
ਨਵੇਂ ਸਾਲ ਦੇ ਮੌਕੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਦਾ ਸ੍ਰੀ ਨਨਕਾਣਾ ਸਾਹਿਬ ਨੂੰ ਲੈ ਕੇ ਇਕ ਧਾਰਮਿਕ
ਚੰਡੀਗੜ੍ਹ : ਨਵੇਂ ਸਾਲ ਦੇ ਮੌਕੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਦਾ ਸ੍ਰੀ ਨਨਕਾਣਾ ਸਾਹਿਬ ਨੂੰ ਲੈ ਕੇ ਇਕ ਧਾਰਮਿਕ ਗੀਤ ਸੋਸ਼ਲ ਮੀਡੀਆ 'ਤੇ ਕਾਫ਼ੀ ਧੂਮ ਮਚਾ ਰਿਹਾ ਹੈ। ਅਪਣੇ ਫੇਸਬੁੱਕ ਪੇਜ਼ 'ਤੇ ਸ਼ੇਅਰ ਕੀਤੇ ਭਗਵੰਤ ਮਾਨ ਵੱਲੋਂ ਗਾਏ ਗਾਣੇ ਦੇ ਬੋਲ ਕੁੱਝ ਇਸ ਤਰ੍ਹਾਂ ਹਨ :
ਮੇਰੇ ਮਨ ਮੰਦਰ ਵਿਚ ਵਸਦਾ ਐ ਮੈਥੋਂ ਦੂਰ ਨਹੀਂ ਨਨਕਾਣਾ,
ਹਰ ਦਮ ਦੇ ਗੇੜੇ ਦਰਸ ਕਰਾਂ ਹੈ ਹਰ ਪਲ ਆਣਾ ਜਾਣਾ।
ਦਿਲ ਕਰਦਾ ਐ ਤੇਰਾ ਅਸਲ ਟਿਕਾਣਾ ਦੇਖਣ ਨੂੰ,
ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ।
Nankana sahib
ਗੁਰੂ ਜੀ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ,
ਕਰਤਾਰਪੁਰ ਨੂੰ ਜਾਂਦੇ ਰਾਹ ਨੂੰ ਫੁੱਲਾਂ ਨਾਲ ਸਜਾਵਾਂ ਮੈਂ,
ਕਰਮਭੂਮੀ ਦੀ ਮਿੱਟੀ ਚੁੰਮ ਕੇ ਮੱਥੇ ਦੇ ਨਾਲ ਲਾਵਾਂ ਮੈਂ,
ਏਕੀ ਧੂੜ ਚੜ੍ਹਾਵੇ ਕੀਤੇ ਹੋਏ ਸਰਵੇਖਣ ਨੂੰ,
ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ।
ਗੁਰੂ ਜੀ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ।
ਪਾਣੀ, ਹਵਾ ਤੇ ਧਰਤੀ ਅਸੀਂ ਸਭ ਜ਼ਹਿਰੀਲੀ ਕਰਤੀ,
ਲੱਗਣ ਮੇਲੇ ਮੜ੍ਹੀ ਮਸਾਣੀ ਰੁਲਦੀ ਗਲੀਆਂ ਦੇ ਵਿੱਚ ਬਾਣੀ,
ਕਰ ਲਈਆਂ ਦੌਲਤਾਂ ਇਕੱਠੀਆਂ ਤੇਰੇ ਨਾਂ 'ਤੇ ਖੋਲ੍ਹ ਕੇ ਹੱਟੀਆਂ,
Bhagwant mann
ਏਤੀ ਮਾਰ ਪਈ ਕੁਰਲਾਵੇ ਤੁਮ ਰਤਾ ਤਰਸ ਨਾ ਖਾਵੇ,
ਅਸੀਂ ਭੁੱਲ ਕੇ ਕਰਨੀਆਂ ਕਿਰਤਾਂ ਪੈ ਗਈਆਂ ਵਿਹਲੇ ਖਾਣ ਦੀਆਂ ਬਿਰਤਾਂ,
ਮੈਂ ਉੱਜੜਾ ਭਾਵੇਂ ਵੱਸਾ ਅੱਜ ਤੇਰੇ ਦਰ 'ਤੇ ਦੱਸਾਂ,
ਫੇਰ ਸ਼ਾਂਤੀ ਆਊ ਮੇਰੀ ਰੂਹ ਪਰਦੇਸਣ ਨੂੰ,
ਨੈਣ ਤਰਸਦੇ...।
ਤੇਰੇ ਨਾਮ ਜ਼ਹਾਜ ਦੇ ਉੱਤੇ ਜਿਹੜੇ ਅੱਜ ਕੱਲ੍ਹ ਚੜ੍ਹਦੇ ਨੇ,
ਮੈਂ ਲਿਆਂਦਾ ਮੈਂ ਖੁਲਵਾਇਆ ਏਸੇ ਗੱਲ 'ਤੇ ਲੜਦੇ ਨੇ,
ਮੈਂ ਲਿਆਂਦਾ ਮੈਂ ਖੁਲ੍ਹਵਾਇਆ ਏਸੇ
ਗੱਲ ਗੱਲ ਤੇ ਕਾਹਲੇ ਰਹਿੰਦੇ ਪੰਥ 'ਚੋਂ ਛੇਕਣ ਨੂੰ
ਨੈਣ ਤਰਸਦੇ...।
File Photo
ਜੀਹਦੇ ਵੱਲ ਵੀ ਤੇਰੀ ਦਾਤਿਆਂ ਹੋਜੇ ਨਜ਼ਰ ਸਵੱਲੀ
ਹਰ ਮੈਦਾਨ ਫਿਰ ਫਤਹਿ ਕਰਨ ਦੀ ਦਿਲ ਨੂੰ ਹੋਏ ਤਸੱਲੀ
ਔਖੀਆਂ ਰਾਹਾਂ ਲੰਮੇ ਪੈਂਡੇ ਬੇੜਾ ਪਾਰ ਜੋ ਚਰਨੀ ਬਹਿੰਦੇ
ਸੱਜਦਾ ਕਰਦੀ ਦੁਨੀਆਂ ਸਾਰੀ ਤੇਰੇ ਨਾਮ ਦੀ ਚੜ੍ਹੀ ਖੁਮਾਰੀ
ਕੱਢ ਗੁਮਾਨ ਮੈਂ ਹੋਵਾਂ ਨੀਵਾਂ ਤੇਰੀ ਸ਼ਰਨ 'ਚ ਰਹਿ ਕੇ ਜੀਵਾਂ
ੴਦਾ ਸੁਣ ਕੇ ਹੋਕਾ ਮਿਟ ਜੇ ਮਨ ਬੰਜਰ ਦਾ ਸੋਕਾ
ਜੇ ਮੈਂ ਦੇਖਾ ਅਮਲਾਂ ਵੱਲੋਂ ਤਾਂ ਫਿਰ ਕੁੱਝ ਨੀ ਮੇਰੇ ਪੱਲੇ
ਵੇਖਾਂ ਤੇਰੀ ਰਹਿਮਤ ਵੱਲੇ ਤਾਂ ਫਿਰ ਬੱਲੇ ਬੱਲੇ ਬੱਲੇ
ਜਾਣ ਤੋਂ ਪਹਿਲਾਂ ਇਕ ਵਾਰੀ ਮੈਂ ਜਾਣਾ ਦੇਖਣ ਨੂੰ
ਮੇਰੇ ਨੈਣ ਤਰਸਦੇ...।
Chandigarh bhagwant mann
ਤੇਰੇ ਘਰ ਨੂੰ ਜਾਂਦੇ ਰਾਹ ਵਿਚ ਅੱਜ ਵੀ ਬਹੁਤੇ ਰੋ ਰਹੇ ਨੇ
ਤੈਨੂੰ ਮੰਨਣ ਲੱਖਾਂ ਤੇਰੀਆਂ ਮੰਨਣ ਵਾਲੇ ਥੋੜ੍ਹੇ ਨੇ
ਚੁੱਲ੍ਹਾ ਤੇਰੇ ਨਾਂ ਤੇ ਫਿਰਦੇ ਰੋਟੀਆਂ ਸੇਕਣ ਨੂੰ
ਗੁਰੂ ਜੀ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ।
ਅਪਣੇ ਇਸ ਗਾਣੇ ਦੇ ਬੋਲਾਂ ਵਿਚ ਭਗਵੰਤ ਮਾਨ ਜਿੱਥੇ ਨਨਕਾਣਾ ਸਾਹਿਬ ਨੂੰ ਦੇਖਣ ਦੀ ਇੱਛਾ ਜ਼ਾਹਰ ਕਰ ਰਿਹਾ ਹੈ। ਉਥੇ ਹੀ ਉਸ ਗਾਣੇ ਦੇ ਇਕ ਪੈਰ੍ਹੇ ਵਿਚ ਕਿਹਾ ਕਿ ਗੁਰੂ ਜੀ ਤੁਸੀਂ 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ' ਦਾ ਉਪਦੇਸ਼ ਦਿੱਤਾ ਸੀ ਕਿ ਪਰ ਬਦਕਿਸਮਤੀ ਅਸੀਂ ਇਨ੍ਹਾਂ ਸਾਰਿਆਂ ਨੂੰ ਹੀ ਪਲੀਤ ਕਰ ਦਿੱਤਾ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਨਸ਼ਿਆਂ 'ਚ ਗਲਤਾਨ ਹੋ ਰਹੀ ਨੌਜਵਾਨੀ ਦੀ ਗੱਲ ਕਰਦਿਆਂ ਮੌਜੂਦਾ ਹਾਕਮਾਂ 'ਤੇ ਵੀ ਤੰਜ ਕੀਤਾ।
Kartarpur Sahib
ਇਸ ਦੇ ਨਾਲ ਗਾਣੇ ਤੀਜੇ ਪੈਰ੍ਹੇ ਵਿਚ ਭਗਵੰਤ ਮਾਨ ਨੇ ਉਨ੍ਹਾਂ ਲੋਕਾਂ 'ਤੇ ਵੀ ਨਿਸ਼ਾਨਾ ਸਾਧਿਆ ਜੋ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਸਿਹਰਾ ਲੈਣ ਦੀ ਸਿਆਸਤ ਖੇਡਣ ਵਿਚ ਲੱਗੇ ਹੋਏ ਹਨ। ਇਸ ਦੇ ਨਾਲ ਹੀ ਆਪ ਸਾਂਸਦ ਨੇ ਅਪਣੇ ਗਾਣੇ ਵਿਚ ਪਾਖੰਡਵਾਦ ਵਿਚ ਪਏ ਲੋਕਾਂ ਨੂੰ ਵੀ ਲਪੇਟੇ ਵਿਚ ਲਿਆ। ਇਸ ਦੇ ਨਾਲ ਹੀ ਗੁਰੂ ਸਾਹਿਬ ਨੂੰ ਮੰਨਣ ਵਾਲੇ ਲੱਖਾਂ ਅਤੇ ਗੁਰੂ ਦੀ ਮੰਨਣ ਵਾਲੇ ਘੱਟ ਹੋਣ ਦੀ ਗੱਲ ਵੀ ਬਿਆਨ ਕੀਤੀ ਹੈ।
ਬ੍ਰੈਂਡ ਬੀ ਕੰਪਨੀ ਵੱਲੋਂ ਰਿਕਾਰਡ ਕੀਤਾ ਗਿਆ ਇਹ ਭਗਵੰਤ ਮਾਨ ਦਾ ਇਹ ਗਾਣਾ ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਲੈ ਕੇ ਭਗਵੰਤ ਮਾਨ ਦੀ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ। ਥੋੜ੍ਹੇ ਸਮੇਂ ਦੇ ਅੰਦਰ ਹੀ ਇਸ ਗਾਣੇ ਨੂੰ ਕਾਫ਼ੀ ਜ਼ਿਆਦਾ ਵਿਊਜ਼, ਕੁਮੈਂਟ ਅਤੇ ਸ਼ੇਅਰ ਮਿਲ ਚੁੱਕੇ ਹਨ।