
ਟਰੰਪ ਨੇ ਕੰਮਕਾਜ ਲਈ ਫ਼ੰਡ ਜਾਰੀ ਕਰਨ ਵਾਲੇ ਅਸਥਾਈ ਬਿਲ 'ਤੇ ਕੀਤੇ ਦਸਤਖ਼ਤ
ਵਾਸ਼ਿੰਗਟਨ, 1 ਅਕਤੂਬਰ : ਰਾਸ਼ਟਰਪਤੀ ਡੋਨਾਲਡ ਟਰੰਪ ਨੇ 11 ਦਸੰਬਰ ਤਕ ਸਰਕਾਰ ਨੂੰ ਫ਼ੰਡ ਜਾਰੀ ਕਰਨ ਲਈ ਇਕ ਬਿਲ 'ਤੇ ਦਸਤਖ਼ਤ ਕੀਤੇ ਹਨ, ਜਿਸ ਨਾਲ ਵੀਰਵਾਰ ਨੂੰ ਨਵਾਂ ਵਿੱਤੀ ਵਰ੍ਹਾ ਸ਼ੁਰੂ ਹੋਣ 'ਤੇ ਸਰਕਾਰ ਦੇ ਕੰਮਕਾਜ ਬੰਦ ਹੋਣ ਦਾ ਖਦਸ਼ਾ ਖ਼ਤਮ ਹੋ ਗਿਆ ਹੈ। ਮਿਨੇਸੋਟਾ 'ਚ ਚੋਣ ਪ੍ਰਚਾਰ ਤੋਂ ਪਰਤਣ ਦੇ ਤੁਰਤ ਬਾਅਦ ਵੀਰਵਾਰ ਸਵੇਰੇ ਟਰੰਪ ਨੇ ਬਿਲ 'ਤੇ ਦਸਤਖ਼ਤ ਕੀਤੇ, ਜੋ ਉਨ੍ਹਾਂ ਦੇ ਦਸਤਖ਼ਤ ਹੁੰਦੇ ਹੀ ਕਾਨੂੰਨ 'ਚ ਤਬਦੀਲ ਹੋ ਗਿਆ। ਸੀਨੇਟ 'ਚ ਇਸ ਬਿਲ ਨੂੰ ਭਾਰੀ ਵੋਟਾਂ ਨਾਲ ਪਾਸ ਕੀਤੇ ਜਾਣ ਦੇ ਬਾਅਦ ਬੁੱਧਵਾਰ ਨੂੰ ਇਸ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜਿਆ ਗਿਆ ਸੀ। ਇਸ ਕਾਨੂੰਨ ਮੁਤਾਬਕ ਫ਼ੰਡ ਜਾਰੀ ਹੋਣ ਨਾਲ 11 ਦਸੰਬਰ ਤਕ ਸਰਕਾਰ ਦੇ ਕੰਮਕਾਜ ਚੱਲਦੇ ਰਹਿਣਗੇ। ਇਸ ਬਿਲ ਨੂੰ 84 ਦੇ ਮੁਕਾਬਲੇ 100 ਵੋਟਾਂ ਨਾਲ ਪਾਸ ਕੀਤਾ ਗਿਆ। ਸਦਨ ਨੇ ਪਿਛਲੇ ਹਫ਼ਤੇ ਬਿਲ ਪਾਸ ਕੀਤਾ ਸੀ। (ਪੀਟੀਆਈ)