
ਦਿੱਲੀ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਦਿੱਲੀ ਕੈਬਨਿਟ ਦੀ ਮੀਟਿੰਗ ਹੋਈ ਤੇ ਦਿੱਲੀ ਸਰਕਾਰ ਮੁੜ ਪਟੜੀ 'ਤੇ ਆਉਂਦੀ ਨਜ਼ਰ ਆਈ। ਮੀਟਿੰਗ ਵਿਚ ਸ਼ਾਮਲ....
ਨਵੀਂ ਦਿੱਲੀ, 27 ਫ਼ਰਵਰੀ (ਅਮਨਦੀਪ ਸਿੰਘ) : ਦਿੱਲੀ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਦਿੱਲੀ ਕੈਬਨਿਟ ਦੀ ਮੀਟਿੰਗ ਹੋਈ ਤੇ ਦਿੱਲੀ ਸਰਕਾਰ ਮੁੜ ਪਟੜੀ 'ਤੇ ਆਉਂਦੀ ਨਜ਼ਰ ਆਈ। ਮੀਟਿੰਗ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਮੁਖ ਸਕੱਤਰ ਨੇ ਚਿੱਠੀ ਲਿਖ ਕੇ, ਮੁਖ ਮੰਤਰੀ ਨੂੰ ਅਪਣੇ 'ਤੇ ਕਿਸੇ ਤਰ੍ਹਾਂ ਦਾ ਹਮਲਾ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਕਿਹਾ ਸੀ ਤੇ ਹੋਰਨਾਂ ਅਫ਼ਸਰਾਂ ਦੇ ਮਾਣ ਸਨਮਾਨ ਨੂੰ ਕਾਇਮ ਰੱਖਣ ਦੀ ਮੰਗ ਕੀਤੀ ਗਈ ਸੀ। ਇਸ ਕਾਰਨ ਦਿੱਲੀ ਪੁਲਿਸ ਨੇ ਸਕੱਤਰੇਤ ਵਿਖੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨੇ ਦਿੱਲੀ ਵਿਧਾਨ ਸਭਾ ਦੇ ਬਜਟ ਇਜਲਾਸ ਦੀਆਂ ਤਰੀਕਾਂ ਨੂੰ ਅੰਤਮ ਰੂਪ ਦੇਣ ਲਈ ਹੋਈ ਕੈਬਨਿਟ ਦੀ ਬੈਠਕ ਵਿਚ ਹਿੱਸਾ ਲਿਆ। ਪਿਛਲੇ ਹਫ਼ਤੇ ਉਨ੍ਹਾਂ ਵਿਰੁਧ ਪਾਰਟੀ ਦੇ ਦੋ ਵਿਧਾਇਕਾਂ ਦੁਆਰਾ ਕਥਿਤ ਰੂਪ ਵਿਚ ਹਮਲਾ ਕੀਤੇ ਜਾਣ ਮਗਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਇਹ ਪਹਿਲੀ ਸਰਕਾਰੀ ਬੈਠਕ ਸੀ। ਬੈਠਕ ਦੇ ਕੁੱਝ ਘੰਟੇ ਪਹਿਲਾਂ ਪ੍ਰਕਾਸ਼ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਉਹ ਬਜਟ ਦੇ ਅਹਿਮ ਮਾਮਲਿਆਂ ਬਾਰੇ ਗੱਲਬਾਤ
ਕਰਨ ਲਈ ਇਹ ਮੰਨਦਿਆਂ ਬੈਠਕ ਵਿਚ ਸ਼ਾਮਲ ਹੋਣਗੇ ਕਿ ਮੁੱਖ ਮੰਤਰੀ ਯਕੀਨੀ ਬਣਾਉਣਗੇ ਕਿ ਬੈਠਕ ਵਿਚ ਸ਼ਾਮਲ ਹੋਣ ਵਾਲੇ ਅਧਿਕਾਰੀਆਂ 'ਤੇ ਕੋਈ ਸਰੀਰਕ ਹਮਲਾ ਜਾਂ ਮੌਖਿਕ ਹਮਲਾ ਨਹੀਂ ਕੀਤਾ ਜਾਵੇਗਾ। ਕੈਬਨਿਟ ਨੇ ਫ਼ੈਸਲਾ ਕੀਤਾ ਹੈ ਕਿ ਦਿੱਲੀ ਵਿਧਾਨ ਸਭਾ ਦਾ ਬਜਟ ਇਜਲਾਸ 16 ਮਾਰਚ ਤੋਂ 28 ਮਾਰਚ ਤਕ ਚੱਲੇਗਾ। ਮੁੱਖ ਮੰਤਰੀ ਦੇ ਘਰ 19 ਫ਼ਰਵਰੀ ਦੀ ਦੇਰ ਰਾਤ ਹੋਈ ਬੈਠਕ ਵਿਚ ਮੁੱਖ ਸਕੱਤਰ 'ਤੇ ਹਮਲਾ ਕਰਨ ਦਾ ਦੋਸ਼ ਹੈ। ਪ੍ਰਕਾਸ਼ ਨੇ ਚਿੱਠੀ ਵਿਚ ਲਿਖਿਆ, 'ਦਿੱਲੀ ਵਿਧਾਨ ਸਭਾ ਦੇ ਬਜਟ ਇਜਲਾਸ ਦੀਆਂ ਤਰੀਕਾਂ ਤੈਅ ਕਰਨ ਦੇ ਅਹਿਮ ਵਿਸ਼ੇ 'ਤੇ ਗੱਲਬਾਤ ਕਰਨ ਲਈ ਅੱਜ ਕੈਬਨਿਟ ਦੀ ਬੈਠਕ ਬੁਲਾਈ ਗਈ ਹੈ। ਬਜਟ ਇਜਲਾਸ ਦੀ ਤਰੀਕ ਤੈਅ ਕਰਨਾ ਅਤੇ ਬਜਟ ਪਾਸ ਕਰਨਾ ਸਰਕਾਰ ਦਾ ਅਹਿਮ ਕੰਮ ਹੈ, ਇਸ ਲਈ ਮੈਂ ਸਬੰਧਤ ਅਧਿਕਾਰੀਆਂ ਨਾਲ ਬੈਠਕ ਵਿਚ ਸ਼ਾਮਲ ਹੋਵਾਂਗਾ।' ਇਸੇ ਦੌਰਾਨ ਮੁੱਖ ਮੰਤਰੀ ਦੇ ਸਲਾਹਕਾਰ ਵੀ ਕੇ ਜੈਨ ਇਕ ਹਫ਼ਤੇ ਦੀ ਇਲਾਜ ਛੁੱਟੀ 'ਤੇ ਚਲੇ ਗਏ ਹਨ। (ਏਜੰਸੀ)