
Cordon and Search Operation : ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਜਾਇਦਾਦਾਂ ਨੂੰ ਜਬਤ ਕੀਤਾ ਜਾਵੇਗਾ ਤੇ ਅਣ ਅਧਿਕਾਰਿਤ ਕੀਤੀ ਉਸਾਰੀ ਨੂੰ ਢਾਹਿਆ ਜਾਵੇਗਾ
Rup Nagar News in Punjabi : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਦੇ ਤਹਿਤ ਸ੍ਰੀ ਗੌਰਵ ਯਾਦਵ ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਨੂੰ ਜ਼ਿਲ੍ਹਾ ਰੂਪਨਗਰ ਅੰਦਰ ਪੈਂਦੇ ਸਾਰੇ ਥਾਣਿਆਂ ਦੇ ਏਰੀਆ ’ਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਵਾਲੇ ਸੰਵੇਦਨਸ਼ੀਲ ਸਥਾਨਾਂ ’ਤੇ ਸਪੈਸਲ "ਕਾਰਡਨ ਐਂਡ ਸਰਚ ਓਪਰੇਸ਼ਨ" (ਕੈਸੋ) ਚਲਾਇਆ ਜਾ ਰਿਹਾ ਹੈ। ਜਿਸ ਅਧੀਨ ਨਸ਼ੇ ਦੇ ਸੌਦਾਗਰਾਂ ਸਮੇਤ ਹਰ ਸ਼ੱਕੀ ਅਤੇ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਏ.ਡੀ.ਜੀ.ਪੀ ਕਾਨੂੰਨ ਤੇ ਵਿਵਸਥਾ, ਐਸ.ਪੀ.ਐਸ ਪਰਮਾਰ ਨੇ ਅੱਜ ਕੈਸੋ ਓਪਰੇਸ਼ਨ ਦੀ ਅਗਵਾਈ ਕਰਦਿਆਂ ਰੂਪਨਗਰ ਪੁਲਿਸ ਨੂੰ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ।
ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼੍ਰੀ ਪਰਮਾਰ ਨੇ ਕਿਹਾ ਕਿ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਕੀਤੀ ਹੋਈ ਕਮਾਈ ਦੁਆਰਾ ਬਣਾਈ ਗਈ ਜਾਇਦਾਦ ਦੀ ਸ਼ਨਾਖਤ ਕਰਕੇ ਉਸ ਨੂੰ ਕਾਨੂੰਨ ਅਨੁਸਾਰ ਜ਼ਬਤ ਕੀਤਾ ਜਾਵੇਗਾ। ਉਹਨਾਂ ਵੱਲੋ ਅਣ-ਅਧਿਕਾਰਿਤ ਕੀਤੀ ਉਸਾਰੀ ਨੂੰ ਢਾਹਿਆ ਜਾਵੇਗਾ।
ਏ.ਡੀ.ਜੀ.ਪੀ ਨੇ ਕਿਹਾ ਕਿ ਰੂਪਨਗਰ ਪੁਲਿਸ ਵਲੋਂ ਨਸ਼ਾ ਵੇਚਣ ਦੇ ਕਾਰੋਬਾਰ ਵਿਚ ਸ਼ਾਮਿਲ ਵਿਅਕਤੀਆਂ ਖਿਲਾਫ਼ ਜੰਗੀ ਪੱਧਰ ਉਤੇ ਮੁਹਿੰਮ ਛੇੜੀ ਹੈ ਜਿਸ ਤਹਿਤ 01 ਜਨਵਰੀ, 2025 ਤੋਂ 28 ਫਰਵਰੀ, 2025 ਤੱਕ 36 ਮੁਕੱਦਮੇ ਦਰਜ ਰਜਿਸਟਰ ਕਰਕੇ 55 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਪਾਸੋਂ 246 ਗ੍ਰਾਮ ਹੈਰੋਇਨ, 01 ਕਿਲੇ 725 ਗ੍ਰਾਮ ਅਫੀਮ, 999 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ, 44 ਨਸ਼ੀਲੇ ਟੀਕੇ, 324 ਨਸ਼ੀਲੇ ਕੈਪਸੂਲ, 80 ਨਸ਼ੀਲੀਆਂ ਗੋਲੀਆਂ ਅਤੇ 7250/- ਰੁਪਏ ਡਰੱਗ ਮਨੀ ਰਿਕਵਰ ਕੀਤੀ ਗਈ ਹੈ।
ਸ਼੍ਰੀ ਪਰਮਾਰ ਨੇ ਕੈਸੋ ਓਪਰੇਸ਼ਨ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿਚ ਚਲਾਏ ਜਾ ਰਹੇ ਇਸ "ਕਾਰਡਨ ਐਂਡ ਸਰਚ ਓਪਰੇਸ਼ਨ" ਵਿੱਚ 03 ਐਸ.ਪੀਜ. 10 ਡੀ.ਐਸ.ਪੀ. 10 ਇੰਸਪੈਕਟਰ ਅਤੇ 225 ਦੇ ਕਰੀਬ ਪੁਲਿਸ ਮੁਲਾਜਮ ਲਗਾਏ ਗਏ। ਐਸ.ਪੀ. ਅਤੇ ਡੀ.ਐਸ.ਪੀ ਅਧੀਨ ਪੁਲਿਸ ਟੀਮਾਂ ਬਣਾ ਕੇ ਜ਼ਿਲ੍ਹੇ ਦੇ ਬਾਰਡਰ ਏਰੀਆ ਤੋਂ ਲੈਕੇ ਅੰਦਰੂਨੀ ਇਲਾਕਿਆਂ ਵਿਚ ਨਾਕਾਬੰਦੀ ਕਰਕੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਨਸ਼ਾ ਤਸਕਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨਾ ਜਾ ਸਕੇ।
ਇਸ ਮੌਕੇ ਰੂਪਨਗਰ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਸਾਲ-2024 ’ਚ ਜ਼ਿਲ੍ਹਾ ਰੂਪਨਗਰ ਵਿਚ 15 "ਕਾਰਡਨ ਐਂਡ ਸਰਚ ਓਪਰੇਸ਼ਨ” ਚਲਾਏ ਗਏ ਸਨ। ਜਿਸ ਦੌਰਾਨ ਨਸ਼ੇ ਦੇ ਤਸਕਰਾਂ ਖਿਲਾਫ 29 ਮੁਕੱਦਮੇ ਦਰਜ ਕਰ ਕੇ 33 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹਨਾਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਪਾਸੋ 108 ਗ੍ਰਾਮ ਹੈਰੋਇਨ, 266 ਗ੍ਰਾਮ ਨਸ਼ੀਲਾ ਪਾਊਡਰ, 07 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ, 14 ਨਸ਼ੀਲੇ ਟੀਕੇ, 25 ਨਸ਼ੀਲੀਆਂ ਗੋਲੀਆਂ, 1600 ਲੀਟਰ ਲਾਹਣ, 34.5 ਲੀਟਰ ਸ਼ਰਾਬ ਨਜਾਇਜ, 02 ਚੋਰੀ ਦੇ ਮੋਟਰ ਸਾਈਕਲ ਅਤੇ 1,20,000/ ਰੁਪਏ ਦੇ ਕਰੀਬ ਕੈਸ਼ ਬਰਾਮਦ ਕੀਤਾ ਗਿਆ ਸੀ।
ਐਸ.ਐਸ.ਪੀ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਆਉਣ ਵਾਲੇ ਵਿੱਚ ਵੀ ਇਸੇ ਤਰ੍ਹਾਂ ਕਾਰਵਾਈ ਜਾਰੀ ਰਹੇਗੀ। ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ ਅਤੇ ਕਾਨੂੰਨ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਸੂਚਨਾ ਸੇਫ ਪੰਜਾਬ ਐਂਟੀ ਡਰੱਗ ਹੈਲਪਲਾਇਨ ਨੰਬਰ 97791-00200 (ਵਟਸਐਪ ਚੈਟਬੋਟ) ਜਾਂ ਜ਼ਿਲ੍ਹਾ ਪੁਲਿਸ ਦੇ ਨੰਬਰਾਂ ਤੇ ਸਾਂਝੀ ਕੀਤੀ ਜਾਵੇ। ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।
(For more news apart from ADGP SPS Parmar ordered Rupnagar police to take strict action against drug sellers News in Punjabi, stay tuned to Rozana Spokesman)