
ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਜਤਾਇਆ ਜਾ ਰਿਹਾ ਖਦਸ਼ਾ
ਕਪੂਰਥਲਾ: ਜ਼ਿਲ੍ਹੇ ਦੇ ਪਿੰਡ ਰਾਏਪੁਰ ਪੀਰਬਖਸ਼ਵਾਲਾ ਦੇ ਦੋ ਨੌਜਵਾਨਾਂ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਦੋਵਾਂ ਦੀਆਂ ਲਾਸ਼ਾਂ ਹਮੀਰਾ ਫਲਾਈਓਵਰ ਦੇ ਹੇਠਾਂ ਖੇਤਾਂ 'ਚ ਵੱਖ-ਵੱਖ ਥਾਵਾਂ 'ਤੇ ਪਈਆਂ ਮਿਲੀਆਂ। ਲਾਸ਼ਾਂ ਕੋਲੋਂ ਇਕ ਬਾਈਕ ਅਤੇ ਫ਼ੋਨ ਵੀ ਬਰਾਮਦ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਬੰਧਤ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ।
ਇਹ ਵੀ ਪੜ੍ਹੋ: ਪੁਣੇ 'ਚ ਤਿਲਕ ਐਵਾਰਡ ਸਮਾਰੋਹ ਦੇ ਮੰਚ 'ਤੇ ਇਕੱਠੇ ਨਜ਼ਰ ਆਏ PM ਮੋਦੀ ਅਤੇ ਸ਼ਰਦ ਪਵਾਰ
ਡੀ.ਐਸ.ਪੀ. ਭੁਲੱਥ ਸੁਖਨਿੰਦਰ ਸਿੰਘ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਡੋਗਰਾਂਵਾਲ ਤੋਂ ਹਮੀਰਾ ਵਿਚਕਾਰ ਵਿਰਾਸਤੀ ਹਵੇਲੀ ਨੇੜੇ ਪੁਲ ਹੇਠਾਂ ਖੇਤਾਂ ਵਿਚ ਕੱਚੀ ਸੜਕ ’ਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਹਨ। ਸੂਚਨਾ ਮਿਲਣ 'ਤੇ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਉਥੇ ਦੋ ਲਾਸ਼ਾਂ ਪਈਆਂ ਸਨ। ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਬਿਕਰਮ ਸਿੰਘ ਅਤੇ ਸਤਪਾਲ ਸਿੰਘ ਵਾਸੀ ਰਾਏਪੁਰ ਪੀਰਬਖਸ਼ਵਾਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਨਿਲਾਮ ਹੋਇਆ ਚੰਡੀਗੜ੍ਹ ਦਾ ਵਿਰਾਸਤੀ ਫ਼ਰਨੀਚਰ
ਐਸ.ਐਚ.ਓ. ਹਰਦੀਪ ਸਿੰਘ ਨੇ ਦਸਿਆ ਕਿ ਬਿਕਰਮ ਸਿੰਘ ਪਹਿਲਾਂ ਵੀ ਨਸ਼ਾ ਕਰਦਾ ਸੀ। ਉਸ ਕੋਲ ਨਸ਼ਾ ਛੁਡਾਊ ਕੇਂਦਰ ਦਾ ਕਾਰਡ ਹੈ, ਜਿਥੋਂ ਉਹ ਨਸ਼ਾ ਛੁਡਾਉਣ ਲਈ ਦਵਾਈ ਖਾਂਦਾ ਸੀ, ਪਰ ਦੂਜੇ ਨੌਜਵਾਨ ਸਤਪਾਲ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।
ਇਹ ਵੀ ਪੜ੍ਹੋ: 35 ਸਾਲਾਂ ਦੇ ਵਿਛੋੜੇ ਤੋਂ ਬਾਅਦ ਮਾਂ ਨੂੰ ਅਪਣੇ ਘਰ (ਕਾਦੀਆਂ) ਲੈ ਕੇ ਪਹੁੰਚਿਆ ਪੁੱਤ, ਕਿਹਾ- ਅੱਜ ਮੇਰਾ ਰੱਬ ਘਰ ਆਇਆ
ਮ੍ਰਿਤਕ ਬਿਕਰਮ ਸਿੰਘ ਦੇ ਭਰਾ ਰਜਿੰਦਰ ਸਿੰਘ ਨੇ ਦਸਿਆ ਕਿ ਸਤਪਾਲ ਸਿੰਘ ਉਸ ਦਾ ਗੁਆਂਢੀ ਹੈ। ਦੋਵੇਂ ਸਵੇਰੇ 11 ਵਜੇ ਘਰੋਂ ਨਿਕਲੇ ਸਨ ਪਰ ਵਾਪਸ ਨਹੀਂ ਆਏ, ਉਨ੍ਹਾਂ ਦੇ ਮੋਬਾਈਲ ਵੀ ਬੰਦ ਆ ਰਹੇ ਸਨ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾ ਦਿਤਾ ਹੈ। ਹਾਲਾਂਕਿ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।