
ਗੋਲੋਵਾਲਾ ਪੁਲਸ ਚੌਕੀ ਦੀ ਪੁਲਸ ਪਹੁੰਚ ਕੇ ਕਾਰ ਅਤੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
ਫਰੀਦਕੋਟ : ਫਰੀਦਕੋਟ ਤੋਂ ਫ਼ਿਰੋਜ਼ਪੁਰ ਮੇਨ ਸੜਕ ’ਤੇ ਪਿੰਡ ਗੋਲੇਵਾਲਾ ਵਿਖੇ ਕਾਰ ਤੇ ਮੋਟਰਸਾਈਕਲ ਵਿਚਕਾਰ ਵਾਪਰੇ ਹਾਦਸੇ ’ਚ ਮੋਟਰਸਾਈਕਲ ਸਵਾਰ ਤਿੰਨ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਸਰਬਜੀਤ ਕੌਰ (45) ਪਤਨੀ ਚੰਦ ਸਿੰਘ, ਸੰਤ ਪ੍ਰੀਤ ਸਿੰਘ (12), ਗੁਰਕੀਰਤ ਸਿੰਘ (22) ਵਾਸੀ ਪਿੰਡ ਝਾੜੀਵਾਲਾ ਜ਼ਿਲ੍ਹਾ ਫ਼ਰੀਦਕੋਟ ਦੀ ਮੌਤ ਹੋ ਗਈ।
ਇਸ ਟੱਕਰ ਦੌਰਾਨ ਕਾਰ ਚਾਲਕ ਜ਼ਖ਼ਮੀ ਹੋ ਗਿਆ ਹੈ। ਗੋਲੋਵਾਲਾ ਪੁਲਸ ਚੌਕੀ ਦੀ ਪੁਲਸ ਪਹੁੰਚ ਕੇ ਕਾਰ ਅਤੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਸ ਮੌਕੇ ਚੰਦ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਸੰਤ ਸਿੰਘ ਹੈ। ਉਸ ਦੇ ਪਿਤਾ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦਾ ਭੋਗ ਸ਼ੁੱਕਰਵਾਰ ਨੂੰ ਰੱਖਿਆ ਗਿਆ ਸੀ। ਉਸ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਪੁੱਤਰ ਸੰਤ ਸਿੰਘ ਦੇ ਢਿੱਡ ’ਚ ਤੇਜ਼ ਦਰਦ ਹੋ ਰਿਹਾ ਸੀ ਅਤੇ ਉਹ ਦਰਦ ਨਾਲ ਤੜਫ਼ ਰਿਹਾ ਸੀ।
ਇਸ ਦੌਰਾਨ ਮੇਰੀ ਪਤਨੀ ਸਰਬਜੀਤ ਕੌਰ ਅਤੇ ਗੁਰਕੀਰਤ ਗੋਲੇਵਾਲਾ ਉਸ ਲਈ ਦਵਾਈ ਲੈਣ ਜਾ ਰਹੇ ਸਨ। ਇਸੇ ਦੌਰਾਨ ਦੂਜੇ ਪਾਸੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵਾਂ ਲੜਕਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।