
ਪੰਜਾਬ ਦੇ ਆਗੂ ਬੀਬੀਐਮਬੀ ਬਾਰੇ ਗੁਮਰਾਹਕੁਨ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ : ਤਰੁਣ ਚੁੱਘ
ਚੰਡੀਗ੍ਹੜ੍ਹ, 28 ਫ਼ਰਵਰੀ (ਭੁੱਲਰ): ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਸੂਬੇ ਵਿਚ ਵਿਰੋਧੀ ਧਿਰ ਅਤੇ ਕਾਂਗਰਸ ਪਾਰਟੀ ਵਿਚ ਬੈਠੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਤੱਥਾਂ ਤੋਂ ਜਾਣੂ ਹੋ ਕੇ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ 'ਤੇ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ | ਚੁੱਘ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਸਮੇਤ ਕਈ ਆਗੂਆਂ ਨੇ ਕੇਂਦਰ ਸਰਕਾਰ 'ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਦੇ ਬੁਨਿਆਦੀ ਢਾਂਚੇ ਵਿਚ ਫੇਰਬਦਲ ਕਰਨ ਦਾ ਦੋਸ਼ ਲਗਾਇਆ ਹੈ, ਜੋ ਤੱਥਾਂ ਦੇ ਉਲਟ ਹੈ | ਜਾਖੜ ਨੂੰ ਇਸ ਮੁੱਦੇ 'ਤੇ ਬੋਲਣ ਤੋਂ ਪਹਿਲਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਤੋਂ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਸੀ |
ਚੁੱਘ ਨੇ ਕਿਹਾ ਕਿ ਬੀਬੀਐਮਬੀ ਨੇ ਇਸ ਮੁੱਦੇ 'ਤੇ ਸਪੱਸ਼ਟੀਕਰਨ ਦੇ ਕੇ ਇਨ੍ਹਾਂ ਆਗੂਆਂ ਨੂੰ ਕਟਹਿਰੇ ਵਿਚ ਖੜਾ ਕਰ ਦਿਤਾ ਹੈ | ਬੀਬੀਐਮਬੀ ਨੇ ਕਿਹਾ ਹੈ ਕਿ ਕੱੁਝ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ, ਪੰਜਾਬ-ਹਰਿਆਣਾ ਦੇ ਕਿਸੇ ਵੀ ਮੈਂਬਰ ਨੂੰ ਬੀਬੀਐਮਬੀ ਤੋਂ ਨਹੀਂ ਹਟਾਇਆ ਗਿਆ ਹੈ | ਬੋਰਡ ਨੇ ਮੈਂਬਰਾਂ ਦੀ ਤਕਨੀਕੀ ਯੋਗਤਾ ਦੇ ਨਿਯਮਾਂ ਵਿਚ ਕੁੱਝ ਬਦਲਾਅ ਕੀਤੇ ਹਨ | ਨਾ ਤਾਂ ਪੰਜਾਬ-ਹਰਿਆਣਾ ਦੇ ਮੌਜੂਦਾ ਮੈਂਬਰ ਨੂੰ ਹਟਾਇਆ ਗਿਆ ਹੈ ਅਤੇ ਨਾ ਹੀ ਕੋਈ ਨਵਾਂ ਮੈਂਬਰ ਸ਼ਾਮਲ ਕੀਤਾ ਗਿਆ ਹੈ | ਸਿਰਫ਼ ਬਿਜਲੀ ਅਤੇ ਸਿੰਚਾਈ ਲਈ ਮੈਂਬਰਾਂ ਦੀ ਤਕਨੀਕੀ ਯੋਗਤਾ ਦੇ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ |