
ਅੰਤਿਮ ਦਰਸ਼ਨਾਂ ਲਈ ਚਾਰ ਲਾਸ਼ਾਂ ਇਕ ਘਰ, ਦੋ ਲਾਸ਼ਾਂ ਇਕ ਘਰ ਤੇ ਇਕ ਲਾਸ਼ ਇਕ ਘਰ ਵਿਚ ਰੱਖੀ ਗਈ
ਬਨੂੜ: ਗੋਬਿੰਦ ਸਾਗਰ ਝੀਲ ਵਿਚ ਡੁੱਬ ਕੇ ਮਰਨ ਵਾਲੇ ਸੱਤੇ ਨੌਜਵਾਨਾਂ ਦਾ ਵਾਰਡ ਨੰ: 11 ਦੇ ਸ਼ਮਸਾਨ ਘਾਟ ਵਿਚ ਬਾਅਦ ਦੁਪਿਹਰ ਇਕੱਠਿਆਂ ਹੀ ਅੰਤਿਮ ਸਸਕਾਰ ਕਰ ਦਿੱਤਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਸਮੇਤ ਐਸਡੀਐਮ ਮੁਹਾਲੀ ਸਰਬਜੀਤ ਕੌਰ, ਨਾਇਬ ਤਹਿਸੀਲਦਾਰ ਬਨੂੜ ਕੁਲਵਿੰਦਰ ਸਿੰਘ, ਕਾਰਜ ਸਾਧਕ ਅਫਸਰ ਜਗਜੀਤ ਸਿੰਘ ਸਾਹੀ, ਵਿਧਾਇਕਾ ਨੀਨਾ ਮਿੱਤਲ, ਕੌਂਸਲਰ ਭਜਨ ਲਾਲ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਹਾਜ਼ਰ ਸਨ।
ਮ੍ਰਿਤਕ ਪਵਨ ਕੁਮਾਰ, ਰਮਨ, ਲਾਭ ਸਿੰਘ, ਲਖਵੀਰ ਸਿੰਘ, ਅਰੁਣ, ਵਿਸ਼ਾਲ ਤੇ ਸਿਵਾ ਦੀ ਲਾਸ਼ਾ ਬਾਅਦ ਦੁਪਿਹਰ ਘਰ ਪੁਜੀਆ, ਤਾਂ ਗਮਮੀਨ ਮਾਹੌਲ ਵਿਚ ਡੁੱਬੇ ਪਰਿਵਾਰਿਕ ਮੈਂਬਰ ਤੇ ਰਿਸ਼ਤੇਦਰਾਂ ਵਿਚ ਚੀਕ ਚਿਹਾੜਾ ਪੈ ਗਿਆ। ਵੱਖ-ਵੱਖ ਐਬੂਲੈਂਸਾਂ ਵਿਚ ਆਈਆਂ ਚਾਰ ਲਾਸ਼ਾ ਨੂੰ ਇਕ ਘਰ ਦੇ ਵਿਹੜੇ ਵਿਚ ਰੱਖਿਆ, ਜਦਕਿ ਕਿ ਦੋ ਲਾਸ਼ਾਂ ਇਕ ਘਰ ਵਿਚ ਤੇ ਇਕ ਘਰ ਵਿਚ ਇਕ ਲਾਸ਼ ਰੱਖੀ ਗਈ। ਪਰਿਵਾਰਿਕ ਮੈਂਬਰਾਂ ਦਾ ਰੋਣ ਕੁਰਲਾਣ ਵੇਖਿਆ ਨਹੀ ਸੀ ਜਾ ਰਿਹਾ। ਮੌਕੇ ਹਾਜ਼ਰ ਹਰੇਕ ਵਿਆਕਤੀ ਦੀ ਅੱਖ ਨਮ ਸੀ। ਸੱਤੇ ਲਾਸ਼ਾਂ ਨੂੰ ਇਕੱਠਿਆਂ ਹੀ ਸ਼ਮਸ਼ਾਨ ਘਾਟ ਲਿਜਾਇਆ ਗਿਆ ਤੇ ਜਿਥੇ ਇਕੱਠਿਆਂ ਹੀ ਸਸਕਾਰ ਕੀਤਾ ਗਿਆ। ਭਾਵੇਂ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਵਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਣ ਦੀ ਦਿਲਾਸਾ ਦੇ ਰਹੇ ਸਨ ਪਰ ਵੱਡਾ ਕਹਿਰ ਕਿਸੇ ਤੋਂ ਵੀ ਬਰਦਾਸ਼ਿਤ ਨਹੀ ਸੀ ਹੋ ਰਿਹਾ।
ਬਨੂੜ ਦੇ ਸੱਤ ਨੌਜਵਾਨਾਂ ਦੀ ਮੌਤ ਦੇ ਅਫਸੋਸ ਵਜੋਂ ਬਾਜ਼ਾਰ ਮੁਕੰਮਲ ਤੌਰ ’ਤੇ ਦੁਪਿਹਰ 12 ਵਜੇ ਤੱਕ ਬੰਦ ਰਿਹਾ। ਇਹ ਸੱਤ ਨੌਜਵਾਨਾਂ ਵਿਚ ਚਾਰ ਨੌਜਵਾਨ ਬਨੂੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸਨ। ਸਕੂਲ ਦੀ ਪ੍ਰਿਸੀਪਲ ਅਨੀਤਾ ਭਾਰਦਵਾਜ਼ ਸਮੇਤ ਸਟਾਫ਼ ਮੈਂਬਰਾਂ ਨੇ ਦੁੱਖੀ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਪੰਜਾਬ ਸਰਕਾਰ ਨੇ ਮ੍ਰਿਤਕ ਪਰਿਵਾਰਾਂ ਨੂੰ ਸਹਾਇਤਾ ਵੱਜੋਂ ਇਕ-ਇਕ ਲੱਖ ਰੁਪਏ ਦੇਣ ਦਾ ਐਲਾਣ ਕੀਤਾ ਹੈ, ਜਦਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਚਾਰ-ਚਾਰ ਲੱਖ ਰੁਪਏ ਦੇਣ ਦਾ ਐਲਾਣ ਕੀਤਾ ਗਿਆ।