
ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਫਰਜੰਦ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਕ ਮੁਲਾਕਾਤ ਦੌਰਾਨ ਅਕਾਲੀ...
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਫਰਜੰਦ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਕ ਮੁਲਾਕਾਤ ਦੌਰਾਨ ਅਕਾਲੀ ਦਲ ਵਲੋਂ 2 ਫ਼ਰਵਰੀ ਦੀ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਵਿਚ ਰੈਲੀ ਇੰਚਾਰਜ ਵਜੋਂ ਥਾਪੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਆੜੇ ਹੱਥੀਂ ਲਿਆ।
File Photo
ਉਨ੍ਹਾਂ ਕਿਹਾ ਕਿ ਲੌਂਗੋਵਾਲ ਨੇ ਪਿਛਲੇ ਦਿਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਕ ਪ੍ਰਚਾਰ ਨੂੰ ਛੱਡ ਕੇ ਅਕਾਲੀ ਦਲ ਦੇ ਪ੍ਰਚਾਰ ਕਰਨ ਦਾ ਜੋ ਬੀੜਾ ਚੁਕਿਆ ਹੋਇਆ ਹੈ, ਨੇ ਸਿੱਖ ਸੰਗਤ ਦੇ ਮਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਦਕਿ ਭਾਈ ਲੌਂਗੋਵਾਲ ਤਾਂ ਹੁਣ ਇਹ ਸੋਚ ਰਿਹਾ ਹੈ ਕਿ ਬਾਦਲਾਂ ਨੇ ਹੀ ਉਸ ਨੂੰ ਪ੍ਰਧਾਨ ਬਣਾਇਆ ਹੈ ਨਾ ਕਿ ਸੰਗਤ ਨੇ ਜਿਸ ਕਾਰਨ ਉਸ ਨੇ ਸ਼੍ਰੋਮਣੀ ਕਮੇਟੀ, ਸਿੱਖ ਸੰਗਤ ਅਤੇ ਗੁਰੂ ਘਰਾਂ ਦੀ ਸੇਵਾ ਦੀ ਥਾਂ ਬਾਦਲਾਂ ਦੀ ਸੇਵਾ ਨੂੰ ਹੀ ਪਹਿਲ ਦੇਣੀ ਹੈ ਅਤੇ ਉਹ ਅਪਣੇ ਅਜਿਹੇ ਫ਼ਰਜ਼ ਨੂੰ ਬਾਖੂਬੀ ਨਿਭਾ ਰਿਹਾ ਹੈ।
File Photo
ਢੀਂਡਸਾ ਨੇ ਅੱਗੇ ਬੋਲਦਿਆਂ ਕਿਹਾ ਕਿ ਭਾਈ ਲੌਂਗੋਵਾਲ ਨੂੰ ਸਿੱਖ ਸੰਗਤ ਕਰੋੜਾਂ ਰੁਪਏ ਦਾ ਗੱਡੀਆ ਵਿਚ ਤੇਲ ਫੂਕਣ ਲਈ ਆਉਣ ਵਾਲੇ ਸਮੇਂ ਵਿਚ ਜਵਾਬਦੇਹ ਬਣਾਵੇਗੀ ਜਦਕਿ ਲੌਂਗੋਵਾਲ ਰੈਲੀ ਵਿਚ ਇੱਕਠ ਕਰਨ ਲਈ ਪਿੰਡਾਂ ਅੰਦਰ ਮੋਹਤਬਰਾਂ ਜਾਂ ਪੰਚਾਇਤਾਂ ਨੂੰ ਇਹ ਕਹਿ ਕੇ ਇੱਕਠ ਕਰਨ ਉਪਰ ਜ਼ੋਰ ਦੇ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਪਿੰਡਾਂ ਦੇ ਗੁਰੂ ਘਰਾਂ ਨੂੰ ਗ੍ਰਾਂਟਾਂ ਦੇਵੇਗੀ, ਜਿਥੋਂ ਰੈਲੀ ਵਿਚ ਵਧੇਰੇ ਵਿਅਕਤੀ ਆਉਣਗੇ ਜਦਕਿ ਕੁੱਝ ਵਿਅਕਤੀਆਂ ਨੂੰ ਕਮੇਟੀ ਦੇ ਖਾਤੇ ਵਿਚੋਂ ਨਿਜੀ ਫ਼ੰਡ ਵੀ ਮੁਹਈਆ ਕਰਵਾਏ ਜਾ ਰਹੇ ਹਨ ਜੋ ਗੁਰੂ ਘਰ ਦੀ ਗੋਲਕਾਂ ਦੀ ਨਾਜਾਇਜ਼ ਵਰਤੋਂ ਕਰਨਾ ਹੈ।
File Photo
ਸ. ਢੀਂਡਸਾ ਨੇ ਅੰਤ ਵਿਚ ਕਿਹਾ ਕਿ ਅਕਾਲੀ ਦਲ ਦੀ ਸੰਗਰੂਰ ਰੈਲੀ ਫ਼ੇਲ੍ਹ ਹੀ ਸਾਬਤ ਨਹੀਂ ਹੋਵੇਗੀ ਬਲਕਿ ਅਪਣੇ ਸਿਧਾਂਤਾਂ ਤੋਂ ਭਟਕ ਚੁੱਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਸੂਬੇ ਅੰਦਰ ਉਸ ਦੀ ਸਿਆਸੀ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾ ਦੇਵੇਗੀ ਕਿ ਹੁਣ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿਤਾ ਹੈ। ਇਸ ਮੌਕੇ ਅਮਨਦੀਪ ਸਿੰਘ ਜੋਨੀ ਧੂਰਕੋਟ ਅਤੇ ਹਰਦੀਪ ਸਿੰਘ ਘੁੰਨਸ ਵੀ ਹਾਜ਼ਰ ਸਨ।