
ਸੀਤਾਰਾਮ ਯੇਚੁਰੀ ਦੀ ਮੌਤ ਦੇ ਮੱਦੇਨਜ਼ਰ ਕੀਤਾ ਗਿਆ ਫੈਸਲਾ, ਅਪ੍ਰੈਲ 2025 ਤਕ ਅੰਤਰਿਮ ਪ੍ਰਬੰਧ ਵਜੋਂ ਰਹਿਣਗੇ ਅਹੁਦੇ ’ਤੇ
ਨਵੀਂ ਦਿੱਲੀ : ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.-ਐੱਮ.) ਦੇ ਸੀਨੀਅਰ ਨੇਤਾ ਪ੍ਰਕਾਸ਼ ਕਰਾਤ ਅਗਲੇ ਸਾਲ ਅਪ੍ਰੈਲ ’ਚ ਹੋਣ ਵਾਲੀ ਪਾਰਟੀ ਦੀ 24ਵੀਂ ਕਨਵੈਨਸ਼ਨ ਤਕ ਅੰਤਰਿਮ ਪ੍ਰਬੰਧ ਦੇ ਤੌਰ ’ਤੇ ਪਾਰਟੀ ਦੀ ਪੋਲਿਟ ਬਿਊਰੋ ਅਤੇ ਕੇਂਦਰੀ ਕਮੇਟੀ ਦੇ ਕੋਆਰਡੀਨੇਟਰ ਹੋਣਗੇ। ਖੱਬੇ ਪੱਖੀ ਪਾਰਟੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
ਇਹ ਫੈਸਲਾ ਸੀ.ਪੀ.ਆਈ. (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੀ 12 ਸਤੰਬਰ ਨੂੰ 72 ਸਾਲ ਦੀ ਉਮਰ ’ਚ ਮੌਤ ਦੇ ਮੱਦੇਨਜ਼ਰ ਲਿਆ ਗਿਆ ਹੈ। ਸੀ.ਪੀ.ਆਈ. (ਐਮ) ਨੇ ਇਕ ਬਿਆਨ ’ਚ ਕਿਹਾ, ‘‘ਨਵੀਂ ਦਿੱਲੀ ’ਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਕੇਂਦਰੀ ਕਮੇਟੀ ਦੀ ਮੀਟਿੰਗ ’ਚ ਫੈਸਲਾ ਕੀਤਾ ਗਿਆ ਹੈ ਕਿ ਕਾਮਰੇਡ ਪ੍ਰਕਾਸ਼ ਕਰਤ ਅਪ੍ਰੈਲ 2025 ’ਚ ਮਦੁਰਈ ’ਚ ਹੋਣ ਵਾਲੀ 24ਵੀਂ ‘ਪਾਰਟੀ ਕਾਂਗਰਸ’ (ਸੰਮੇਲਨ) ਤਕ ਅੰਤਰਿਮ ਪ੍ਰਬੰਧ ਵਜੋਂ ਪੋਲਿਟ ਬਿਊਰੋ ਅਤੇ ਕੇਂਦਰੀ ਕਮੇਟੀ ਦੇ ਕੋਆਰਡੀਨੇਟਰ ਹੋਣਗੇ।’’
ਪਾਰਟੀ ਨੇ ਕਿਹਾ, ‘‘ਇਹ ਫੈਸਲਾ ਸੀ.ਪੀ.ਆਈ. (ਐਮ) ਦੇ ਮੌਜੂਦਾ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਯੇਚੁਰੀ ਦੇ ਦੁਖਦਾਈ ਅਤੇ ਅਚਾਨਕ ਦਿਹਾਂਤ ਦੇ ਮੱਦੇਨਜ਼ਰ ਲਿਆ ਗਿਆ ਹੈ।’’ ਸੀ.ਪੀ.ਆਈ. (ਐਮ) ਦੇ ਸੱਭ ਤੋਂ ਸੀਨੀਅਰ ਨੇਤਾਵਾਂ ’ਚੋਂ ਇਕ 76 ਸਾਲ ਦੇ ਕਰਾਤ ਨੇ 2005 ਤੋਂ 2015 ਤਕ ਪਾਰਟੀ ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਈ।
ਕਰਤ ਦਾ ਜਨਮ 7 ਫ਼ਰਵਰੀ, 1948 ਨੂੰ ਮੌਜੂਦਾ ਮਿਆਂਮਾਰ ਦੇ ਲੇਟਪਾਡਾਨ ’ਚ ਹੋਇਆ ਸੀ, ਜਿੱਥੇ ਉਨ੍ਹਾਂ ਦੇ ਪਿਤਾ ਸੀ.ਪੀ. ਨਾਇਰ ਬਰਮਾ ਰੇਲਵੇ ਅਤੇ ਬਾਅਦ ’ਚ ਬਰਮਾ ਤੇਲ ਪਾਈਪਲਾਈਨ ਪ੍ਰਾਜੈਕਟ ’ਤੇ ਕੰਮ ਕਰ ਰਹੇ ਸਨ। ਉਨ੍ਹਾਂ ਨੇ ਚੇਨਈ ਦੇ ਮਦਰਾਸ ਕ੍ਰਿਸ਼ਚੀਅਨ ਕਾਲਜ ਹਾਇਰ ਸੈਕੰਡਰੀ ਸਕੂਲ ’ਚ ਪੜ੍ਹਾਈ ਕੀਤੀ ਅਤੇ ਬਾਅਦ ’ਚ ਰਾਜਨੀਤੀ ’ਚ ਮਾਸਟਰ ਦੀ ਡਿਗਰੀ ਲਈ ਯੂ.ਕੇ. ਦੀ ਐਡਿਨਬਰਗ ਯੂਨੀਵਰਸਿਟੀ ਚਲੇ ਗਏ। ਉਹ ਯੂਨੀਵਰਸਿਟੀ ’ਚ ਵਿਦਿਆਰਥੀ ਰਾਜਨੀਤੀ ’ਚ ਸਰਗਰਮ ਹੋ ਗਿਆ।
ਬਾਅਦ ’ਚ ਉਹ ਭਾਰਤ ਵਾਪਸ ਆ ਗਏ ਅਤੇ 1970 ’ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ’ਚ ਦਾਖਲ ਹੋ ਗਿਆ। ਉਸ ਨੇ ਸੀ.ਪੀ.ਆਈ. (ਐਮ) ਨੇਤਾ ਏ.ਕੇ. ਗੋਪਾਲਨ ਦੇ ਸਹਿਯੋਗੀ ਵਜੋਂ ਵੀ ਕੰਮ ਕੀਤਾ। ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਦੇ ਸੰਸਥਾਪਕਾਂ ’ਚੋਂ ਇਕ ਕਰਾਤ ਨੂੰ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦਾ ਤੀਜਾ ਪ੍ਰਧਾਨ ਚੁਣਿਆ ਗਿਆ ਸੀ। ਉਹ 1974 ਅਤੇ 1979 ਦੇ ਵਿਚਕਾਰ ਐਸ.ਐਫ.ਆਈ. ਦੇ ਦੂਜੇ ਪ੍ਰਧਾਨ ਵੀ ਬਣੇ।
ਉਹ 1982 ਤੋਂ 1985 ਤਕ ਸੀ.ਪੀ.ਆਈ. (ਐਮ) ਦੀ ਦਿੱਲੀ ਸੂਬਾ ਕਮੇਟੀ ਦਾ ਸਕੱਤਰ ਰਹੇ, 1985 ’ਚ ਪਾਰਟੀ ਦੀ ਕੇਂਦਰੀ ਕਮੇਟੀ ਲਈ ਚੁਣਿਆ ਗਿਆ ਅਤੇ 1992 ’ਚ ਇਸ ਦੇ ਪੋਲਿਟ ਬਿਊਰੋ ਦੇ ਮੈਂਬਰ ਬਣੇ।
ਦਹਾਕਿਆਂ ਤੋਂ ਪਾਰਟੀ ਦੇ ਪ੍ਰਮੁੱਖ ਚਿਹਰਿਆਂ ਵਿਚੋਂ ਇਕ ਕਰਾਤ ਸੀ.ਪੀ.ਆਈ. (ਐਮ) ਦੀ ਅਗਵਾਈ ਕਰ ਰਹੇ ਸਨ ਜਦੋਂ ਪਾਰਟੀ ਨੇ 2008 ਵਿਚ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਦੇ ਸਾਲਾਂ ’ਚ ਸੰਸਦ ’ਚ ਖੱਬੇ ਪੱਖੀ ਪਾਰਟੀਆਂ ਦੇ ਮੈਂਬਰਾਂ ਦੀ ਗਿਣਤੀ ਘੱਟ ਗਈ।
ਸਾਲ 2004 ’ਚ ਲੋਕ ਸਭਾ ’ਚ ਸੀ.ਪੀ.ਆਈ. (ਐਮ) ਦੇ 43 ਸੰਸਦ ਮੈਂਬਰ ਸਨ, ਜੋ 2014 ’ਚ ਘੱਟ ਕੇ 9 ਰਹਿ ਗਏ। ਖੱਬੇ ਪੱਖੀ ਪਾਰਟੀ ਨੇ ਵਿਰੋਧੀ ਧਿਰ ‘ਇੰਡੀਆ’ ਗਠਜੋੜ ਦਾ ਹਿੱਸਾ ਹੋਣ ਦੇ ਨਾਤੇ ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ’ਚ ਚਾਰ ਸੀਟਾਂ ਜਿੱਤੀਆਂ ਸਨ।