
ਭਾਰਤ-ਪਾਕਿ ਵਿਚਾਲੇ ਤਣਾਅ ਦੇ ਚੱਲਦੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਦੌਰੇ ’ਤੇ ਹਨ। ਅਪਣੇ ਸਰਹੱਦੀ ਦੌਰਿਆਂ...
ਗੁਰਦਾਸਪੁਰ : ਭਾਰਤ-ਪਾਕਿ ਵਿਚਾਲੇ ਤਣਾਅ ਦੇ ਚੱਲਦੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਦੌਰੇ ’ਤੇ ਹਨ। ਅਪਣੇ ਸਰਹੱਦੀ ਦੌਰਿਆਂ ਦੌਰਾਨ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਕੈਪਟਨ ਨਾਲ ਸਥਾਨਕ ਕਿਸਾਨਾਂ ਨੇ ਮੁਲਾਕਾਤ ਕੀਤੀ। ਇਸ ਦੌਰਾਨ ਕਿਸਾਨਾਂ ਨੇ ਅਪਣੇ ਹਾਲਾਤਾਂ ਨੂੰ ਬਿਆਨ ਕਰਦੇ ਹੋਏ ਕਰਤਾਰਪੁਰ ਸਾਹਿਬ ਲਾਂਘੇ ਵਾਲੀ ਜ਼ਮੀਨ ਦੇ ਬਦਲੇ ਘੱਟ ਮੁਆਵਜ਼ੇ ਦਾ ਮੁੱਦਾ ਵੀ ਮੁੱਖ ਮੰਤਰੀ ਕੋਲ ਚੁੱਕਿਆ।
Gurdwara Kartarpur Sahib
ਕਰਤਾਰਪੁਰ ਸਾਹਿਬ ਲਾਂਘੇ ਲਈ ਡੇਰਾ ਬਾਬਾ ਨਾਨਕ ਦੇ ਜਿਹੜੇ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖ਼ਾਲੀ ਕਰਵਾਇਆ ਜਾਣਾ ਹੈ, ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਮੰਗ ਕੀਤੀ ਕਿ ਜ਼ਮੀਨ ਦਾ ਮੁਆਵਜ਼ਾ ਵਧਾਇਆ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਹਾਲਾਤਾਂ ਨੂੰ ਸਮਝਦੇ ਹੋਏ ਭਰੋਸਾ ਦਿਤਾ ਕਿ ਉਨ੍ਹਾਂ ਨੂੰ ਜ਼ਮੀਨ ਦੇ ਬਦਲੇ ਵੱਧ ਤੋਂ ਵੱਧ ਮੁਆਵਜ਼ਾ ਦਿਤਾ ਜਾਵੇਗਾ।
Kartarpur Corridor construction work
ਦੋ ਏਕੜ ਜ਼ਮੀਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਵਾਰ ਦਾ ਗੁਜ਼ਾਰਾ ਇਨ੍ਹਾਂ ਦੋ ਕਿੱਲਿਆਂ ਨਾਲ ਹੀ ਚੱਲਦਾ ਹੈ ਅਤੇ ਸਰਕਾਰ ਵਲੋਂ ਤੈਅ ਕੀਤਾ ਗਿਆ ਮੁਆਵਜ਼ਾ ਪਰਵਾਰ ਦਾ ਖ਼ਰਚਾ ਝੱਲਣ ਯੋਗ ਨਹੀਂ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜ਼ਮੀਨ ਦਾ ਮੁਆਵਜ਼ਾ ਪੂਰਾ ਅਤੇ ਸਮੇਂ ’ਤੇ ਦਿਤਾ ਜਾਵੇ ਤਾਂ ਜੋ ਉਹ ਅਪਣਾ ਕੋਈ ਹੋਰ ਕੰਮ ਸ਼ੁਰੂ ਕਰ ਸਕਣ।