
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਭਵਨ 'ਚ ਹੋਏ...
ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਭਵਨ 'ਚ ਹੋਏ ਸ਼ੱਕੀ ਹੈਂਡਗ੍ਰਨੇਡ ਹਮਲੇ ਦੀ ਜਾਂਚ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰਨ ਲਈ ਸੂਬੇ ਦੇ ਗ੍ਰਹਿ ਸਕੱਤਰ, ਪੁਲੀਸ ਮੁਖੀ, ਡੀ.ਜੀ.ਪੀ. ਅਮਨ ਤੇ ਕਾਨੂੰਨ ਅਤੇ ਡੀ.ਜੀ.ਪੀ. ਖੁਫੀਆ ਨੂੰ ਤੁਰਤ ਘਟਨਾ ਸਥਾਨ 'ਤੇ ਪਹੁੰਚਣ ਦੇ ਹੁਕਮ ਦਿਤੇ ਹਨ। ਇਸ ਘਟਨਾ ਵਿਚ ਤਿੰਨ ਵਿਅਕਤੀ ਮਾਰੇ ਗਏ ਜਦਕਿ 15 ਹੋਰ ਜ਼ਖਮੀ ਹੋਏ ਹਨ।
ਇਸ ਧਮਾਕੇ ਤੋਂ ਬਾਅਦ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਪੁਲੀਸ ਨੂੰ ਇਸ ਹਮਲੇ ਦੇ ਮੱਦੇਨਜ਼ਰ ਸੰਵੇਦਨਸ਼ੀਲ ਥਾਵਾਂ 'ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿਤੇ। ਹਾਲ 'ਚ ਹੋਏ ਇਸ ਅੰਧਾਧੁੰਦ ਹਮਲੇ ਵਿਚ ਕਈ ਮਾਸੂਮਾਂ ਦੀਆਂ ਜਾਨਾਂ ਗਈਆਂ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਫੌਰੈਂਸਿਕ ਟੀਮਾਂ ਨੂੰ ਘਟਨਾਸਥਾਨ 'ਤੇ ਭੇਜ ਦਿਤਾ ਗਿਆ ਹੈ ਅਤੇ ਹਰੇਕ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਹਮਲੇ ਵਿਚ ਆਈ.ਐਸ.ਆਈ. ਆਧਾਰਿਤ ਖਾਲਿਸਤਾਨੀ ਜਾਂ ਕਸ਼ਮੀਰੀ ਅਤਿਵਾਦੀ ਗਰੁੱਪਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਮਲਾਵਰਾਂ ਦੀਆਂ ਸ਼ੱਕੀ ਲੁਕਣਗਾਹਾਂ 'ਤੇ ਛਾਪੇ ਮਾਰਨ ਲਈ ਪੁਲੀਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਕਈ ਟੀਮਾਂ ਇਸ ਕੇਸ ਨੂੰ ਸੁਲਝਾਉਣ ਲਈ ਹਰੇਕ ਪਹਿਲੂ ਤੋਂ ਜਾਂਚ ਕਰ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਛੇਤੀ ਹੀ ਮਾਮਲੇ ਦੀ ਤਹਿ ਤੱਕ ਜਾ ਕੇ ਦੋਸ਼ੀਆਂ ਨੂੰ ਕਾਬੂ ਕਰਕੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇਗਾ।
ਉਨ੍ਹਾਂ ਨੇ ਚਿਤਾਵਨੀ ਦਿਤੀ ਕਿ ਸੂਬੇ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਦੀ ਹਰਗਿਜ਼ ਇਜਾਜ਼ਤ ਨਹੀਂ ਦਿਤੀ ਜਾਵੇਗੀ।
ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਤੇ ਬਿਹਤਰੀਨ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੇ ਹੁਕਮ ਦਿਤੇ। ਮੁੱਖ ਮੰਤਰੀ ਨੇ ਦੱਸਿਆ ਕਿ ਮੁਢਲੀ ਜਾਂਚ ਵਿਚ ਹੁਣ ਤੱਕ ਹੋਏ ਖੁਲਾਸੇ ਮੁਤਾਬਕ ਦੋ ਵਿਅਕਤੀ ਜਿਨ੍ਹਾਂ ਵਿਚੋਂ ਇਕ ਦੀ ਲੰਬੀ ਦਾੜ੍ਹੀ ਸੀ, ਦੇ ਚਿਹਰੇ ਢਕੇ ਹੋਏ ਸਨ
ਅਤੇ ਉਨ੍ਹਾਂ ਨੇ ਪਿਸਤੌਲ ਤਾਣ ਕੇ ਹਾਲ ਵਿਚ ਜਬਰੀ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਸੇਵਾਦਾਰ ਨੂੰ ਨਜ਼ਰਬੰਦ ਕਰਕੇ ਗ੍ਰਨੇਡ ਸੁੱਟਿਆ ਅਤੇ ਮੋਟਰਸਾਈਕਲ 'ਤੇ ਭੱਜ ਗਏ।
ਧਮਾਕੇ ਨਾਲ ਜ਼ਮੀਨ 'ਤੇ ਤਿੰਨ ਇੰਚ ਦੇ ਘੇਰੇ 'ਚ ਛੋਟਾ ਟੋਆ ਪੈ ਗਿਆ ਜਿਸ ਦੀ ਜਾਂਚ ਫੌਰੈਂਸਿਕ ਟੀਮ ਵਲੋਂ ਕੀਤੀ ਜਾ ਰਹੀ ਹੈ। ਗ੍ਰਨੇਡ ਦਾ ਸੇਫਟੀ ਵਾਲਵ ਮਿਲਿਆ ਹੈ ਤੇ ਉਸ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਲੋਕਾਂ ਨੂੰ ਖੌਫਜ਼ਦਾ ਨਾ ਹੋਣ ਅਤੇ ਅਮਨ-ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਘਟਨਾ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦੀ ਬੇਚੈਨੀ ਪੈਦਾ ਨਾ ਹੋਣ ਨੂੰ ਯਕੀਨੀ ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਸੂਬੇ ਨੂੰ ਸਾਲ 2015-16 ਦਰਮਿਆਨ ਮਿੱਥੇ ਕੇ ਕੀਤੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਪਰ ਪਿਛਲੇ ਲੰਮੇ ਸਮੇਂ ਤੋਂ ਅਜਿਹੀਆਂ ਹੱਤਿਆਵਾਂ ਰਾਹੀਂ ਸ਼ਾਂਤੀ ਨੂੰ ਭੰਗ ਕਰਨ ਦੀ ਇਹ ਪਹਿਲੀ ਕੋਸ਼ਿਸ਼ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਇਸ ਨਾਲ ਉਨ੍ਹਾਂ ਦਾ ਵਿਸ਼ਵਾਸ ਹੋਰ ਪੱਕਾ ਹੋਇਆ ਹੈ
ਕਿ ਸੂਬੇ ਦੀ ਅਮਨ-ਸ਼ਾਂਤੀ ਨੂੰ ਲੀਹੋਂ ਲਾਹੁਣ ਲਈ ਪਾਕਿਸਤਾਨ ਨੇ ਅਪਣੀਆਂ ਨਾਪਾਕ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਪਿਛਲੇ 18 ਮਹੀਨਿਆਂ ਵਿਚ ਅਜਿਹੇ 15 ਅਤਿਵਾਦੀ ਗ੍ਰੋਹਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਕੁਝ ਵਿਚ ਕਸ਼ਮੀਰੀ ਅਤਿਵਾਦੀਆਂ ਦਾ ਸਬੰਧ ਹੋਣ ਬਾਰੇ ਵੀ ਸੰਕੇਤ ਮਿਲੇ ਹਨ ਜਿਸ ਦੀ ਪੁਸ਼ਟੀ ਮਕਸੂਦਾਂ ਪੁਲੀਸ ਥਾਣੇ ਵਿੱਚ ਗ੍ਰਨੇਡ ਹਮਲੇ ਦੇ ਕੇਸ ਵਿਚ ਅਤੇ ਜਲੰਧਰ ਤੋਂ ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫਤਾਰੀ ਤੋਂ ਹੁੰਦੀ ਹੈ।