
ਇਕ ਪਾਸੇ ਜਿਥੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰਾਂ ਵਲੋਂ ਸ਼ਹਿਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਨਾਉਣ ਦਾ ਦਾਅਵਾ ਕੀਤਾ ਜਾਂਦਾ ਹੈ, ਉਥੇ ਹੀ ਇਨ੍ਹਾਂ ...
ਬਾਘਾਪੁਰਾਣਾ, ਇਕ ਪਾਸੇ ਜਿਥੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰਾਂ ਵਲੋਂ ਸ਼ਹਿਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਨਾਉਣ ਦਾ ਦਾਅਵਾ ਕੀਤਾ ਜਾਂਦਾ ਹੈ, ਉਥੇ ਹੀ ਇਨ੍ਹਾਂ ਦਾਅਵਿਆਂ ਦੀ ਪੋਲ ਨਗਰ ਕੌਂਸਲ ਦੇ ਵਾਰਡ ਨੰਬਰ 4-5 'ਚ ਪੈਂਦੇ ਬਾਬਾ ਜੀਵਨ ਸਿੰਘ ਨਗਰ ਦੀਆਂ ਗਲੀਆਂ ਖੋਲ੍ਹ ਰਹੀਆਂ ਹਨ ਕਿਉਂਕਿ ਇਸ ਨਗਰ 'ਚ ਬਿਨਾਂ ਬਰਸਾਤ ਦੇ ਹੀ ਗਲੀਆਂ 'ਚ ਨਾਲੀਆਂ ਦਾ ਗੰਦਾ ਪਾਣੀ ਖੜਾ ਰਹਿੰਦਾ ਹੈ
ਤੇ ਨਗਰ ਦੀਆਂ ਸੁਆਣੀਆਂ ਇਸ ਗੰਦੇ ਪਾਣੀ ਤੋਂ ਨਿਜਾਤ ਲੈਣ ਲਈ ਬੋਕਰਾਂ ਲੈ ਕੇ ਇਸ ਨਾਲ ਦੋ ਕਰਦੀਆਂ ਦੇਖੀਆਂ ਗਈਆਂ ਹਨ। ਗਲੀਆਂ 'ਚ ਨਾਲੀਆਂ ਦੇ ਖੜੇ ਗੰਦੇ ਪਾਣੀ 'ਤੇ ਮੰਡਰਾਉਂਦਾ ਮੱਖੀ, ਮੱਛਰ ਡੇਂਗੂ ਤੇ ਮਲੇਰੀਆ ਵਰਗੀਆਂ ਭਿਆਨਕ ਬੀਮਾਰੀਆਂ ਨੂੰ ਜਨਮ ਦਿੰਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਬੰਤ ਸਿੰਘ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਗੋਬਿੰਦ ਸਿੰਘ ਭਿੰਦੀ, ਚੇਅਰਮੈਨ ਸੁਖਪ੍ਰੀਤ ਸਿੰਘ ਪੂੱਪੂ, ਡਾ. ਸੁਖਪਾਲ ਸਿੰਘ, ਮੁਨੀਸ਼ ਕੁਮਾਰ ਲਾਲਾ, ਰਾਜ ਕੁਮਾਰ ਰਾਜਾ ਅਤੇ ਮਨਜੀਤ ਸਿੰਘ ਸੁੱਖਾ ਨੇ ਕੀਤਾ।
ਕਲੱਬ ਦੇ ਕਾਰਕੁਨਾਂ ਨੇ ਕਿਹਾ ਕਿ ਇਸ ਨਗਰ ਦੀਆਂ ਗਲੀਆਂ ਅਤੇ ਨਾਲੀਆਂ ਨੂੰ ਬਣਾਉਣ ਸਮੇਂ ਮੇਨ ਸੜਕ ਨਾਲ ਮੇਲ ਖਾਂਦੇ ਲੈਵਲ ਅਨੁਸਾਰ ਨਹੀਂ ਬਣਾਇਆ ਗਿਆ ਜਿਸ ਦਾ ਖਮਿਆਜ਼ਾ ਨਗਰ ਦੇ ਲੋਕ ਭੁਗਤ ਰਹੇ ਹਨ। ਪ੍ਰਧਾਨ ਗੋਬਿੰਦ ਸਿੰਘ ਭਿੰਦੀ ਨੇ ਕਿਹਾ ਕਿ ਜੇ ਕੌਂਸਲ ਵਲੋਂ ਨਾਲੀਆਂ ਦਾ ਸਫ਼ਾਈ ਕਰਵਾਈ ਜਾਂਦੀ ਹੈ ਤਾਂ ਨਾਲੀਆਂ 'ਚੋਂ ਕੱਢੀ ਗਈ ਗਾਰ ਕਈ ਕਈ ਦਿਨਾਂ ਮੁਹੱਲਿਆਂ 'ਚ ਪਈ ਰਹਿੰਦੀ ਹੈ ਤੇ ਆਖਰ ਉਹ ਸੁੱਕ ਕੇ ਦੁਬਾਰਾ ਨਾਲੀਆਂ 'ਚ ਜਾ ਕੇ ਮਿਲ ਜਾਂਦੀ ਹੈ।
ਕਲੱਬ ਦੇ ਆਗੂਆਂ ਅਤੇ ਨਗਰ ਨਿਵਾਸੀਆਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਬਾਬਾ ਜੀਵਨ ਸਿੰਘ ਨਗਰ ਦੀ ਜੋ ਗਲੀ ਬਿਨਾਂ ਲੈਵਲ (ਤਕਨੀਕ) ਤੋਂ ਬਣਾਈ ਗਈ ਹੈ, ਉਸ ਨੂੰ ਲੈਵਲ ਅਨੁਸਾਰ ਬਣਾਇਆ ਜਾਵੇ। ਵਾਰਡ ਵਿਚ ਸਥਿਤ ਛੱਪੜ ਗੰਦਗੀ ਦੀ ਦਲ ਦਲ ਨਾਲ ਭਰਿਆ ਹੋਇਆ ਜੋ ਵਾਰਡ ਦੇ ਲੋਕਾਂ ਨੂੰ ਭਿਆਨਕ ਬੀਮਾਰੀਆਂ ਵੰਡਣ ਦੇ ਨਾਲ-ਨਾਲ ਬੇਜ਼ੁਬਾਨ ਪਸ਼ੂਆਂ ਦੀ ਮੌਤ ਦਾ ਖੋਅ ਬਣ ਰਿਹਾ ਹੈ,
ਦਾ ਫ਼ਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਵੀ ਮੁਆਇਨਾ ਕਰ ਚੁੱਕੇ ਹਨ ਜਿਨ੍ਹਾਂ ਇਸ ਵਾਰਡ 'ਚ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ. ਤੋਂ ਬਾਅਦ ਗੰਦਗੀ ਭਰੇ ਛੱਪੜ ਦਾ ਹੱਲ ਕਰਨ ਦਾ ਨਗਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਸੀ। ਦੱਸਣਾ ਬਣਦਾ ਹੈ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਇਸ ਸਮੇਂ ਦੇ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਤੇ ਸਥਾਨਕ ਸ਼ਹਿਰ ਦੀ ਲੀਡਰਸ਼ਿਪ ਵਲੋਂ ਸਟੇਡੀਅਮ ਅਤੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਵੀ ਰੱਖੇ ਗਏ ਸਨ ਜੋ ਸਿਰਫ ਪੱਥਰ ਹੀ ਰਹਿ ਗਏ, ਇਸ 'ਤੇ ਕੋਈ ਕਾਰਵਾਈ ਨਹੀਂ ਹੋਈ।