
ਉਸ ਨੇ 20 ਮਾਰਚ 2018 ਨੂੰ ਅਪਣੇ ਪੁੱਤਰ ਸੰਜੂ ਕੁਮਾਰ (10) ਅਤੇ ਧੀ ਪਲਕ (8) ਨੂੰ ਸਕੂਲ ਪੜ੍ਹਣ ਜਾਂਦਿਆਂ ਨਹਿਰ ਵਿਚ ਸੁੱਟ ਕੇ ਮਾਰ ਦਿਤਾ ਸੀ।
ਸ੍ਰੀ ਮੁਕਤਸਰ ਸਾਹਿਬ : ਅਪਣੇ ਹੀ ਮਾਸੂਮ ਪੁੱਤਰ ਤੇ ਧੀ ਨੂੰ ਨਹਿਰ ਵਿਚ ਸੁੱਟ ਕੇ ਮਾਰਨ ਵਾਲੇ ਕਲਯੁੱਗੀ ਬਾਪ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਅਰੁਣਵੀਰ ਵਸ਼ਿਸ਼ਟ ਦੀ ਅਦਾਲਤ ਨੇ ਜ਼ਿਲ੍ਹਾ ਅਟਾਰਨੀ ਐਸ.ਕੇ. ਕੋਛੜ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਮਰ ਕੈਦ ਦੀ ਸਜ਼ਾ ਦਾ ਹੁਕਮ ਦਿਤਾ ਹੈ।
ਜਾਣਕਾਰੀ ਅਨੁਸਾਰ ਪਿੰਡ ਰੁਪਾਣਾ ਦੇ ਰਹਿਣ ਵਾਲੇ ਨੱਥੂ ਰਾਮ ਬਿਜਲੀ ਮੈਕੇਨਿਕ ਸੀ ਅਤੇ ਉਹ ਅਪਣੇ ਬਾਪ, ਪਤਨੀ ਤੇ ਬੱਚਿਆਂ ਨਾਲ ਰਹਿੰਦਾ ਸੀ। ਉਹ ਅਕਸਰ ਆਰਥਕ ਤੰਗੀ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਦੇ ਚਲਦਿਆਂ ਉਸ ਨੇ 20 ਮਾਰਚ 2018 ਨੂੰ ਅਪਣੇ ਪੁੱਤਰ ਸੰਜੂ ਕੁਮਾਰ (10) ਅਤੇ ਧੀ ਪਲਕ (8) ਨੂੰ ਸਕੂਲ ਪੜ੍ਹਣ ਜਾਂਦਿਆਂ ਨਹਿਰ ਵਿਚ ਸੁੱਟ ਕੇ ਮਾਰ ਦਿਤਾ ਸੀ।
ਇਸ ਦੀ ਜਾਣਕਾਰੀ ਨੱਥੂ ਰਾਮ ਦੇ ਪਿਤਾ ਟੇਕ ਚੰਦ ਨੇ ਪੁਲਿਸ ਨੂੰ ਦਿਤੀ ਜਿਸ ਦੇ ਆਧਾਰ ’ਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਨੱਥੂ ਰਾਮ ਵਿਰੁਧ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕੀਤੇ ਦਸਤਾਵੇਜਾਂ ਅਤੇ ਸਰਕਾਰੀ ਵਕੀਲ ਐਸ.ਕੇ. ਕੋਛੜ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਦਾ ਹੁਕਮ ਦਿਤਾ ਹੈ।