
ਟਰਾਂਸਪੋਰਟ ਮੰਤਰੀ ਵਿਰੁਧ ਮਲੇਰਕੋਟਲਾ 'ਚ ਰੋਸ ਮਾਰਚ ਅੱਜ
ਐਸ.ਏ.ਐਸ. ਨਗਰ : ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਦਸਿਆ ਕਿ ਗ਼ੈਰ ਕਾਨੂੰਨੀ ਠੇਕਾ ਮਜ਼ਦੂਰ ਪ੍ਰਣਾਲੀ ਅਤੇ ਅਊਟ ਸੋਰਸਿੰਗ ਵਿਰੁਧ ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ 'ਤੇ ਪੰਜਾਬ ਰੋਡਵੇਜ ਦੇ 18 ਡੀਪੂਆਂ ਅਤੇ 2 ਸਬ ਡੀਪੂਆਂ ਵਿਚ 5 ਹਜ਼ਾਰ ਤੋਂ ਵੱਧ ਡਰਾਈਵਰ, ਕੰਟਰੈਕਟਰਾਂ ਅਤੇ ਵਰਕਸ਼ਾਪ ਕਾਮਿਆਂ ਵਲੋਂ ਮੁਕੰਮਲ ਹੜਤਾਲ ਕੀਤੀ ਗਈ ਹੈ। ਪਨਬਸ ਕਾਮਿਆਂ ਨੇ 9 ਵਜੇ ਤੋਂ ਲੈ ਕੇ 2 ਵਜੇ ਤਕ ਸਾਰੇ ਬਸ ਅੱਡੇ ਜਾਮ ਕਰਕੇ ਰੱਖ ਦਿਤੇ ਅਤੇ ਟਰਾਂਸਪੋਰਟ ਮੰਤਰੀ ਦੇ ਪੁਤਲੇ ਸਾੜੇ ਗਏ।
Strike
ਇਸ ਮੌਕੇ ਅੰਮ੍ਰਿਤਸਰ, ਤਰਨਤਾਰਨ, ਪੱਟੀ, ਬਟਾਲਾ, ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੋਪੜ, ਜਲੰਧਰ, ਲੁਧਿਆਣਾ, ਜਗਰਾਵਾਂ, ਮੋਗਾ, ਫ਼ਿਰੋਜ਼ਪੁਰ, ਮੁਕਤਸਰ ਸਾਹਿਬ, ਫ਼ਾਜਿਲਕਾ, ਅਤੇ ਜੀਰਾ ਆਦਿ ਬਸ ਅੱਡਿਆਂ ਅਗੇ ਰੋਸ ਰੈਲੀਆਂ ਵੀ ਕੀਤੀਆਂ ਗਈਆਂ, ਜਿਨ੍ਹਾਂ ਨੂੰ ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿਲ, ਜਨਰਲ ਸਕੱਤਰ ਬਲਜੀਤ ਸਿੰਘ, ਚੇਅਰਮੈਨ ਪਲਵਿੰਦਰ ਸਿੰਘ ਅਤੇ ਖਜਾਨਚੀ ਬਲਜਿੰਦਰ ਸਿੰਘ ਮੋਗਾ ਤੋਂ ਇਲਾਵਾ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ, ਉਪ ਪ੍ਰਧਾਨ ਚੰਦਰ ਸੇਖਰ, ਉਪ ਪ੍ਰਧਾਨ ਜਤਿੰਦਰਪਾਲ ਸਿੰਘ, ਸਕੱਤਰ ਮਹਿੰਦਰ ਕੁਮਾਰ ਬੱਢੋਆਣ, ਮਹਾਂ ਸਿੰਘ ਰੋੜੀ ਆਦਿ ਨੇ ਸੰਬੋਧਨ ਕੀਤਾ।
Strike
ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਰੋਡਵੇਜ ਪਨਬਸ ਵਿਚ ਗ਼ੈਰ ਕਾਨੂੰਨੀ ਠੇਕਾ ਮਜ਼ਦੂਰ ਪ੍ਰਣਾਲੀ ਅਤੇ ਅਊਟ ਸੋਰਸਿੰਗ ਖ਼ਤਮ ਕੀਤੀ ਜਾਵੇ। ਪਨਬਸ ਨੂੰ ਪੰਜਾਬ ਰੋਡਵੇਜ ਵਿਚ ਸ਼ਾਮਲ ਕੀਤਾ ਜਾਵੇ ਅਤੇ ਪਨਬਸ ਦੇ ਸਾਰੇ ਮੁਲਾਜ਼ਮਾਂ ਨੂੰ ਪੰਜਾਬ ਰੋਡਵੇਜ ਦੇ ਰੈਗੂਲਰ ਮੁਲਾਜ਼ਮ ਬਣਾਇਆ ਜਾਵੇ। ਹੜਤਾਲ ਦੇ ਦੂਜੇ ਦਿਨ 3 ਜੁਲਾਈ ਨੂੰ ਪੰਜਾਬ ਦੇ ਟਰਾਂਸਪੋਰਟ ਮੰਤਰੀ ਵਿਰੁਧ ਮਲੇਰਕੋਟਲਾ ਵਿਖੇ ਰੋਸ ਮਾਰਚ ਕੀਤਾ ਜਾਵੇਗਾ ਅਤੇ 4 ਜੁਲਾਈ ਤਕ ਹੜਤਾਲ ਜਾਰੀ ਰੱਖੀ ਜਾਵੇਗੀ।