
6ਵੇਂ ਗੈਂਗਸਟਰ ਦੀ ਭਾਲ ਜਾਰੀ ਹੈ
ਚੰਡੀਗੜ੍ਹ - ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਜਲੰਧਰ ਦੇ ਇੱਕ ਪਿੰਡ ਤੋਂ 5 ਸ਼ੱਕੀ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਸਵਰਨਦੀਪ ਸਿੰਘ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਛੇਵਾਂ ਗੈਂਗਸਟਰ ਫਰਾਰ ਹੈ ਅਤੇ ਉਸ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਜਲੰਧਰ ਦੇ ਭੋਗਪੁਰ ਇਲਾਕੇ ਦੇ ਪਿੰਡ ਚੱਕ ਝੰਡੂ ਦੇ ਆਸ-ਪਾਸ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਿਸ ਨੇ ਇਸ ਪਿੰਡ ਵਿਚ ਮੁਹਿੰਮ ਵਿੱਢੀ ਹੋਈ ਸੀ। ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੂੰ ਪਿੰਡ 'ਚ ਕੁਝ ਲੋੜੀਂਦੇ ਅਪਰਾਧੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ ਅਤੇ ਉਨ੍ਹਾਂ ਨੂੰ ਫੜਨ ਲਈ ਮੰਗਲਵਾਰ ਸਵੇਰੇ ਛਾਪੇਮਾਰੀ ਕੀਤੀ ਗਈ। ਪੁਲਿਸ ਨੇ ਨੇੜਲੇ ਗੰਨੇ ਦੇ ਖੇਤਾਂ ਵਿਚ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਡਰੋਨ ਵੀ ਤਾਇਨਾਤ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪੁਲਿਸ ਪਾਰਟੀ ’ਤੇ ਤਿੰਨ ਗੋਲੀਆਂ ਚਲਾਈਆਂ ਅਤੇ ਪੁਲਿਸ ਮੁਲਾਜ਼ਮਾਂ ਨੇ ਵੀ ਜਵਾਬੀ ਕਾਰਵਾਈ ਵਿਚ ਦੋ ਗੋਲੀਆਂ ਚਲਾਈਆਂ।
ਐਸਐਸਪੀ ਨੇ ਦੱਸਿਆ ਕਿ ਜਲੰਧਰ ਅਤੇ ਅੰਮ੍ਰਿਤਸਰ ਤੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇੱਕ ਅਜੇ ਵੀ ਫਰਾਰ ਹੈ। ਇਹ ਪੁੱਛਣ 'ਤੇ ਕਿ ਸ਼ੱਕੀ ਅਪਰਾਧੀ ਕਿਸ ਗਿਰੋਹ ਨਾਲ ਸਬੰਧਤ ਸਨ ਤਾਂ ਸਿੰਘ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ। ਮੁਲਜ਼ਮਾਂ ਕੋਲੋਂ ਤਿੰਨ ਹਥਿਆਰ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਦੀ ਸਾਂਝੀ ਕਾਰਵਾਈ ਸੀ।