
ਨਾਮਜ਼ਦਗੀ ਪੱਤਰ ਭਰਦੇ ਸਮੇਂ ਸੰਨੀ ਦਿਓਲ ਨੇ ਭਰਿਆ ਸੀ ਅਪਣਾ ਨਾਂਅ ਅਜੇ ਸਿੰਘ ਧਰਮਿੰਦਰ ਦਿਓਲ
ਚੰਡੀਗੜ੍ਹ: ਗੁਰਦਾਸਪੁਰ ਲੋਕਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦੇ ਨਾਂਅ ਨੂੰ ਲੈ ਕੇ ਭਾਜਪਾ ਨਵੀਂ ਹੀ ਉਲਝਣ ਵਿਚ ਫਸ ਗਈ ਹੈ। ਦਰਅਸਲ, ਚੋਣਾਂ ਲਈ ਨਾਮਜ਼ਦਗੀ ਪੱਤਰ ਭਰਦੇ ਸਮੇਂ ਸੰਨੀ ਦਿਓਲ ਨੇ ਅਪਣਾ ਨਾਂਅ ਅਜੇ ਸਿੰਘ ਧਰਮਿੰਦਰ ਦਿਓਲ ਭਰਿਆ ਸੀ ਜੋ ਕਿ ਸੰਨੀ ਦਿਓਲ ਦਾ ਅਸਲ ਨਾਂਅ ਹੈ। ਅਜਿਹੇ ਵਿਚ ਭਾਜਪਾ ਲੀਡਰਾਂ ਨੂੰ ਲੱਗਦਾ ਹੈ ਕਿ ਸੰਨੀ ਦਿਓਲ ਦੇ ਅਸਲ ਨਾਂਅ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤੇ ਕਿਤੇ ਲੋਕਾਂ ਨੂੰ ਇਸ ਬਾਰੇ ਭੁਲੇਖਾ ਨਾ ਪੈ ਜਾਵੇ।
Sunny Deol files nomination
ਪਾਰਟੀ ਦਾ ਕਹਿਣਾ ਹੈ ਕਿ ਲੋਕ ਸੰਨੀ ਦਿਓਲ ਨੂੰ ਇਸੇ ਨਾਂਅ ਨਾਲ ਜਾਣਦੇ ਹਨ। ਚੋਣਾਂ ਵੇਲੇ ਵੋਟ ਪਾਉਣ ਲੱਗਿਆ ਲੋਕਾਂ ਨੂੰ ਭੁਲੇਖਾ ਪੈਣਾ ਲਾਜ਼ਮੀ ਹੈ। ਖ਼ਾਸ ਗੱਲ ਇਹ ਹੈ ਕਿ ਚੋਣ ਸਮੱਗਰੀ ਵਿਚ ਕਿਤੇ ਵੀ ਅਜੇ ਸਿੰਘ ਧਰਮਿੰਦਰ ਦਿਓਲ ਨਹੀਂ ਲਿਖਿਆ ਗਿਆ। ਭਾਜਪਾ ਵੋਟਿੰਗ ਮਸ਼ੀਨ ’ਤੇ ਸੰਨੀ ਦਿਓਲ ਨਾਂਅ ਲਿਖਵਾਉਣਾ ਚਾਹੁੰਦੀ ਹੈ, ਜਿਸ ਕਰਕੇ ਪਾਰਟੀ ਨੇ ਚੋਣ ਕਮਿਸ਼ਨ ਨਾਲ ਸੰਪਰਕ ਕਰਕੇ ਈਵੀਐਮ ਮਸ਼ੀਨ ’ਤੇ ਅਜੇ ਸਿੰਘ ਧਰਮਿੰਦਰ ਦਿਓਲ ਦੀ ਜਗ੍ਹਾ ਸੰਨੀ ਦਿਓਲ ਲਿਖਣ ਦੀ ਅਪੀਲ ਕੀਤੀ ਹੈ।
Sunny Deol files nomination
ਦਰਅਸਲ, ਭਾਜਪਾ ਸੰਨੀ ਦਿਓਲ ਦੀ ਅਦਾਕਾਰ ਵਾਲੀ ਸ਼ਖ਼ਸੀਅਤ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੁੰਦੀ ਹੈ। ਬਹੁਤ ਸਾਰੇ ਬਜ਼ੁਰਗ ਤੇ ਪੇਂਡੂ ਖੇਤਰਾਂ ਦੇ ਵੋਟਰ ਉਨ੍ਹਾਂ ਦੀ ਫੋਟੋ ਵੀ ਨਹੀਂ ਪਛਾਣ ਪਾਉਂਦੇ। ਦੱਸ ਦਈਏ ਕਿ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ, ਈਵੀਐਮ 'ਤੇ ਸਿਰਫ਼ ਉਹੀ ਨਾਂਅ ਲਿਖਿਆ ਜਾਂਦਾ ਹੈ ਜੋ ਨਾਮਜ਼ਦਗੀ ਵੇਲੇ ਉਮੀਦਵਾਰ ਵਲੋਂ ਭਰਿਆ ਜਾਂਦਾ ਹੈ ਤੇ ਜਿਹੜਾ ਵੋਟਰ ਸੂਚੀ ਵਿਚ ਦਰਜ ਹੁੰਦਾ ਹੈ।
ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਚੋਣ ਕਮਿਸ਼ਨ ਭਾਜਪਾ ਦੀ ਇਸ ਗੱਲ ਨੂੰ ਸਵੀਕਾਰ ਕੇ ਨਾਂਅ ਬਦਲਦਾ ਹੈ ਜਾਂ ਫਿਰ ਅਪਣੇ ਨਿਯਮਾਂ ’ਤੇ ਅਟੱਲ ਰਹਿੰਦਾ ਹੈ।