
ਰੈਲੀ ਦੌਰਾਨ ਸਾਧੇ ਵਿਰੋਧੀਆਂ 'ਤੇ ਨਿਸ਼ਾਨੇ
ਬਠਿੰਡਾ : ਦਿੱਲੀ 'ਚ ਪਿਛਲੇ ਦਿਨੀਂ ਹੋਏ ਦੰਗਿਆਂ 'ਤੇ ਅਸਿੱਧੇ ਢੰਗ ਨਾਲ ਭਾਜਪਾ ਨੂੰ ਸਲਾਹ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ 'ਚ ਅਮਨ ਤੇ ਸ਼ਾਂਤੀ ਲਈ ਘੱਟ ਗਿਣਤੀਆਂ ਦਾ ਭਰੋਸਾ ਜਿਤਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਦਰਵਾੜੇ ਦੌਰਾਨ ਦਿੱਲੀ ਅਤੇ ਦੇਸ਼ ਵਿਚ ਵਾਪਰੀਆਂ ਦੁਖਦਾਈ ਘਟਨਾਵਾਂ ਚਿੰਤਾ ਦਾ ਕਾਰਨ ਹਨ। “ਘੱਟਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਦੇ ਮਨਾਂ ਵਿਚ ਡਰ, ਅਸੁਰੱਖਿਆ ਅਤੇ ਅਨਿਸ਼ਚਿਤਤਾ ਦਾ ਵਧ ਰਿਹਾ ਮਾਹੌਲ ਹੈ ਜਿਸ ਦਾ ਹੱਲ ਕਰਨਾ ਲਾਜ਼ਮੀ ਹੈ”। ਅਕਾਲੀ ਦਲ ਵਲੋਂ ਕੈਪਟਨ ਸਰਕਾਰ ਵਿਰੁਧ ਸਥਾਨਕ ਥਰਮਲ ਕਲੌਨੀ 'ਚ ਕੀਤੀ ਰੋਸ਼ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਸ: ਬਾਦਲ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਮਹਾਨ ਗੁਰੂਆਂ ਦੁਆਰਾ ਸਿਖਾਏ ਸ਼ਾਂਤੀ ਅਤੇ ਭਾਈਚਾਰਕ ਸਾਂਝ ਹੇਠ ਕੰਮ ਕਰਦਾ ਹੈ।
Photo
ਸਾਬਕਾ ਮੁੱਖ ਮੰਤਰੀ ਨੇ ਟਕਸਾਲੀ ਅਕਾਲੀਆਂ ਨੂੰ ਵੀ ਪਿੱਠ ਵਿਚ ਛੁਰਾਂ ਮਾਰਨ ਵਾਲੇ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਜਿਸ ਪਾਰਟੀ ਨੇ ਉਨ੍ਹਾਂ ਨੂੰ ਬੇਮਿਸਾਲ ਪ੍ਰਸਿੱਧੀ ਅਤੇ ਸਨਮਾਨ ਦਿਤੇ, ਅੱਜ ਵਿਰੋਧੀਆਂ ਦੇ ਹੱਥੀ ਚੜ ਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸ: ਬਾਦਲ ਨੇ ਇਹ ਵੀ ਦਾਅਵਾ ਕੀਤਾ ਕਿ ਬਾਗ਼ੀ ਅਕਾਲੀ ਇਸ ਵਿਚ ਕਾਮਯਾਬ ਨਹੀਂ ਹੋਣਗੇ, ਕਿਉਂਕਿ ਇਸਤੋਂ ਪਹਿਲਾਂ ਵੀ ਅਜਿਹਾ ਕਰਨ ਵਾਲੇ ਖੱਜਲ-ਖੁਆਰ ਹੁੰਦੇ ਰਹੇ ਹਨ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਉਹ ਪਾਰਟੀ ਦੇ ਹੁਕਮਾਂ ਨਾਲ ਬੱਝੇ ਹਨ, ਜਿਸਦੇ ਚੱਲਦੇ ਦਿੱਲੀ 'ਚ ਵਿਧਾਨ ਦੀਆਂ ਕਾਪੀਆਂ ਸਾੜਣ ਦੇ ਫ਼ੈਸਲੇ 'ਤੇ ਸਹਿਮਤੀ ਨਾ ਰਖਦਿਆਂ ਵੀ ਇਸ ਉਪਰ ਫੁੱਲ ਚੜਾਏ ਸਨ।
Photo
ਢੀਂਡਸਾ ਤੇ ਹੋਰਨਾਂ ਵਲੋਂ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਦੇ ਅਹੁੱਦੇ ਤੋਂ ਹਟਾ ਕਾਂਗਰਸ ਪਾਰਟੀ 'ਤੇ ਵਰਦਿਆ ਉਨ੍ਹਾਂ ਕਿਹਾ ਕਿ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੇ ਹੀ ਨਹੀਂ, ਬਲਕਿ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਰਗੇ ਨੇਤਾਵਾਂ ਨੇ ਵੀ ਸਿੱਖ ਕੌਮ ਨੂੰ ਧੋਖਾ ਦਿਤਾ। ਇਸ ਤੋਂ ਇਲਾਵਾ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਵਾਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਪੰਜਾਬ ਵਿਚ ਘਰੇਲੂ ਬਿਜਲੀ ਦਰਾਂ ਨੂੰ ਅੱਧ ਕਰਨ ਦਾ ਵਾਅਦਾ ਕੀਤਾ।
Photo
ਇਸ ਰੈਲੀ ਨੂੰ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਨਕਈ, ਦਰਸ਼ਨ ਸਿੰਘ ਕੋਟਫੱਤਾ, ਜੀਤਮਹਿੰਦਰ ਸਿੱਧੂ, ਅਮਿਤ ਰਤਨ ਨੇ ਵੀ ਸੰਬੋਧਨ ਕੀਤਾ। ਜਦੋਂਕਿ ਸਟੇਜ਼ ਦੀ ਕਾਰਵਾਈ ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਚਲਾਈ। ਇਸ ਮੌਕੇ ਸੀਨੀਅਰ ਆਗੂ ਜਗਸੀਰ ਸਿੰਘ ਜੱਗਾ ਕਲਿਆਣ, ਬਲਕਾਰ ਸਿੰਘ ਬਰਾੜ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਇਕਬਾਲ ਸਿੰਘ ਬਬਲੀ ਢਿੱਲੋਂ, ਮੋਹਨ ਸਿੰਘ ਬੰਗੀ, ਸੁਖਦੇਵ ਸਿੰਘ ਚਾਹਲ, ਜ਼ਿਲ੍ਹਾ ਯੂਥ ਪ੍ਰਧਾਨ ਗੁਰਦੀਪ ਸਿੰਘ ਕੋਟਸ਼ਮੀਰ, ਗਰਦੌਰ ਸਿੰਘ ਸੰਧੂ, ਸਾਬਕਾ ਪ੍ਰਧਾਨ ਸੁਖਬੀਰ ਸਿੰਘ ਜੱਸੀ, ਚਮਕੌਰ ਸਿੰਘ ਮਾਨ, ਡਾ ਓਮ ਪ੍ਰਕਾਸ਼ ਸ਼ਰਮਾ ਵੀ ਹਾਜ਼ਰ ਸਨ।