
ਪਿੰਡ ਡੇਹਰੀਵਾਲ ਦਰੋਗਾ ਦੇ ਨੌਜਵਾਨਾਂ ਨੇ ਹਿੰਮਤ ਕਰ ਕੇ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਮੌਕੇ 'ਤੇ ਕਾਬੂ...........
ਕਾਹਨੂੰਵਾਨ/ਡੇਅਰੀਵਾਲ : ਪਿੰਡ ਡੇਹਰੀਵਾਲ ਦਰੋਗਾ ਦੇ ਨੌਜਵਾਨਾਂ ਨੇ ਹਿੰਮਤ ਕਰ ਕੇ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਮੌਕੇ 'ਤੇ ਕਾਬੂ ਕੀਤਾ ਹੈ। ਥਾਣਾ ਸੇਖਵਾਂ ਵਿਖੇ ਹਾਜਰ ਪਿੰਡ ਡੇਹਰੀਵਾਲ ਦੇ ਨੌਜਵਾਨਾਂ ਅਤੇ ਐਸ ਟੀ ਐਫ ਟੀਮ ਦੇ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਪਿੰਡ ਡੇਹਰੀਵਾਲ ਦੇ ਕੁੱਝ ਨਸ਼ੇ ਦੇ ਆਦੀ ਨੌਜਵਾਨਾਂ ਦਾ ਅੱਜ ਪਿੱਛਾ ਕੀਤਾ ਇਸ ਦੌਰਾਨ ਉਨ੍ਹਾਂ ਐਸਟੀਐਫ ਟੀਮ ਦੇ ਮੁਖੀ ਨਿਰਮਲ ਸਿੰਘ ਨਾਲ ਵੀ ਸੰਪਰਕ ਕੀਤਾ। ਇਹ ਨੌਜਵਾਨ ਉਨ੍ਹਾਂ ਅਮਲੀਆਂ ਦਾ ਪਿੱਛਾ ਕਰਦੇ ਕਰਦੇ ਜਦੋਂ ਪਿੰਡ ਵਡਾਲਾ ਗਰੰਥੀਆਂ ਕੋਲ ਪਹੁੰਚੇ ਤਾਂ ਨਸ਼ੇ ਦੇ ਆਦੀ ਨੌਜਵਾਨ ਪਿੰਡ ਵਡਾਲਾ ਗਰੰਥੀਆਂ ਦੀਆਂ ਸ਼ਮਸ਼ਾਨ ਘਾਟ ਵਿਚ ਜਾ ਵੜੇ
ਅਤੇ ਉਹ ਉਥੇ ਬੈਠੇ ਨਸ਼ਾ ਤਸਕਰ ਕੋਲੋਂ ਚਿੱਟੇ ਦੀਆਂ ਪੁੜੀਆਂ ਖ਼ਰੀਦ ਰਹੇ ਸਨ। ਇਸ ਦੌਰਾਨ ਪਿੰਡ ਡੇਹਰੀਵਾਲ ਦੇ ਮਨੁੱਖਤਾ ਸੇਵਾ ਸੁਸਾਇਟੀ ਦੇ ਮੈਂਬਰਾਂ ਐਸ ਟੀ ਐਫ ਦੀ ਟੀਮ ਅਤੇ ਥਾਣਾ ਸੇਖਵਾਂ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਨਸ਼ਾ ਤਸਕਰ ਨੇ ਅਪਣੇ ਆਪ ਨੂੰ ਘਿਰਿਆ ਦੇਖ ਕੇ ਨੌਜਵਾਨਾਂ ਉੱਤੇ ਹਮਲਾ ਕਰ ਦਿਤਾ ਪਰ ਨੌਜਵਾਨਾਂ ਨੇ ਪੁਲਿਸ ਦੀ ਮਦਦ ਨਾਲ ਤਸਕਰ ਨੂੰ ਕਾਬੂ ਕਰ ਲਿਆ। ਕਾਬੂ ਕੀਤਾ ਤਸਕਰ ਕਬੱਡੀ ਦਾ ਸਟਾਰ ਖਿਡਾਰੀ ਰਿਹਾ ਹੈ ਅਤੇ ਹੁਣ ਨਸ਼ਿਆਂ ਦੀ ਤਸਕਰੀ ਲਈ ਬਦਨਾਮ ਹੈ। ਐਸ ਟੀ ਐਫ ਦੇ ਅਧਿਕਾਰੀ ਨਿਰਮਲ ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਨਸ਼ਾ ਸਮਗਲਰ ਕੋਲੋਂ ਕੁੱਝ
ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ, ਪੜਤਾਲ ਤੋਂ ਬਾਅਦ ਹੀ ਇਸ ਨਸ਼ੇ ਬਾਰੇ ਕੋਈ ਖ਼ੁਲਾਸਾ ਕੀਤਾ ਜਾਵੇਗਾ। ਇਸ ਸਬੰਧੀ ਜਦੋਂ ਥਾਣਾ ਸੇਖਵਾਂ ਦੇ ਮੁਖੀ ਰਵਿੰਦਰ ਸਿੰਘ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡੇਹਰੀਵਾਲ ਦਰੋਗਾ ਦੇ ਨੌਜਵਾਨ ਅਤੇ ਐਸ ਟੀ ਐਫ਼ ਦੀ ਟੀਮ ਪ੍ਰਸੰਸਾ ਦੇ ਪਾਤਰ ਹਨ।ਜਿਨ੍ਹਾਂ ਨੇ ਅਜਿਹੇ ਸਮਾਜ ਵਿਰੋਧੀ ਅਨਸਰ ਨੂੰ 10 ਗ੍ਰਾਮ ਨਸ਼ੇ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦਸਿਆ ਕਿ ਕਾਬੂ ਕੀਤੇ ਹਰਪਾਲ ਸਿੰਘ ਉਰਫ ਭਾਲਾ ਪੁੱਤਰ ਪ੍ਰੀਤ ਸਿੰਘ ਵਾਸੀ ਵਡਾਲਾ ਗਰੰਥੀਆਂ ਵਿਰੁਧ ਧਾਰਾ 21, 61, 85 ਐਨ ਡੀ ਪੀ ਸੀ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।