
ਪੰਜਾਬ ਦੇ ਅੰਮ੍ਰਿਤਸਰ ਵਿਚ ਸਥਿਤ ਨਿਰੰਕਾਰੀ ਭਵਨ ਵਿਚ ਐਤਵਾਰ ਸਵੇਰੇ ਹੋਏ ਅਤਿਵਾਦੀ ਹਮਲੇ ਦੀ ਜਾਂਚ ਐਨਆਈਏ...
ਚੰਡੀਗੜ੍ਹ (ਪੀਟੀਆਈ) : ਪੰਜਾਬ ਦੇ ਅੰਮ੍ਰਿਤਸਰ ਵਿਚ ਸਥਿਤ ਨਿਰੰਕਾਰੀ ਭਵਨ ਵਿਚ ਐਤਵਾਰ ਸਵੇਰੇ ਹੋਏ ਅਤਿਵਾਦੀ ਹਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿਤੀ ਗਈ ਹੈ। ਉਥੇ ਹੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਹੈ। ਪੰਜਾਬ ਡੀਜੀਪੀ ਨੇ ਵੀ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਐਨਆਈਏ ਦੀ ਤਿੰਨ ਮੈਂਬਰੀ ਟੀਮ ਅੱਜ ਅੰਮ੍ਰਿਤਸਰ ਵਿਚ ਘਟਨਾ ਸਥਾਨ ‘ਤੇ ਪਹੁੰਚ ਜਾਵੇਗੀ।
ਹਾਈ ਅਲਰਟ ਦੇ ਬਾਵਜੂਦ ਰਾਜਾਸਾਂਸੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਕੁਝ ਦੂਰੀ ‘ਤੇ ਸਥਿਤ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ ‘ਤੇ ਐਤਵਾਰ ਸਵੇਰੇ ਅਤਿਵਾਦੀ ਹਮਲਾ ਹੋ ਗਿਆ। ਇਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 19 ਲੋਕ ਜਖ਼ਮੀ ਹੋ ਗਏ। ਵਾਰਦਾਤ ਨੂੰ ਗਰਮ ਚਾਦਰ ਲਪੇਟੇ ਦੋ ਲੋਕਾਂ ਨੇ ਸਵਾ 11:15 ਵਜੇ ਉਸ ਸਮੇਂ ਅੰਜਾਮ ਦਿਤਾ, ਜਦੋਂ 200 ਲੋਕ ਸਤਸੰਗ ਕਰ ਰਹੇ ਸਨ। ਘਟਨਾ ਤੋਂ ਬਾਅਦ ਹਫੜਾ ਦਫ਼ੜੀ ਮੱਚ ਗਈ। ਡੀਜੀਪੀ ਨੇ ਘਟਨਾ ਨੂੰ ਅਤਿਵਾਦੀ ਹਮਲਾ ਕਰਾਰ ਦਿਤਾ ਹੈ। ਉਨ੍ਹਾਂ ਨੇ ਕਿਹਾ ਕਿ ਹਮਲਾ ਇਕ ਸਮਾਜ ਦੇ ਲੋਕਾਂ ‘ਤੇ ਹੋਇਆ ਹੈ ਅਤੇ ਇਹ ਦੇਸ਼ ਵਿਰੋਧੀ ਲੋਕਾਂ ਦੀ ਸਾਜਿਸ਼ ਹੈ।
ਘਟਨਾ ਤੋਂ ਬਾਅਦ ਏਰੀਏ ਵਿਚ ਨਾਕਾਬੰਦੀ ਕਰ ਕੇ ਚੈਕਿੰਗ ਸ਼ੁਰੂ ਕਰ ਦਿਤੀ ਗਈ ਹੈ। ਸਿੱਖਿਆ ਮੰਤਰੀ ਓਪੀ ਸੋਨੀ ਸੂਚਨਾ ਮਿਲਦੇ ਹੀ ਜਲੰਧਰ ਵਿਚ ਅਪਣਾ ਸਰਕਾਰੀ ਪ੍ਰੋਗਰਾਮ ਛੱਡ ਕੇ ਮੌਕੇ ‘ਤੇ ਪਹੁੰਚੇ। ਬਾਅਦ ਵਿਚ ਡੀਜੀਪੀ ਸੁਰੇਸ਼ ਅਰੋੜਾ, ਡੀਜੀਪੀ ਦਿਨਕਰਲ ਗੁਪਤਾ, ਡੀਜੀਪੀ ਹਰਦੀਪ ਸਿੰਘ ਢਿੱਲੋਂ ਸਮੇਤ ਤਮਾਮ ਪੁਲਿਸ ਅਧਿਕਾਰੀ ਵੀ ਮੌਕੇ ਉਤੇ ਪਹੁੰਚੇ। ਡੀਜੀਪੀ ਸੁਰੇਸ਼ ਅਰੋੜਾ ਵਲੋਂ ਏਨਆਈਏ ਦੀ ਟੀਮ ਨੂੰ ਸੱਦ ਲਿਆ ਗਿਆ ਹੈ। ਫਿਲਹਾਲ ਫੋਰੈਂਸਿਕ ਵਿਭਾਗ ਦੀ ਟੀਮ ਮੌਕੇ ‘ਤੇ ਮੌਜੂਦ ਹੈ ਅਤੇ ਸਬੂਤ ਲੱਭ ਰਹੀ ਹੈ।
ਘਟਨਾ ਤੋਂ ਬਾਅਦ ਹਰਿਆਣਾ ਅਤੇ ਦਿੱਲੀ ਵਿਚ ਵੀ ਅਲਰਟ ਜਾਰੀ ਕਰ ਦਿਤਾ ਗਿਆ ਹੈ। ਅੰਮ੍ਰਿਤਸਰ ਤੋਂ ਬਾਰਡਰ ਵੱਲ ਜਾਣ ਵਾਲੀ ਸਾਰੀ ਸੜਕਾਂ ਸੀਲ ਕਰ ਦਿਤੀ ਗਈ ਹੈ। ਜਾਣਕਾਰੀ ਦੇ ਮੁਤਾਬਕ, ਐਤਵਾਰ ਸਵੇਰੇ ਨਿਰੰਕਾਰੀ ਭਵਨ ਵਿਚ ਸਤਸੰਗ ਚੱਲ ਰਿਹਾ ਸੀ। ਗੇਟ ‘ਤੇ ਦੋ ਸੇਵਾਦਾਰ ਗਗਨਦੀਪ ਸਿੰਘ ਅਤੇ ਅਰਜੁਨ ਤੈਨਾਤ ਸਨ। ਕਰੀਬ 11:15 ਵਜੇ ਪਲਸਰ ਮੋਟਰਸਾਇਕਲ ‘ਤੇ ਦੋ ਵਿਅਕਤੀ ਆਏ।
ਦੋਵੇਂ ਪੰਜਾਬੀ ਵਿਚ ਬੋਲ ਰਹੇ ਸਨ ਅਤੇ ਗਰਮ ਚਾਦਰ ਲਪੇਟੇ ਹੋਏ ਸਨ। ਆਉਂਦੇ ਹੀ ਦੋਵਾਂ ਨੇ ਪਿਸਟਲ ਸੇਵਾਦਾਰਾਂ ਦੀ ਕਮਰ ‘ਤੇ ਰੱਖੀ। ਇਸ ਤੋਂ ਬਾਅਦ ਇਕ ਅਤਿਵਾਦੀ ਅੰਦਰ ਹਾਲ ਵਿਚ ਲਗਭੱਗ 100 ਮੀਟਰ ਚਲਾ ਗਿਆ ਅਤੇ ਸਟੇਜ ਵੱਲ ਵਧਿਆ ਅਤੇ ਉਸ ਨੇ ਘਟਨਾ ਨੂੰ ਅੰਜਾਮ ਦਿਤਾ।