
ਕਿਹਾ, 4 ਸਾਲ 'ਚ ਮੋਦੀ ਸਰਕਾਰ ਯੋਜਨਾਬੰਦੀ ਤੋਂ ਅੱਗੇ ਨਹੀਂ ਵਧੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਦੇ ਦਾਅਵੇ ਖੋਖਲੇ ਹਨ ਅਤੇ ਧਰਾਤਲ ਤੇ ਕੇਂਦਰ ਸਰਕਾਰ ਇਸ ਲਈ ਕੁੱਝ ਵੀ ਠੋਸ ਪਹਿਲਕਦਮੀ ਨਹੀਂ ਕਰ ਰਹੀ ਹੈ। ਸ੍ਰੀ ਜਾਖੜ ਨੇ ਇਥੇ ਜਾਰੀ ਬਿਆਨ ਵਿਚ ਦਸਿਆ ਕਿ ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਵਾਧੇ ਸਬੰਧੀ ਲੋਕ ਸਭਾ ਵਿਚ ਇਕ ਸਵਾਲ ਪੁਛਿਆ ਸੀ ਜਿਸ ਦੇ ਜਵਾਬ ਨੇ ਕੇਂਦਰ ਸਰਕਾਰ ਦੇ ਖੋਖਲੇ ਦਾਅਵਿਆਂ ਦਾ ਸੱਚ ਉਜਾਗਰ ਕਰ ਦਿਤਾ ਹੈ। ਸ੍ਰੀ ਜਾਖੜ ਨੇ ਦਸਿਆ ਕਿ ਉਨ੍ਹਾਂ ਵਲੋਂ ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲੇ ਤੋਂ ਪੁੱਛੇ ਸਵਾਲ ਦੇ ਜਵਾਬ ਵਿਚ ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਰਾਜ ਮੰਤਰੀ ਗਜੇਂਦਰ ਸਿੰਘ ਸੇਖਾਵਤ ਨੇ ਦਸਿਆ ਕਿ ਅਨਾਜ ਅਤੇ ਬਾਜਰੇ ਤੋਂ ਇਲਾਵਾ ਹੋਰ ਫ਼ਸਲਾਂ ਹੇਠ ਕੁੱਲ ਫ਼ਸਲਾਂ ਹੇਠ ਰਕਬੇ ਦਾ 49 ਫ਼ੀ ਸਦੀ ਖੇਤਰ ਹੈ।
Narendra Modi
ਇਸੇ ਤਰ੍ਹਾਂ ਮੰਤਰੀ ਨੇ ਦਸਿਆ ਕਿ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ 13 ਅਪ੍ਰੈਲ 2016 ਨੂੰ ਇਕ ਅੰਤਰ-ਮੰਤਰਾਲੀ ਕਮੇਟੀ ਦਾ ਗਠਨ ਕੀਤਾ ਸੀ ਤਾਂ ਜੋ ਇਹ ਕਮੇਟੀ ਇਸ ਸਬੰਧੀ ਸੁਝਾਅ ਦੇ ਸਕੇ। ਪਰ ਸਦਨ ਵਿਚ ਕੇਂਦਰ ਸਰਕਾਰ ਦੇ ਜਵਾਬ ਅਨੁਸਾਰ ਇਸ ਕਮੇਟੀ ਦੇ ਸੁਝਾਵਾਂ ਨੂੰ ਹਾਲੇ ਤਕ ਵਿਭਾਗ ਦੀ ਵੈੱਬਸਾਈਟ 'ਤੇ ਆਨਲਾਈਨ ਕਰ ਕੇ ਜਨਤਾ ਦੇ ਇਸ 'ਤੇ ਸੁਝਾਅ ਮੰਗੇ ਹਨ। ਸ੍ਰੀ ਜਾਖੜ ਨੇ ਕਿਹਾ ਕਿ ਅਸਲ ਵਿਚ ਮੋਦੀ ਸਰਕਾਰ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ ਅਤੇ 2022 ਤਕ ਕਿਸਾਨੀ ਆਮਦਨ ਦੁੱਗਣੀ ਕਰਨ ਦੇ ਝੂਠੇ ਵਾਅਦੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਿਛਲੇ ਚਾਰ ਸਾਲਾਂ ਵਿਚ ਹਾਲੇ ਤਕ ਗੱਲ ਯੋਜਨਾਬੰਦੀ ਤੋਂ ਅੱਗੇ ਨਹੀਂ ਵਧੀ ਹੈ ਤਾਂ ਫਿਰ ਹੁਣ ਰਹਿ ਗਏ ਇਕ ਸਾਲ ਵਿਚ ਮੋਦੀ ਸਰਕਾਰ ਕਿਹੜਾ ਚਮਤਕਾਰ ਕਰ ਵਿਖਾਏਗੀ ਇਹ ਗੱਲ ਦੇਸ਼ ਦੀ ਜਨਤਾ ਨੂੰ ਸਮਝ ਲੈਣੀ ਚਾਹੀਦੀ ਹੈ।