਡੀ.ਏ. ਸਰਕਾਰ ਬਚ ਸਕੇ। ਇਹ ਬਜਟ ਦੇਸ਼ ਦੀ ਤਰੱਕੀ ਦਾ ਨਹੀਂ ਹੈ, ਬਲਕਿ ਮੋਦੀ ਸਰਕਾਰ ਨੂੰ ਬਚਾਉਣ ਦਾ ਬਜਟ ਹੈ।’’
-ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ
‘‘ਸਹਿਯੋਗੀਆਂ ਨੂੰ ਖੁਸ਼ ਕਰਨ ਲਈ ਦੂਜੇ ਸੂਬਿਆਂ ਦੀ ਕੀਮਤ ’ਤੇ ਉਨ੍ਹਾਂ ਨਾਲ ਖੋਖਲੇ ਵਾਅਦੇ ਕੀਤੇ ਗਏ। ਦੋਸਤਾਂ ਨੂੰ ਖੁਸ਼ ਕੀਤਾ ਗਿਆ, ਏ.ਏ. ਨੂੰ ਲਾਭ ਦਿਤਾ ਗਿਆ ਪਰ ਆਮ ਭਾਰਤੀ ਨੂੰ ਕੋਈ ਰਾਹਤ ਨਹੀਂ ਦਿਤੀ ਗਈ।’’
-ਕਾਂਗਰਸ ਆਗੂ ਰਾਹੁਲ ਗਾਂਧੀ
‘‘ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਮਾਣਯੋਗ ਵਿੱਤ ਮੰਤਰੀ ਨੇ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਦਾ ਲੋਕ ਸਭਾ 2024 ਦਾ ਮੈਨੀਫੈਸਟੋ ਪੜ੍ਹਿਆ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਉਨ੍ਹਾਂ ਨੇ ਕਾਂਗਰਸ ਦੇ ਮੈਨੀਫੈਸਟੋ ਦੇ ਪੰਨਾ 30 ’ਤੇ ਜ਼ਿਕਰ ਕੀਤੇ ਰੁਜ਼ਗਾਰ ਲਿੰਕਡ ਪ੍ਰੋਤਸਾਹਨ (ਈ.ਐਲ.ਆਈ.) ਨੂੰ ਅਪਣਾਇਆ ਹੈ।’’
-ਕਾਂਗਰਸ ਆਗੂ ਪੀ. ਚਿਦੰਬਰਮ
‘‘ਇਸ ਕੇਂਦਰੀ ਬਜਟ ’ਚ ਬੰਗਾਲ ਨੂੰ ਪੂਰੀ ਤਰ੍ਹਾਂ ਵਾਂਝਾ ਰੱਖਿਆ ਗਿਆ ਹੈ। ਇਹ ਗਰੀਬਾਂ ਦੇ ਹਿੱਤਾਂ ਦਾ ਧਿਆਨ ਨਹੀਂ ਰੱਖਦਾ। ਇਹ ਬਜਟ ਸਿਆਸੀ ਤੌਰ ’ਤੇ ਪੱਖਪਾਤੀ ਹੈ। ਇਹ ਦਿਸ਼ਾਹੀਣ ਹੈ ਅਤੇ ਇਸ ਦਾ ਕੋਈ ਦ੍ਰਿਸ਼ਟੀਕੋਣ ਨਹੀਂ ਹੈ। ਇਹ ਸਿਰਫ ਸਿਆਸੀ ਮਿਸ਼ਨ ਨੂੰ ਪੂਰਾ ਕਰਨ ਲਈ ਹੈ।’’
-ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ
‘‘ਦਿੱਲੀ ਦੇਸ਼ ਦੇ ਵਿਕਾਸ ਦਾ ਇੰਜਣ ਹੈ। ਇਹ ਕੇਂਦਰ ਨੂੰ ਇਨਕਮ ਟੈਕਸ ਅਤੇ ਕੇਂਦਰੀ ਜੀ.ਐਸ.ਟੀ. ਵਜੋਂ 25,000 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕਰਦਾ ਹੈ। ਕੇਂਦਰ ਨੂੰ 2.32 ਲੱਖ ਕਰੋੜ ਰੁਪਏ ਦਾ ਟੈਕਸ ਅਦਾ ਕਰਨ ਦੇ ਬਾਵਜੂਦ ਦਿੱਲੀ ਸਿਰਫ 20,000 ਕਰੋੜ ਰੁਪਏ ਦੀ ਮੰਗ ਕਰ ਰਹੀ ਸੀ, ਜੋ ਕੇਂਦਰੀ ਬਜਟ ਦਾ ਸਿਰਫ 0.4 ਫੀ ਸਦੀ ਹੈ। ਪਰ ਕੇਂਦਰ ਨੇ ਟੈਕਸਾਂ ਦੇ ਅਪਣੇ ਹਿੱਸੇ ਵਜੋਂ ਜਾਂ ਐਮ.ਸੀ.ਡੀ. ਨੂੰ ਕੋਈ ਪੈਸਾ ਨਹੀਂ ਦਿਤਾ ਹੈ।’’
-ਦਿੱਲੀ ਸਰਕਾਰ ’ਚ ਮੰਤਰੀ ਆਤਿਸ਼ੀ
‘‘10 ਸਾਲਾਂ ਦੇ ਇਨਕਾਰ ਤੋਂ ਬਾਅਦ ਕੇਂਦਰ ਸਰਕਾਰ ਆਖਰਕਾਰ ਚੁੱਪਚਾਪ ਇਹ ਮੰਨਣ ਲਈ ਅੱਗੇ ਆਈ ਹੈ ਕਿ ਵੱਡੇ ਪੱਧਰ ’ਤੇ ਬੇਰੁਜ਼ਗਾਰੀ ਇਕ ਕੌਮੀ ਸੰਕਟ ਹੈ ਜਿਸ ’ਤੇ ਤੁਰਤ ਧਿਆਨ ਦੇਣ ਦੀ ਜ਼ਰੂਰਤ ਹੈ।’’
-ਕਾਂਗਰਸ ਆਗੂ ਜੈਰਾਮ ਰਮੇਸ਼
‘‘ਆਂਧਰਾ ਪ੍ਰਦੇਸ਼ ਅਤੇ ਬਿਹਾਰ ਲਈ ਕੇਂਦਰੀ ਬਜਟ ’ਚ ਕੀਤੇ ਗਏ ਐਲਾਨ ਸਰਕਾਰ ਬਚਾਉਣ ਦੀ ਕੋਸ਼ਿਸ਼ ਹਨ। ਸਰਕਾਰ ਨੇ ਕਿਸਾਨਾਂ ਅਤੇ ਨੌਜੁਆਨਾਂ ਦੇ ਨਾਲ-ਨਾਲ ਪੂਰੇ ਦੇਸ਼ ਦੀ ਅਣਦੇਖੀ ਕੀਤੀ ਹੈ। ਦੇਸ਼ ਦੇ ਨੌਜੁਆਨ ਅੱਧੇ ਦਿਲ ਨਾਲ ਨਹੀਂ ਬਲਕਿ ਪੱਕੇ ਰੋਜ਼ਗਾਰ ਚਾਹੁੰਦੇ ਹਨ। ਕੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਲਈ ਕੋਈ ਵੱਡੇ ਫੈਸਲੇ ਹਨ ਜੋ ਦੇਸ਼ ਨੂੰ ਪ੍ਰਧਾਨ ਮੰਤਰੀ ਦਿੰਦਾ ਹੈ?’’
-ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ
‘‘ਅੱਜ ਸੰਸਦ ’ਚ ਪੇਸ਼ ਕੀਤਾ ਗਿਆ ਕੇਂਦਰੀ ਬਜਟ ਦੇਸ਼ ਦੇ ਗਰੀਬਾਂ, ਬੇਰੁਜ਼ਗਾਰਾਂ, ਕਿਸਾਨਾਂ, ਔਰਤਾਂ, ਮਿਹਨਤਕਸ਼ਾਂ, ਸਾਧਨਹੀਣ ਅਤੇ ਅਣਗੌਲੇ ਬਹੁਜਨਾਂ ਨੂੰ ਪੁਰਾਣੇ ਪੈਟਰਨ ’ਤੇ ਗਰੀਬ, ਬੇਰੋਜ਼ਗਾਰ ਅਤੇ ਅਮੀਰ ਲੋਕਾਂ ਦੀ ਦੁਖੀ ਜ਼ਿੰਦਗੀ ਤੋਂ ਰਾਹਤ ਦੇਣ ਦੀ ਉਮੀਦ ਤੋਂ ਘੱਟ ਹੈ, ਪਰ ਉਨ੍ਹਾਂ ਨੂੰ ਨਿਰਾਸ਼ ਕਰਨ ਲਈ ਜ਼ਿਆਦਾ ਹੈ।’’
-ਬਸਪਾ ਮੁਖੀ ਮਾਇਆਵਤੀ
‘‘ਬਜਟ ’ਚ ਪਛਮੀ ਬੰਗਾਲ ਲਈ ਕੁੱਝ ਵੀ ਨਹੀਂ ਹੈ ਅਤੇ ਇਹ ਭਾਰਤ ਲਈ ਨਹੀਂ ਬਲਕਿ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਲਈ ਬਜਟ ਹੈ। ਇਹ ਕੁਰਸੀ ਬਚਾਉਣ ਦਾ ਬਜਟ ਹੈ। ਇਸ ਬਜਟ ਦਾ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਥਿਤੀ ਨੂੰ ਬਚਾਉਣਾ ਹੈ। ਇਹ ਬਜਟ ਐਨ.ਡੀ.ਏ. ਲਈ ਹੈ, ਭਾਰਤ ਲਈ ਨਹੀਂ।’’
-ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ
‘‘ਇਹ ਨਿਰਾਸ਼ਾਜਨਕ ਬਜਟ ਹੈ। ਇਹ ਬਜਟ ਰੁਜ਼ਗਾਰ ਲਈ ਆਦਿਵਾਸੀਆਂ ਦੇ ਪ੍ਰਵਾਸ ਨੂੰ ਰੋਕਣ ਅਤੇ ਕਬਾਇਲੀ ਔਰਤਾਂ ਦੀ ਤਸਕਰੀ ਨੂੰ ਰੋਕਣ ਲਈ ਕੁੱਝ ਨਹੀਂ ਕਰਦਾ। ਝਾਰਖੰਡ ਸਰਕਾਰ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।’’
-ਝਾਰਖੰਡ ਮੁਕਤੀ ਮੋਰਚਾ ਸੰਸਦ ਮੈਂਬਰ ਮਹੂਆ ਮਾਝੀ
‘‘ਬਜਟ ਨੂੰ ਪ੍ਰਧਾਨ ਮੰਤਰੀ ਸਰਕਾਰ ਬਚਾਓ ਯੋਜਨਾ ਕਿਹਾ ਜਾਣਾ ਚਾਹੀਦਾ ਹੈ। ਇਸ ’ਚ ਮਹਾਰਾਸ਼ਟਰ ਲਈ ਕੁੱਝ ਵੀ ਨਹੀਂ ਹੈ। ਇਹ ਰਾਜ ਕੇਂਦਰ ਨੂੰ ਪੈਸਾ ਦੇਣ ਲਈ ਦੁਧਾਰੂ ਗਾਂ ਰਹੇਗਾ ਪਰ ਰਾਜ ਦੇ ਵਿਕਾਸ ਲਈ ਪੈਸੇ ਨਹੀਂ ਦਿਤੇ ਜਾਣਗੇ।’’
-ਸ਼ਿਵ ਸੈਨਾ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ
‘‘ਬਜਟ ’ਚ ਮਹਾਰਾਸ਼ਟਰ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਰਾਜ ਦੇ ਲੋਕ ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਕਰਾਰਾ ਜਵਾਬ ਦੇਣਗੇ।’’
-ਐਨ.ਸੀ.ਪੀ. (ਸਪਾ) ਦੇ ਬੁਲਾਰੇ ਕਲਾਈਡ ਕ੍ਰੈਸਟੋ
‘‘ਇਹ ਬਜਟ ਕੇਂਦਰ ’ਚ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਗਠਜੋੜ ਨੂੰ ਜਿਉਂਦਾ ਰੱਖਣ ਦੇ ਉਦੇਸ਼ ਨਾਲ ਇਕ ਸਿਆਸੀ ਅਭਿਆਸ ਹੈ। ਇਹ ਬਜਟ ਕੇਰਲ ਦੀਆਂ ਜਾਇਜ਼ ਜ਼ਰੂਰਤਾਂ ਸਮੇਤ ਵੱਖ-ਵੱਖ ਸੂਬਿਆਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖੇ ਬਿਨਾਂ ਲੋਕ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਹਿਕਾਰੀ ਸੰਘਵਾਦ ਬਾਰੇ ਗੱਲ ਕਰਨ ਦੇ ਯੋਗ ਨਹੀਂ ਹੈ।’’
-ਕੇਰਲ ਦੇ ਵਿੱਤ ਮੰਤਰੀ ਕੇ.ਐਨ. ਬਾਲਗੋਪਾਲ