
ਅਕਾਲੀ ਦਲ ਉਤੇ ਝੁੱਲ ਰਿਹਾ ਹੈ ਮੁਸੀਬਤਾਂ ਦਾ ਪਹਾੜ। ਐਸ.ਆਈ.ਟੀ ਵਲੋਂ ਸਪਲੀਮੈਂਟਰੀ ਚਲਾਨ....
ਚੰਡੀਗੜ੍ਹ : ਅਕਾਲੀ ਦਲ ਉਤੇ ਝੁੱਲ ਰਿਹਾ ਹੈ ਮੁਸੀਬਤਾਂ ਦਾ ਪਹਾੜ। ਐਸ.ਆਈ.ਟੀ ਵਲੋਂ ਸਪਲੀਮੈਂਟਰੀ ਚਲਾਨ ਪੇਸ਼ ਕਰਨ ਤੋਂ ਬਾਅਦ ਪੱਟੀ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ 13 ਮਾਰਚ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਦੱਸ ਦਈਏ ਕਿ 1983 ਵਿਚ ਪੱਟੀ ਵਿਚ ਅੱਤਵਾਦੀਆਂ ਵਲੋਂ ਕਲੀਨਿਕ ਵਿਚ ਦਾਖਲ ਹੋ ਕੇ ਡਾ. ਸੁਦਰਸ਼ਨ ਕੁਮਾਰ ਤ੍ਰੇਹਨ ਦੇ ਕਤਲ ਮਾਮਲੇ ਵਿਚ ਮੁਲਜ਼ਮ ਪਾਏ ਗਏ ਸਨ। ਦਰਅਸਲ ਉਸ ਵੇਲੇ ਇਸ ਮਾਮਲੇ ਵਿਚ ਹਰਦੇਵ ਸਿੰਘ ਤੇ ਬਲਦੇਵ ਸਿੰਘ ਨਾਂ ਦੇ ਦੋ ਅੱਤਵਾਦੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
Virsa Singh Valtoha
ਉਕਤ ਅੱਤਵਾਦੀਆਂ ਨੇ ਪੁਲਿਸ ਦੀ ਪੁੱਛ-ਗਿੱਛ ਦੌਰਾਨ ਖੇਮਕਰਨ ਤੋਂ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ ਨਾਂਅ ਲਿਆ ਸੀ। ਇਹ ਦੋਨੋਂ ਤਾਂ ਕੁਝ ਤੱਥਾਂ ਦੇ ਨਾ ਮਿਲਣ ਉਤੇ ਬਰੀ ਹੋ ਗਏ ਸਨ। ਪਰ ਵਲਟੋਹੇ ਦਾ ਨਾਂਅ ਇਸ ਮਾਮਲੇ ਵਿਚ ਰਹਿ ਗਿਆ ਸੀ। ਵਲਟੋਹਾ ਨੂੰ 1984 ਦੇ ਸਿੱਖ ਕਤਲੇਆਮ ਵਿਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। 1991 ਵਿਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਪੁਲਿਸ ਨੇ ਉਦੋਂ ਤੋਂ ਇਸ ਮਾਮਲੇ ਵਿਚ ਚਲਾਨ ਪੇਸ਼ ਨਹੀਂ ਕੀਤਾ ਸੀ। ਇਸ ਤੋਂ ਬਾਅਦ ਇਹ ਮਾਮਲਾ ਜਦੋਂ ਦੁਬਾਰਾ ਉੱਠਿਆ ਤਾਂ ਇਸ ਮਾਮਲੇ ਦੀ ਜਾਂਚ ਲਈ ਸਿਟ ਟੀਮ ਬਣਾਈ ਗਈ।
Virsa Singh Valtoha
ਹੁਣ 35 ਸਾਲਾਂ ਬਾਅਦ ਪੁਲਿਸ ਨੇ ਇਸ ਮਾਮਲੇ ਵਿਚ ਪੱਟੀ ਅਦਾਲਤ ਵਿਚ ਸ਼ੁੱਕਰਵਾਰ ਨੂੰ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਇਥੇ ਮਨੀਸ਼ ਗਰਗ ਦੀ ਅਦਾਲਤ ਨੇ ਵਲਟੋਹਾ ਨੂੰ 13 ਮਾਰਚ ਤਕ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ। ਇਸ ਮਾਮਲੇ ਸਬੰਧੀ ਵਲਟੋਹਾ ਦਾ ਕਹਿਣਾ ਹੈ ਕਿ ਚੋਣਾਂ ਦੇ ਚੱਲਦਿਆਂ ਉਨ੍ਹਾਂ ਦੀ ਸ਼ਖ਼ਸੀਅਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਉਨ੍ਹਾਂ ਨੂੰ ਇਸ ਮਾਮਲੇ ਵਿਚ ਫਸਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਬਰੀ ਕਰ ਦਿਤਾ ਗਿਆ ਹੈ ਅਤੇ ਉਹ ਅਦਾਲਤ ਵਿਚ ਅਪਣਾ ਪੱਖ ਰੱਖਣਗੇ।