
ਅੱਜ ਸਵੇਰੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਕਾਫ਼ੀ ਦੇਰ ਤਕ ਚਲਦੀ ਰਹੀ ਪਰ ਕਿਸੇ ਸਿਰੇ ਨਾ ਲੱਗ ਸਕੀ।
ਅੱਜ ਸਵੇਰੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਕਾਫ਼ੀ ਦੇਰ ਤਕ ਚਲਦੀ ਰਹੀ ਪਰ ਕਿਸੇ ਸਿਰੇ ਨਾ ਲੱਗ ਸਕੀ। ਜਿਵੇਂ ਕਿ ਪਹਿਲਾਂ ਹੀ ਲਗਦਾ ਸੀ, ਨਿਢਾਲ ਹੋ ਚੁੱਕੇ ਕਾਂਗਰਸੀ, ਪਾਰਟੀ ਨੂੰ ਸਰਗਰਮ ਕਰਨ ਵਾਲਾ ਕੋਈ ਫ਼ੈਸਲਾ ਨਹੀਂ ਲੈ ਸਕਣਗੇ ਤੇ ਅਪਣੀ 'ਵਫ਼ਾਦਾਰੀ' ਦਾ ਯਕੀਨ ਦਿਵਾਉਣ ਵਾਲੇ ਫ਼ਿਕਰੇ ਦੁਹਰਾ ਕੇ, ਸਥਿਤੀ ਜਿਉਂ ਦੀ ਤਿਉਂ ਕਾਇਮ ਰੱਖਣ ਦਾ ਫ਼ੈਸਲਾ ਲੈ ਕੇ ਉਠ ਜਾਣਗੇ।
Sonia Gandhi with Rahul Gandhi
ਉਹੀ ਹੋਇਆ ਹੈ ਤੇ ਬੀਮਾਰ ਸੋਨੀਆ ਗਾਂਧੀ ਹੀ ਹਾਲ ਦੀ ਘੜੀ ਪ੍ਰਧਾਨ ਬਣੇ ਰਹਿਣਗੇ ਅਰਥਾਤ ਕੋਈ ਵੀ ਵੱਡੀ ਤਬਦੀਲੀ ਛੇਤੀ ਨਹੀਂ ਆ ਸਕੇਗੀ। ਕੁੱਝ ਕਾਂਗਰਸੀ ਆਗੂਆਂ ਵਲੋਂ ਮਿਲੀ ਇਕ ਚਿੱਠੀ ਉਤੇ ਵਿਚਾਰ ਕਰਨ ਲਈ ਇਹ ਬੈਠਕ ਬੁਲਾਈ ਗਈ ਸੀ। ਚਿੱਠੀ ਵਿਚ ਕੁੱਝ ਵੀ ਨਵਾਂ ਨਹੀਂ ਸੀ ਲਿਖਿਆ ਗਿਆ ਪਰ ਕੁੱਝ ਅਜਿਹੀਆਂ ਸਚਾਈਆਂ ਵਰਣਤ ਸਨ ਜਿਨ੍ਹਾਂ ਵਲ ਕਾਂਗਰਸ ਹਾਈ ਕਮਾਨ ਨੂੰ ਧਿਆਨ ਦੇ ਲੈਣਾ ਚਾਹੀਦਾ ਸੀ।
Rahul Gandhi
ਤੇ ਕਾਂਗਰਸ ਦੇ 'ਮਾਲਕਾਂ' ਨੇ ਇਸ ਸੱਚ ਨੂੰ ਵੇਖ ਕੇ ਵੀ ਅਣਡਿਠ ਕੀਤੀ ਰਖਿਆ। ਕਾਂਗਰਸ ਦੀ ਹੋਂਦ ਅੱਜ ਖ਼ਤਮ ਹੋਣ ਕਿਨਾਰੇ ਆ ਖੜੀ ਹੈ। ਇਕ ਚਿੱਠੀ ਲਿਖ ਕੇ 23 ਵੱਡੇ ਆਗੂਆਂ ਨੇ ਇਹ ਤਾਂ ਵਿਖਾ ਦਿਤਾ ਹੈ ਕਿ ਕਾਂਗਰਸ ਦੇ ਕੁੱਝ ਆਗੂਆਂ ਵਿਚ ਅਜੇ ਜ਼ਿੰਦਾ ਰਹਿਣ ਦੀ ਚਾਹਤ ਬਾਕੀ ਹੈ।
Indian National Congress
ਇਕ ਖੁਲ੍ਹੀ ਚਿੱਠੀ ਲਿਖਣ ਦਾ ਉਨ੍ਹਾਂ ਦਾ ਤਰੀਕਾ ਸਹੀ ਨਾ ਵੀ ਹੋਵੇ ਪਰ ਉਨ੍ਹਾਂ ਕੋਲ ਕੋਈ ਹੋਰ ਰਸਤਾ ਵੀ ਬਚਿਆ ਨਹੀਂ ਸੀ ਰਹਿ ਗਿਆ। ਰਾਸ਼ਟਰ ਪੱਧਰ ਤੇ ਕਾਂਗਰਸ ਲੀਡਰਸ਼ਿਪ ਵਿਰੁਧ ਅੱਜ ਜਿਸ ਹਿਲਜੁਲ ਜਾਂ ਨਿਰਾਸ਼ਾ ਦਾ ਪ੍ਰਗਟਾਵਾ ਹੋਇਆ ਹੈ, ਉਹ ਮੱਧ ਪ੍ਰਦੇਸ਼, ਰਾਜਸਥਾਨ ਤੇ ਪੰਜਾਬ ਵਿਚ ਵੀ ਵੇਖੀ ਜਾ ਚੁਕੀ ਹੈ।
Sonia Gandhi
ਕਾਂਗਰਸ ਦੇ ਆਗੂ ਅਪਣੇ ਗਿਲੇ ਸ਼ਿਕਵੇ ਲੈ ਕੇ ਬਾਹਰ ਇਸ ਕਰ ਕੇ ਆ ਰਹੇ ਹਨ ਕਿਉਂਕਿ ਕਾਂਗਰਸ ਬੰਦ ਦਰਵਾਜ਼ਿਆਂ ਅੰਦਰ ਕੰਮ ਕਰਨ ਵਾਲੀ ਪਾਰਟੀ ਬਣ ਗਈ ਹੈ ਤੇ ਨਿਰਾਸ਼ ਕਾਂਗਰਸੀਆਂ ਦੀ ਸੁਣਵਾਈ ਨਹੀਂ ਹੋ ਰਹੀ। ਕਾਂਗਰਸ ਹਾਈਕਮਾਂਡ ਜਾਂ ਕਾਂਗਰਸ ਦੇ ਮੁੱਖ ਮੰਤਰੀਆਂ ਕੋਲ ਪਹੁੰਚਣਾ ਸੌਖਾ ਨਹੀਂ ਰਿਹਾ ਜਿਸ ਕਾਰਨ ਹੁਣ ਕਾਂਗਰਸੀ, ਜਨਤਾ ਸਾਹਮਣੇ ਆ ਕੇ ਬੋਲਣ ਲੱਗ ਪਏ ਹਨ।
ਜੇ 23 ਕਾਂਗਰਸੀ ਵਡੇਰਿਆਂ ਦੀ ਕਾਰਵਾਈ ਨੂੰ ਬਗ਼ਾਵਤ ਮੰਨ ਲਿਆ ਜਾਵੇ ਤਾਂ ਇਹ ਯਾਦ ਰਖਣਾ ਚਾਹੀਦਾ ਹੈ ਕਿ ਇਹ 'ਬਗ਼ਾਵਤ' ਉਸ 'ਬਗ਼ਾਵਤ' ਦੇ ਮੁਕਾਬਲੇ ਬੜੀ ਨਰਮ ਅਤੇ ਭਲਮਣਸਾਊ ਬਗ਼ਾਵਤ ਸੀ ਜੋ ਖ਼ੁਦ ਰਾਹੁਲ ਗਾਂਧੀ ਨੇ ਡਾ. ਮਨਮੋਹਨ ਸਿੰਘ ਵਿਰੁਧ ਕੀਤੀ ਸੀ ਤੇ ਜਿਸ ਨਾਲ ਯੂ.ਪੀ.ਏ-2 ਦਾ ਖ਼ਾਤਮਾ ਸ਼ੁਰੂ ਹੋਇਆ ਸੀ।
Rahul Gandhi
ਚਿੱਠੀ ਵਿਚ ਆਗੂਆਂ ਵਲੋਂ ਇਕ ਬੜੀ ਮਹੱਤਵਪੂਰਣ ਗੱਲ ਆਖੀ ਗਈ ਕਿ ਸਾਨੂੰ ਇਕ ਅਜਿਹਾ ਲੀਡਰ ਚਾਹੀਦਾ ਹੈ ਜੋ ਪੂਰੇ ਸਮੇਂ ਦਾ ਪ੍ਰਧਾਨ ਹੋਵੇ ਤੇ ਹਰ ਸਮੇਂ ਸਰਗਰਮ ਰਹੇ। ਇਹ ਟਿਪਣੀ ਗਾਂਧੀ ਪ੍ਰਵਾਰ ਤੇ ਹੀ ਨਹੀਂ ਢੁਕਦੀ ਬਲਕਿ ਹਰ ਕਾਂਗਰਸੀ ਆਗੂ ਤੇ ਇਹ ਚਿੱਠੀ ਲਿਖਣ ਵਾਲਿਆਂ ਸਮੇਤ, ਹਰ ਕਾਂਗਰਸੀ ਲੀਡਰ ਉਤੇ ਢੁਕਦੀ ਹੈ।
Rahul Gandhi
ਅੱਜ ਨਾ ਰਾਹੁਲ ਗਾਂਧੀ ਪੂਰੀ ਤਰ੍ਹਾਂ ਸਰਗਰਮ ਹੈ, ਨਾ ਸੋਨੀਆ ਗਾਂਧੀ ਤੇ ਨਾ ਹੀ ਕਾਂਗਰਸੀ ਵਰਕਰ ਜ਼ਮੀਨ 'ਤੇ ਸਰਗਰਮ ਹਨ। ਇਸ ਪਾਰਟੀ ਵਿਚ ਸਿਰਫ਼ ਰਾਹੁਲ ਗਾਂਧੀ ਹੀ 'ਸ਼ਹਿਜ਼ਾਦਾ' ਨਹੀਂ ਬਲਕਿ ਪਾਰਟੀ ਦੀ ਪੂਰੀ ਲੀਡਰਸ਼ਿਪ ਹੀ ਆਰਾਮਪ੍ਰਸਤ ਸਿਆਸਤਦਾਨਾਂ ਦੀ ਹੈ ਜਿਨ੍ਹਾਂ ਨੂੰ ਹੁਣ ਸੜਕਾਂ 'ਤੇ ਉਤਰਨਾ ਹੀ ਭੁਲ ਗਿਆ ਹੈ ਤੇ ਉਹ ਕੇਵਲ ਅਖ਼ਬਾਰੀ ਬਿਆਨਾਂ ਸਿਰ ਹੀ ਖ਼ਬਰਾਂ ਵਿਚ ਰਹਿਣਾ ਪਸੰਦ ਕਰਦੇ ਹਨ।
Sonia Gnadhi And Rahul Gandhi
ਰਾਹੁਲ ਗਾਂਧੀ ਵੀ ਥੋੜ੍ਹੇ ਸਮੇਂ ਦੇ ਆਗੂ ਹਨ ਤੇ ਬਾਕੀ ਸਾਰੇ ਵੀ ਥੋੜ੍ਹਾ ਸਮਾਂ ਬਾਹਰ ਆ ਕੇ, ਫਿਰ ਅਲੋਪ ਹੋ ਜਾਂਦੇ ਹਨ ਜਾਂ ਘੁਰਨਿਆਂ ਵਿਚ ਜਾ ਲੁਕਦੇ ਹਨ।
ਸੋਨੀਆ ਗਾਂਧੀ ਨੂੰ ਵਾਰ-ਵਾਰ ਬੀਮਾਰ ਹੋਣ ਦੇ ਬਾਵਜੂਦ ਕਾਂਗਰਸ ਦੀ ਵਾਗਡੋਰ ਕਿਉਂ ਸੰਭਾਲਣੀ ਪੈ ਰਹੀ ਹੈ? ਕਿਉਂਕਿ ਕੋਈ ਵੀ ਹੋਰ ਜ਼ਿੰਮੇਵਾਰੀ ਲੈਣ ਵਾਸਤੇ ਤਿਆਰ ਨਹੀਂ। ਜਦ ਸੋਨੀਆ ਗਾਂਧੀ ਬੀਮਾਰ ਹੋ ਜਾਂਦੇ ਹਨ ਤਾਂ ਡਾ. ਮਨਮੋਹਨ ਸਿੰਘ ਦੇ ਪਿਛੇ ਲੱਗ ਜਾਂਦੇ ਹਨ।
Manmohan Singh
ਅੱਜ ਕਾਂਗਰਸ ਦੀ ਤਰਾਸਦੀ ਹੈ ਕਿ ਇਕ ਵੀ ਆਗੂ ਕਮਾਨ ਸੰਭਾਲਣ ਵਾਸਤੇ ਉਤਾਵਲਾ ਨਹੀਂ ਦਿਸਦਾ। ਸਾਰੇ ਚਾਹੁੰਦੇ ਹਨ ਕਿ ਕੋਈ ਸਰਗਰਮ ਲੀਡਰ ਉਪਰ ਆਵੇ ਪਰ ਆਪ ਸਰਗਰਮ ਹੋਣ ਦੀ ਕੋਈ ਕੋਸ਼ਿਸ਼ ਨਹੀਂ ਕਰਦੇ। ਕਾਂਗਰਸ ਵਾਰ-ਵਾਰ ਭਾਜਪਾ ਦਾ ਉਦਾਹਰਣ ਦੇਂਦੀ ਹੈ ਕਿ ਉਹ ਕਿਸ ਤਰ੍ਹਾਂ ਦੋ ਸੀਟਾਂ ਤੋਂ ਉਠ ਕੇ ਸੱਤਾ ਵਿਚ ਆ ਗਈ ਹੈ।
Congress
ਪਰ ਕਦੇ ਕਾਂਗਰਸ ਨੇ ਭਾਜਪਾ ਦੀਆਂ ਅਣਥੱਕ ਕੋਸ਼ਿਸ਼ਾਂ ਵਲ ਧਿਆਨ ਨਹੀਂ ਦਿਤਾ-ਉਹ ਕੋਸ਼ਿਸ਼ਾਂ ਜੋ ਹਰ ਵਰਕਰ, ਹਰ ਕਾਰਜਕਰਤਾ, ਹਰ ਛੋਟਾ-ਵੱਡਾ ਆਗੂ ਲਗਾਤਾਰ 10 ਸਾਲ ਤਕ ਕਰਦਾ ਰਿਹਾ। ਕਾਂਗਰਸੀ ਮਿਹਨਤ ਕਰਨ ਵਾਸਤੇ ਤਿਆਰ ਹੀ ਨਹੀਂ ਹਨ। ਉਹ ਸੋਚਦੇ ਹਨ ਕਿ ਦੇਸ਼ ਨੂੰ ਵੇਖ ਲੈਣ ਦਿਉ ਬੀਜੇਪੀ ਦਾ ਫ਼ੇਲ ਹੁੰਦਾ ਰਾਜ ਤੇ ਗ਼ਲਤ ਸਾਬਤ ਹੁੰਦਾ ਹਰ ਦਾਅਵਾ। ਜਦ ਲੋਕ ਇਨ੍ਹਾਂ ਤੋਂ ਅੱਕ ਥੱਕ ਜਾਣਗੇ, ਫਿਰ ਆਪੇ ਮੁੜ ਆਉਣਗੇ ਕਾਂਗਰਸ ਵਲ।
Sonia Gandhi
ਅਸਲ ਵਿਚ ਅੱਜ ਦੇ ਕਾਂਗਰਸੀਆਂ ਕੋਲ ਸਿਵਾਏ 'ਮੈਂ' ਦੇ ਕੋਈ ਸੋਚ ਹੀ ਨਹੀਂ ਰਹੀ। ਮੈਂ ਮੁੱਖ ਮੰਤਰੀ, ਮੰਤਰੀ, ਅਹੁਦੇਦਾਰ ਬਣਾਂਗਾ। ਮੈਂ ਰਾਜ ਸਭਾ ਵਿਚ ਜ਼ਰੂਰ ਬੈਠਾਂ ਭਾਵੇਂ ਮੈਂ ਲੋਕ ਸਭਾ ਚੋਣਾਂ ਦੋ ਵਾਰ ਹਾਰ ਚੁਕਿਆ ਹਾਂ। ਇਨ੍ਹਾਂ ਦੀ 'ਮੈਂ' ਵਿਚ ਹੀ ਕਾਂਗਰਸ ਮਰ ਰਹੀ ਹੈ।
Sonia gandhi rahul gandhi takes on pm narendra modi india
ਤਾਂ ਫਿਰ ਲੋਕ ਇਨ੍ਹਾਂ 'ਤੇ ਕਿਸ ਤਰ੍ਹਾਂ ਵਿਸ਼ਵਾਸ ਕਰਨਗੇ? ਸੋਨੀਆ ਗਾਂਧੀ ਅਜੇ ਤਾਂ ਟਿਕੇ ਰਹਿਣਗੇ ਪਰ ਕਾਂਗਰਸ ਨੂੰ ਸਰਗਰਮ ਲੀਡਰ ਅਖ਼ੀਰ ਲਭਣਾ ਹੀ ਪਵੇਗਾ। ਕਿਥੋਂ ਲੱਭਣਗੇ ਹਰ ਵੇਲੇ ਸਰਗਰਮ ਰਹਿਣ ਵਾਲਾ ਆਗੂ? ਸਾਰੇ ਹੀ ਤਾਂ ਅਪਣੀ ਸਰਗਰਮੀ ਤੇ ਹਰਕਤ ਗਵਾ ਚੁੱਕੇ ਹਨ। ਸਰਗਰਮ ਲੀਡਰ ਲੱਭਣ ਲਈ ਤਾਂ ਇਨ੍ਹਾਂ ਨੂੰ ਸ਼ਾਇਦ ਗਲੋਬਲ ਟੈਂਡਰ ਹੀ ਕਢਣਾ ਪਵੇ! -ਨਿਮਰਤ ਕੌਰ