
ਕੈਪਟਨ ਸਰਕਾਰ ਵਲੋਂ ਪੰਜਾਬ 'ਚ ਮੁੜ ਤੋਂ ਪਸ਼ੂ ਮੇਲੇ ਸ਼ੁਰੂ ਕਰਨ ਦਾ ਫ਼ੈਸਲਾ
ਅੱਜ ਰਾਮਪੁਰਾ ਤੋਂ ਪੰਚਾਇਤ ਵਿਭਾਗ ਸ਼ੁਰੂ ਕਰਵਾਏ ਪਸ਼ੂ ਮੇਲੇ
ਬਠਿੰਡਾ, 30 ਸਤੰਬਰ (ਸੁਖਜਿੰਦਰ ਮਾਨ): ਆਰਥਕ ਤੌਰ 'ਤੇ ਪਹਿਲਾਂ ਹੀ ਵੱਡੇ ਘਾਟੇ ਸਹਿ ਰਹੀ ਪੰਜਾਬ ਸਰਕਾਰ ਵਲੋਂ ਹੁਣ ਸੂਬੇ 'ਚ ਬੰਦ ਪਏ ਪਸ਼ੂ ਮੇਲਿਆਂ ਨੂੰ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਭਲਕੇ ਬਠਿੰਡਾ ਜ਼ਿਲ੍ਹੇ ਦੀ ਰਾਮਪੁਰਾ ਮੰਡੀ ਤੋਂ ਇਹ ਪਸ਼ੂ ਮੇਲੇ ਸ਼ੁਰੂ ਕੀਤੇ ਜਾ ਰਹੇ ਹਨ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇੰਨ੍ਹਾਂ ਪਸ਼ੂ ਮੇਲਿਆਂ ਦਾ ਪ੍ਰਬੰਧ ਦਹਾਕਿਆਂ ਬਾਅਦ ਖ਼ੁਦ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਕੀਤਾ ਜਾ ਰਿਹਾ। ਜਦੋਂਕਿ ਪਿਛਲੇ ਕਈ ਸਾਲਾਂ ਤੋਂ ਪਸ਼ੂ ਮੇਲਿਆਂ ਦਾ ਪ੍ਰਬੰਧ ਪ੍ਰਾਈਵੇਟ ਠੇਕੇਦਾਰਾਂ ਦੁਆਰਾ ਕੀਤਾ ਜਾ ਰਿਹਾ ਸੀ। ਸੂਬੇ 'ਚ ਹਰ ਮਹੀਨੇ 23 ਮੰਡੀਆਂ ਵਿਚ ਵੱਡੇ ਪਸ਼ੂ ਮੇਲੇ ਲੱਗਦੇ ਹਨ, ਜਿੱਥੋਂ ਪਹਿਲਾਂ ਸਰਕਾਰ ਨੂੰ ਲੱਖਾਂ ਰੁਪਏ ਦੀ ਆਮਦਨ ਹੁੰਦੀ ਸੀ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲੰਘੀ 19 ਮਾਰਚ ਤੋਂ ਪੰਜਾਬ 'ਚ ਲਾਗੂ ਕੀਤੀ ਤਾਲਾਬੰਦੀ ਦੇ ਚਲਦਿਆਂ ਇਹ ਪਸ਼ੂ ਮੇਲੇ ਵੀ ਬੰਦ ਹੋ ਗਏ ਸਨ।
ਹਾਲਾਂਕਿ ਪੰਜਾਬ ਸਰਕਾਰ ਵਲੋਂ ਕੁੱਝ ਦਿਨ ਪਹਿਲਾਂ ਇੰਨ੍ਹਾਂ ਪਸ਼ੂ ਮੇਲਿਆਂ ਨੂੰ ਮੁੜ ਸ਼ੁਰੂ ਕਰਨ ਲਈ ਪ੍ਰਾਈਵੇਟ ਠੇਕੇਦਾਰਾਂ ਨੂੰ ਸੱਦਾ ਦਿਤਾ ਸੀ ਪ੍ਰੰਤੂ ਪਸ਼ੂ ਮੇਲਿਆਂ ਵਿਚ ਘਾਟਾ ਖਾ ਚੁੱਕੇ ਠੇਕੇਦਾਰਾਂ ਦੁਆਰਾ ਰੁਚੀ ਨਾ ਦਿਖਾਉਣ ਦੇ ਚਲਦਿਆਂ ਸਰਕਾਰ ਨੇ ਇਸ ਠੇਕੇ ਨੂੰ ਕੁੱਝ ਦਿਨਾਂ ਲਈ ਟਾਲ ਦਿਤਾ ਸੀ। ਇਸ ਦੌਰਾਨ ਪਸ਼ੂ ਮੇਲੇ ਬੰਦ ਹੋਣ ਨਾਲ ਇਸ ਕਿੱਤੇ 'ਚ ਜੁੜੇ ਵੱਖ-ਵੱਖ ਵਰਗਾਂ ਦੇ ਲੱਖਾਂ ਲੋਕ ਵੀ ਵਿਹਲੇ ਹੋ ਗਏ ਸਨ। ਹੁਣ ਇੰਨ੍ਹਾਂ ਪਸ਼ੂ ਵਪਾਰੀਆਂ ਤੇ ਇਸ ਕਾਰੋਬਾਰ ਨਾਲ ਜੁੜੇ ਇੰਨ੍ਹਾਂ ਵਰਗਾਂ ਵਲੋਂ ਪੰਜਾਬ ਸਰਕਾਰ ਮੇਲੇ ਸ਼ੁਰੂ ਕਰਨ ਲਈ ਵੀ ਦਬਾਅ ਬਣਾਇਆ ਜਾ ਰਿਹਾ ਸੀ। ਇਸ ਸਬੰਧ ਵਿਚ ਕੁੱਝ ਦਿਨ ਪਹਿਲਾਂ ਪੰਜਾਬ ਰਾਜ ਪਸ਼ੂ ਮੰਡੀ ਆੜਤੀ ਯੂਨੀਅਨ ਵਲੋਂ ਵੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਮਿਲਕੇ ਸਰਕਾਰੀ ਪੱਧਰ 'ਤੇ ਮੁੜ ਪਸ਼ੂ ਮੇਲੇ ਸ਼ੁਰੂ ਕਰਨ ਦੀ ਮੰਗ ਕੀਤੀ ਸੀ।
ਸੂਚਨਾ ਮੁਤਾਬਕ ਵਿਭਾਗ ਵਲੋਂ ਹੁਣ ਅਪਣੇ ਪੱਧਰ 'ਤੇ ਪਸ਼ੂ ਮੇਲਿਆਂ ਨੂੰ ਸੁਰਜੀਤ ਕਰਨ ਲਈ ਇਕ ਅਕਤੂਬਰ ਤੋਂ ਰਾਮਪੁਰਾ ਮੰਡੀ ਵਿਖੇ ਲੱਗਣ ਵਾਲੇ ਪਸ਼ੂ ਮੇਲੇ ਨੂੰ ਮੁੜ ਲਗਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿਚ ਪੰਚਾਇਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣ ਤੋਂ ਇਲਾਵਾ ਇਲਾਕੇ ਪੰਚਾਂ-ਸਰਪੰਚਾਂ ਨੂੰ ਵੀ ਸੂਚਿਤ ਕੀਤਾ ਗਿਆ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਜੱਸਲ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ '' ਸਰਕਾਰ ਦੀਆਂ ਹਿਦਾਇਤਾਂ ਤਹਿਤ ਵਿਭਾਗ ਵਲੋਂ ਅਪਣੇ ਪੱਧਰ 'ਤੇ ਇਹ ਮੇਲਾ ਲਗਾਇਆ ਜਾ ਰਿਹਾ ਹੈ ਤੇ ਇਸ ਸਬੰਧ ਵਿਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਪੰਜਾਬ 'ਚ ਲੱਗਣ ਵਾਲੇ ਮਹੱਤਵਪੂਰਨ ਪਸ਼ੂ ਮੇਲੇ
ਬਠਿੰਡਾ: ਸੂਬੇ ਵਿਚ ਪਸ਼ੂ ਮੇਲਿਆਂ ਦੀ ਇਕ ਤਰੀਕ ਤੋਂ ਸ਼ੁਰੂਆਤ ਰਾਮਪੁਰਾ ਮੰਡੀ ਤੋਂ ਹੀ ਹੁੰਦੀ ਹੈ ਜਦੋਂਕਿ ਇਸ ਤੋਂ ਬਾਅਦ 5 ਨੂੰ ਕੁਰਾਲੀ, 8 ਨੂੰ ਖੰਨਾ, 11 ਨੂੰ ਧਨੌਲਾ, 15 ਨੂੰ ਮੁੜ ਖੰਨਾ, 20 ਨੂੰ ਮੋੜ ਮੰਡੀ, 23 ਨੂੰ ਜਗਰਾਓ, 25 ਨੂੰ ਮੁੜ ਕੁਰਾਲੀ ਅਤੇ 28 ਨੂੰ ਖੰਨਾ ਵਿਖੇ ਪਸ਼ੂ ਮੇਲਾ ਲੱਗਦਾ ਹੈ। ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੀ ਹੱਦ 'ਤੇ ਕਿਲਿਆਵਾਲੀ ਮੰਡੀ ਵਿਚ ਹੀ ਹਰ ਐਤਵਾਰ ਨੂੰ ਭਰਵਾਂ ਪਸ਼ੂ ਮੇਲਾ ਲੱਗਦਾ ਹੈ।
ਮੇਲੇ ਬੰਦ ਹੋਣ ਨਾਲ ਲੱਖਾਂ ਲੋਕਾਂ ਨੂੰ ਮਾਰ ਪਈ: ਬੱਬੂ ਖ਼ਾਨ
ਬਠਿੰਡਾ: ਉਧਰ ਪੰਜਾਬ ਰਾਜ ਪਸ਼ੂ ਮੰਡੀ ਆੜਤੀ ਯੂਨੀਅਨ ਦੇ ਪ੍ਰਧਾਨ ਬੱਬੂ ਖ਼ਾਨ ਨੇ ਦਾਅਵਾ ਕੀਤਾ ਕਿ ਪਿਛਲੇ ਕਰੀਬ ਸਾਢੇ 6 ਮਹੀਨਿਆਂ ਤੋਂ ਪੰਜਾਬ ਵਿਚ ਪਸ਼ੂ ਮੇਲੇ ਬੰਦ ਹੋਣ ਕਾਰਨ ਇਸ ਕਿੱਤੇ ਨਾਲ ਜੁੜੇ ਲੱਖਾਂ ਲੋਕਾਂ ਨੂੰ ਆਰਥਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਪਣੇ ਪੱਧਰ 'ਤੇ ਇੰਨ੍ਹਾਂ ਮੇਲਿਆਂ ਨੂੰ ਸ਼ੁਰੂ ਕਰਵਾਏ ਅਤੇ ਯੂਨੀਅਨ ਪੂਰਾ ਸਹਿਯੋਗ ਕਰੇਗੀ।