
ਅਖਿਲੇਸ਼ ਯਾਦਵ ਨੂੰ ‘ਹੋਣ ਵਾਲਾ ਪ੍ਰਧਾਨ ਮੰਤਰੀ’ ਐਲਾਨਣ ਵਾਲਾ ਪੋਸਟਰ
ਲਖਨਊ,: ਵਿਰੋਧੀ ਧਿਰ ਦੇ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦੀ ਮੁੱਖ ਪਾਰਟੀ ਕਾਂਗਰਸ ਨਾਲ ਫੁੱਟ ਤੋਂ ਬਾਅਦ ਸਮਾਜਵਾਦੀ ਪਾਰਟੀ (ਐੱਸ.ਪੀ.) ਦੇ ਦਫਤਰ ਦੇ ਬਾਹਰ ਲਗਿਆ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੂੰ ਦੇਸ਼ ਦਾ ‘ਹੋਣ ਵਾਲਾ ਪ੍ਰਧਾਨ ਮੰਤਰੀ' ਕਹਿਣ ਵਾਲਾ ਬੈਨਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸੋਮਵਾਰ ਨੂੰ ਇਥੇ ਐਸ.ਪੀ. ਦਫ਼ਤਰ ਬਾਹਰ ਇਕ ਬੈਨਰ ਲਗਾਇਆ ਗਿਆ ਜਿਸ ’ਚ ਲਿਖਿਆ ਗਿਆ ਹੈ, ‘ਦੇਸ਼ ਦੇ ਹੋਣ ਵਾਲੇ ਪ੍ਰਧਾਨ ਮੰਤਰੀ, ਸਤਿਕਾਰਯੋਗ ਅਖਿਲੇਸ਼ ਯਾਦਵ ਜੀ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ’। ਹਾਲਾਂਕਿ, ਅਖਿਲੇਸ਼ ਯਾਦਵ ਦੀ ਅਧਿਕਾਰਤ ਜਨਮ ਮਿਤੀ 1 ਜੁਲਾਈ ਹੈ।
ਬੈਨਰ ’ਤੇ ਅਖਿਲੇਸ਼ ਯਾਦਵ ਦੇ ਨਾਲ ਪਾਰਟੀ ਦੇ ਸੂਬਾ ਬੁਲਾਰੇ ਫਖਰੁਲ ਹਸਨ ‘ਚਾਂਦ’ ਦੀ ਤਸਵੀਰ ਵੀ ਹੈ। ਇਸ ਤੋਂ ਪਹਿਲਾਂ ਜੁਲਾਈ ’ਚ ਐੱਸ.ਪੀ. ਮੁਖੀ ਦੇ ਜਨਮਦਿਨ ’ਤੇ ਹਸਨ ਨੇ ਪਾਰਟੀ ਦਫਤਰ ਦੇ ਬਾਹਰ ਅਜਿਹਾ ਹੀ ਬੈਨਰ ਲਗਾਇਆ ਸੀ। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਐੱਸ.ਪੀ. ਅਤੇ ਕਾਂਗਰਸ ਵਿਚਾਲੇ ਹੋਏ ਝਗੜੇ ਤੋਂ ਬਾਅਦ ਐੱਸ.ਪੀ. ਦਫਤਰ ਦੇ ਬਾਹਰ ਲਗਾਇਆ ਗਿਆ ਇਹ ਬੈਨਰ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਇਸ ਬੈਨਰ ਬਾਰੇ ਪੁੱਛੇ ਜਾਣ ’ਤੇ ਐੱਸ.ਪੀ. ਦੇ ਰਾਸ਼ਟਰੀ ਸਕੱਤਰ ਅਤੇ ਬੁਲਾਰੇ ਰਾਜਿੰਦਰ ਚੌਧਰੀ ਨੇ ਕਿਹਾ, ‘‘ਇਹ ਵਰਕਰਾਂ ਦੀ ਭਾਵਨਾ ਹੈ। ਹੋਰ ਕੀ ਕਿਹਾ ਜਾ ਸਕਦਾ ਹੈ?’’ ਇਹ ਪੁੱਛੇ ਜਾਣ ’ਤੇ ਕਿ ਕੀ ਅਖਿਲੇਸ਼ ਯਾਦਵ ਅਗਲੀਆਂ ਲੋਕ ਸਭਾ ਚੋਣਾਂ ’ਚ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ, ਚੌਧਰੀ ਨੇ ਕਿਹਾ, ‘‘ਨਹੀਂ, ਪਾਰਟੀ ਨੇ ਅਜਿਹਾ ਕਦੇ ਨਹੀਂ ਕਿਹਾ।’’
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵਲੋਂ ਭਾਰਤ ਗਠਜੋੜ ਤਹਿਤ ਇਕ ਵੀ ਸੀਟ ਨਾ ਦਿਤੇ ਜਾਣ ਤੋਂ ਨਾਰਾਜ਼ ਐੱਸ.ਪੀ. ਪ੍ਰਧਾਨ ਅਖਿਲੇਸ਼ ਯਾਦਵ ਨੇ 19 ਅਕਤੂਬਰ ਨੂੰ ਬਹੁਤ ਸਖ਼ਤ ਰੁਖ਼ ਅਪਣਾਇਆ ਸੀ। ਉਨ੍ਹਾਂ ਨੇ ਕਾਂਗਰਸ ਨੇਤਾਵਾਂ ’ਤੇ ਭਾਜਪਾ ਨਾਲ ਗਠਜੋੜ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਬਾਅਦ ’ਚ ਕਾਂਗਰਸ ਲੀਡਰਸ਼ਿਪ ਨਾਲ ਗੱਲਬਾਤ ਕਰਨ ਤੋਂ ਬਾਅਦ ਯਾਦਵ ਨੇ ਅਪਣੇ ਵਰਕਰਾਂ ਨੂੰ ਕਾਂਗਰਸੀ ਨੇਤਾਵਾਂ ਬਾਰੇ ਕੋਈ ਵੀ ਅਣਉਚਿਤ ਬਿਆਨ ਨਾ ਦੇਣ ਦੀ ਹਦਾਇਤ ਕੀਤੀ ਸੀ।
ਸਪਾ ਪ੍ਰਧਾਨ ਨੂੰ ‘ਹੋਣ ਵਾਲਾ ਪ੍ਰਧਾਨ ਮੰਤਰੀ’ ਦਸਦਾ ਬੈਨਰ ਲਗਾਉਣ ਦੇ ਮਤਲਬ ਬਾਰੇ ਪੁੱਛੇ ਜਾਣ ’ਤੇ ਹਸਨ ਨੇ ਕਿਹਾ ਕਿ ਪਾਰਟੀ ਵਰਕਰਾਂ ਦੀ ਇੱਛਾ ਸੀ ਕਿ ਐੱਸ.ਪੀ. ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇਸ਼ ਦੇ ਪ੍ਰਧਾਨ ਮੰਤਰੀ ਬਣਨ। ਉਨ੍ਹਾਂ ਕਿਹਾ, ‘‘ਹੁਣ ਉਮੀਦ ਹੈ ਕਿ ਅਖਿਲੇਸ਼ ਯਾਦਵ ਉਸ ਸੁਪਨੇ ਨੂੰ ਪੂਰਾ ਕਰਨਗੇ।’’
ਉਨ੍ਹਾਂ ਕਿਹਾ ਕਿ ਦਿੱਲੀ ਦੇ ਤਖਤ ਦਾ ਰਸਤਾ ਉੱਤਰ ਪ੍ਰਦੇਸ਼ ਤੋਂ ਹੋ ਕੇ ਜਾਂਦਾ ਹੈ ਅਤੇ ਇਸ ਸੂਬੇ ਵਿਚ ਭਾਰਤੀ ਜਨਤਾ ਪਾਰਟੀ ਨੂੰ ਐੱਸ.ਪੀ. ਦੇ ਦਮ ’ਤੇ ਹੀ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ’ਚ ‘ਇੰਡੀਆ’ ਗਠਜੋੜ ’ਚ ਸ਼ਾਮਲ ਪਾਰਟੀਆਂ ਨੂੰ ਵੱਡਾ ਦਿਲ ਵਿਖਾਉਣਾ ਚਾਹੀਦਾ ਹੈ ਅਤੇ ਐੱਸ.ਪੀ. ਮੁਖੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਬਣਾਉਣਾ ਚਾਹੀਦਾ ਹੈ। ਭਾਜਪਾ ਦੇ ਸੂਬਾ ਬੁਲਾਰੇ ਅਵਨੀਸ਼ ਤਿਆਗੀ ਨੇ ਇਸ ਮੁੱਦੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ‘‘ਅਖਿਲੇਸ਼ ਯਾਦਵ ਨੂੰ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿਤਾ ਹੈ ਅਤੇ ਉਨ੍ਹਾਂ ਦੀ ਪਾਰਟੀ ਦਾ ਦੂਜੇ ਸੂਬਿਆਂ ’ਚ ਵੀ ਕੋਈ ਸਮਰਥਨ ਆਧਾਰ ਨਹੀਂ ਹੈ। ਸਪਾ ਦੇ ਸਹਿਯੋਗੀ ਵੀ ਇਸ ਤੋਂ ਲਗਾਤਾਰ ਮੂੰਹ ਮੋੜ ਰਹੇ ਹਨ। ਅਜਿਹੇ ਬੈਨਰ ਸਿਰਫ਼ ‘ਇੰਡੀਆ’ ਗਠਜੋੜ ’ਤੇ ਦਬਾਅ ਬਣਾਉਣ ਦੀ ਚਾਲ ਹਨ।’’
ਉਨ੍ਹਾਂ ਕਿਹਾ ਕਿ ਐੱਸ.ਪੀ. ਮੁਖੀ ਦੇ ਸਾਥੀ ਆਗੂ ‘ਮੁੰਗੇਰੀ ਲਾਲ ਕੇ ਹਸੀਨ ਸਪਨੇ’ ਵੇਖ ਰਹੇ ਹਨ, ਜੋ ਕਦੇ ਵੀ ਪੂਰੇ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਕਿਉਂਕਿ ਲੋਕਾਂ ਨੇ ਇਸ ਲਈ ਅਪਣਾ ਮਨ ਬਣਾ ਲਿਆ ਹੈ। ਵੈਸੇ ਐੱਸ.ਪੀ. ਦੇ ਅੰਦਰ ਹੀ ਅਖਿਲੇਸ਼ ਯਾਦਵ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਬਣਾਉਣ ਦੀ ਮੰਗ ਪਹਿਲਾਂ ਵੀ ਉੱਠ ਚੁਕੀ ਹੈ। ਇਸ ਸਾਲ ਅਪ੍ਰੈਲ ’ਚ ਲਖਨਊ—ਕੇਂਦਰੀ ਸੀਟ ਤੋਂ ਐੱਸ.ਪੀ. ਵਿਧਾਇਕ ਅਤੇ ਸਾਬਕਾ ਮੰਤਰੀ ਰਵਿਦਾਸ ਮੇਹਰੋਤਰਾ ਨੇ ਵੀ ਯਾਦਵ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਮੰਗ ਕੀਤੀ ਸੀ। (ਪੀਟੀਆਈ)