
ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਪਰ ਦੋਸ਼ੀ ਨੂੰ ਕਾਬੂ ਕੀਤੇ ਜਾਣ ਦੀ ਪੁਲਿਸ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।
ਜਗਰਾਓਂ/ਮੁੱਲਾਂਪੁਰ ਦਾਖਾ(ਦਵਿੰਦਰ ਜੈਨ) – ਜਗਰਾਓਂ ਦੇ ਲਾਗਲੇ ਪਿੰਡ ਜਾਂਗਪੁਰ ਰਹਿੰਦੇ ਦੋ ਸਕੇ ਭਰਾਵਾਂ ਦਾ ਜ਼ਮੀਨੀ ਅਤੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਵਿਵਾਦ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਐਤਵਾਰ ਸਵੇਰੇ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਅਤੇ ਚਚੇਰੇ ਭਰਾ ’ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਰ ਕੇ ਦੋਵੇਂ ਭਰਾ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਪਿੰਡ ਵਾਸੀਆਂ ਨੇ ਇਲਾਜ ਲਈ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਦੋਵਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਜਦੋਂ ਅਮਰੀਕ ਸਿੰਘ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਘਰ ਪੁੱਜਾ ਤਾਂ ਪਹਿਲਾਂ ਹੀ ਤਿਆਰੀ ਵਿਚ ਬੈਠੇ ਉਸ ਦੇ ਛੋਟੇ ਭਰਾ ਸ਼ੇਰ ਸਿੰਘ ਨੇ ਆਪਣੇ ਪਿਸਤੌਲ ਨਾਲ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਿਰ ਮੋਟਰ ’ਤੇ ਚਲਾ ਗਿਆ ਜਿੱਥੇ ਉਸ ਨੇ ਪੱਠੇ ਵੱਢ ਰਹੇ ਆਪਣੇ ਚਚੇਰੇ ਭਰਾ ਹਾਕਮ ਸਿੰਘ ’ਤੇ ਵੀ ਫਾਇਰ ਕਰ ਦਿੱਤਾ।
ਜਿਹੜਾ ਉਸ ਦੇ ਕੰਨ ਕੋਲ ਦੀ ਨਿਕਲ ਗਿਆ ਤਾਂ ਇੰਨੇ ਵਿਚ ਹਾਕਮ ਸਿੰਘ ਨੇ ਸ਼ੇਰ ਸਿੰਘ ਨੂੰ ਫੜ ਲਿਆ। ਪਿੰਡ ਵਾਸੀਆਂ ਨੇ ਇਸ ਘਟਨਾ ਦੀ ਸੂਚਨਾ ਥਾਣਾ ਦਾਖਾ ਦੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਦਾਖਾ ਮੁਖੀ ਇੰਸਪੈਕਟਰ ਜਗਜੀਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ।
ਜਦੋਂ ਇਸ ਮਾਮਲੇ ਬਾਰੇ ਥਾਣਾ ਮੁਖੀ ਜਗਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਪਰ ਦੋਸ਼ੀ ਨੂੰ ਕਾਬੂ ਕੀਤੇ ਜਾਣ ਦੀ ਉਹਨਾਂ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।