
ਪੰਚਾਇਤ ਚੋਣਾਂ ਦੌਰਾਨ ਲੱਗੇ ਵੱਡੇ ਝਟਕੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਜ਼ਿਆਦਾ ਪਿੱਛੇ ਧੱਕ ਦਿਤਾ ਹੈ। ਇਸ ਦਾ ਅੰਦਾਜ਼ਾ ਬਾਦਲ ਦੇ ਜੱਦੀ ਹਲਕੇ ਲੰਬੀ...
ਚੰਡੀਗੜ੍ਹ (ਸ.ਸ.ਸ) : ਪੰਚਾਇਤ ਚੋਣਾਂ ਦੌਰਾਨ ਲੱਗੇ ਵੱਡੇ ਝਟਕੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਜ਼ਿਆਦਾ ਪਿੱਛੇ ਧੱਕ ਦਿਤਾ ਹੈ। ਇਸ ਦਾ ਅੰਦਾਜ਼ਾ ਬਾਦਲ ਦੇ ਜੱਦੀ ਹਲਕੇ ਲੰਬੀ ਤੋਂ ਲਗਾਇਆ ਜਾ ਸਕਦਾ ਹੈ। ਜ਼ਿਲ੍ਹਾ ਮੁਕਤਸਰ ਵਿਚ ਪੈਂਦੇ ਹਲਕਾ ਲੰਬੀ ਵਿਚ ਕਾਂਗਰਸ ਦਾ 75 ਪੰਚਾਇਤਾਂ ਵਿਚੋਂ 64 ਪੰਚਾਇਤਾਂ 'ਤੇ ਕਬਜ਼ਾ ਰਿਹਾ, ਭਾਵ ਕਿ ਕਾਂਗਰਸ ਨੇ ਹਲਕੇ ਦੀਆਂ 85 ਫ਼ੀਸਦੀ ਪੰਚਾਇਤ ਚੋਣਾਂ ਜਿੱਤੀਆਂ। ਮੁਕਤਸਰ ਕਾਂਗਰਸ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ 64 ਹਲਕਾ ਲੰਬੀ ਦੀਆਂ ਪੰਚਾਇਤਾਂ ਵਿਚ 64 ਪੰਚਾਇਤਾਂ 'ਤੇ ਕਾਂਗਰਸੀ ਪੱਖੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ।
ਅਕਾਲੀ ਦਲ ਦੀ ਪਤਲੀ ਹਾਲਤ ਦਾ ਪ੍ਰਤੱਖ ਸਬੂਤ ਬਾਦਲਾਂ ਦੇ ਪਿੰਡ ਬਾਦਲ ਤੋਂ ਵੀ ਮਿਲ ਜਾਂਦਾ ਹੈ, ਜਿੱਥੇ ਕਾਂਗਰਸੀ ਉਮੀਦਵਾਰ ਜਬਰਜੰਗ ਸਿੰਘ ਮੁੱਖਾ ਨੇ ਬਾਦਲਾਂ ਦੇ ਕਰੀਬੀ ਅਤੇ ਅਕਾਲੀ ਉਮੀਦਵਾਰ ਉਦੈ ਢਿੱਲੋਂ ਨੂੰ 376 ਵੋਟਾਂ ਨਾਲ ਕਰਾਰੀ ਮਾਤ ਦਿਤੀ। ਕਹਿਣ ਤੋਂ ਭਾਵ ਕਿ ਬਾਦਲ ਅਪਣੇ ਪਿੰਡ ਦੀ ਸਰਪੰਚੀ ਤਕ ਵੀ ਨਹੀਂ ਜਿੱਤ ਸਕੇ। ਇਸ ਤੋਂ ਇਲਾਵਾ ਲੰਬੀ ਹਲਕੇ ਦੇ ਪਿੰਡ ਭੀਟੀਵਾਲਾ, ਮਿੱਡੂਖੇੜਾ, ਘੱਗੜ, ਮਿਠਡੀ, ਭਾਗੂ ਅਤੇ ਮਾਨ ਵਿਚ ਵੀ ਕਾਂਗਰਸੀ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤੇ।
ਸੀਨੀਅਰ ਅਕਾਲੀ ਆਗੂ ਮਨਜਿੰਦਰ ਸਿੰਘ ਬਿੱਟੂ ਅਤੇ ਸਾਬਕਾ ਅਕਾਲ ਤਖ਼ਤ ਦੇ ਜਥੇਦਾਰ ਦੇ ਪਿੰਡ ਚੱਕ ਬਾਜਾ ਵਿਚ ਵੀ ਅਕਾਲੀ ਦਲ ਦਾ ਅਸਰ ਨਜ਼ਰ ਨਹੀਂ ਆਇਆ। ਇੱਥੇ ਕਾਂਗਰਸੀ ਉਮੀਦਵਾਰ ਅਮਰਦੀਪ ਕੌਰ ਨੇ ਅਕਾਲੀ ਉਮੀਦਵਾਰ ਰਮਨਦੀਪ ਨੂੰ ਹਰਾ ਦਿਤਾ। ਪਿਛਲੀਆਂ ਲੋਕ ਸਭਾ ਚੋਣਾਂ ਦੀ ਜੇਕਰ ਗੱਲ ਕਰੀਏ ਤਾਂ ਹਰਸਿਮਰਤ ਕੌਰ ਬਾਦਲ ਨੂੰ ਹਲਕਾ ਲੰਬੀ ਤੋਂ 34 ਹਜ਼ਾਰ ਵੋਟਾਂ ਦੀ ਵੱਡੀ ਲੀਡ ਹਾਸਲ ਹੋਈ ਸੀ। ਉਸ ਸਮੇਂ ਉਨ੍ਹਾਂ ਦੇ ਸਹੁਰਾ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਨ।
ਪੰਚਾਇਤ ਚੋਣਾਂ ਵਿਚ ਆਏ ਨਤੀਜਿਆਂ ਤੋਂ ਇਕ ਗੱਲ ਸਪੱਸ਼ਟ ਹੁੰਦੀ ਨਜ਼ਰ ਆ ਰਹੀ ਹੈ ਕਿ ਬਾਦਲਾਂ ਵਲੋਂ ਭੁੱਲਾਂ ਚੁੱਕਾਂ ਦੀ ਮੰਗੀ ਮੁਆਫ਼ੀ ਵੀ ਉਨ੍ਹਾਂ ਦੇ ਕਿਸੇ ਕੰਮ ਨਹੀਂ ਆ ਸਕੀ। ਲੋਕਾਂ ਦੇ ਮਨਾਂ ਵਿਚ ਅਜੇ ਵੀ ਅਕਾਲੀ ਦਲ ਪ੍ਰਤੀ ਰੋਸ ਬਰਕਰਾਰ ਹੈ, ਜਿਸ ਦਾ ਅਸਰ ਪੰਚਾਇਤ ਚੋਣਾਂ ਦੇ ਨਤੀਜਿਆਂ ਵਿਚ ਦੇਖਣ ਨੂੰ ਮਿਲ ਗਿਆ ਹੈ। ਲੰਬੀ ਹਲਕੇ ਵਿਚ ਅਕਾਲੀ ਦਲ ਦੀ ਕਰਾਰੀ ਹਾਰ ਇਸ ਦਾ ਇਕ ਹੋਰ ਵੱਡਾ ਸਬੂਤ ਕਿਹਾ ਜਾ ਸਕਦਾ ਹੈ।