
ਕੌਮੀ ਮਾਰਗਾਂ ਕੰਢੇ ਸ਼ਰਾਬ ਦੇ ਠੇਕਿਆਂ ਦਾ ਮਾਮਲਾ
ਚੰਡੀਗੜ੍ਹ : ਕੌਮੀ ਮਾਰਗਾਂ ਕਿਨਾਰੇ ਸ਼ਰਾਬ ਦੇ ਠੇਕਿਆਂ ਦੇ ਮਾਮਲੇ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭਾਰਤੀ ਕੌਮੀ ਮਾਰਗ ਅਥਾਰਟੀ, ਹਾਈਵੇ ਪ੍ਰਸ਼ਾਸਨ ਸਣੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਕਰਵਾਈ ਗ਼ੈਰ ਸਰਕਾਰੀ ਸੰਸਥਾ ਅਰਾਈਵ ਸੇਫ਼ ਵਲੋਂ ਦਾਇਰ ਅਦਾਲਤੀ ਹੱਤਕ ਦੇ ਦੋਸ਼ਾਂ ਦੀ ਪਟੀਸ਼ਨ ਤਹਿਤ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ਕੌਮੀ ਅਤੇ ਰਾਜ ਮਾਰਗਾਂ ਦੇ ਕੰਢਿਆਂ ਤੋਂ ਠੇਕੇ ਦੀ ਪਹੁੰਚ 500 ਮੀਟਰ ਤੋਂ ਦੂਰ ਹੋਣ ਅਤੇ ਠੇਕੇ ਨਾ ਦਿਸਣ ਦੀ ਸ਼ਰਤ ਨੂੰ ਯਕੀਨ ਬਣਾਉਣ ਲਈ ਕਿਹਾ ਗਿਆ ਸੀ ਪਰ ਅਸਲੀਅਤ ਵਿਚ ਅਜਿਹਾ ਨਹੀਂ ਕੀਤਾ ਜਾ ਰਿਹਾ, ਜੋ ਕਿ ਪ੍ਰਤੱਖ ਅਦਾਲਤੀ ਹੱਤਕ ਹੈ।
ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਪੰਜਾਬ ਅਤੇ ਹਰਿਆਣਾ ਵਿਚ ਹਾਈਵੇ ਕਿਨਾਰੇ ਸ਼ਰਾਬ ਠੇਕੇ ਚੱਲ ਰਹੇ ਹਨ ਜਿਸ ਕਰ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਜਿਹਾ ਕਦਮ ਚੁੱਕਿਆ ਹੈ। ਅਗਲੀ ਸੁਣਵਾਈ 21 ਜੁਲਾਈ ਨੂੰ ਹੋਵੇਗੀ।