
ਸੁਖਬੀਰ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਤੋਂ ਨਾਰਾਜ਼ ਅਕਾਲੀ ਦਲ ਦੇ ਟਕਸਾਲੀ ਆਗੂਆਂ ਨੇ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕਰ...
ਅੰਮ੍ਰਿਤਸਰ (ਸਸਸ) : ਸੁਖਬੀਰ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਤੋਂ ਨਾਰਾਜ਼ ਅਕਾਲੀ ਦਲ ਦੇ ਟਕਸਾਲੀ ਆਗੂਆਂ ਨੇ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕਰ ਦਿਤਾ ਹੈ। ਉਹ 14 ਦਸੰਬਰ ਨੂੰ ਨਵੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਗਠਨ ਕਰਨਗੇ। ਟਕਸਾਲੀ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸ਼ੇਖਵਾਂ ਅਤੇ ਡਾਕਟਰ ਰਤਨ ਸਿੰਘ ਅਜਨਾਲਾ ਨੇ ਇਹ ਜਾਣਕਾਰੀ ਇਕ ਪ੍ਰੈੱਸ ਕਾਨਫਰੰਸ ਵਿਚ ਦਿਤੀ।
ਟਕਸਾਲੀ ਨੇਤਾਵਾਂ ਨੇ ਕਿਹਾ ਕਿ ਨਵੀਂ ਪਾਰਟੀ ਦੇ ਗਠਨ ਦੀ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ। ਨਵਾਂ ਅਕਾਲੀ ਦਲ 1920 ਵਿਚ ਬਣੇ ਅਕਾਲੀ ਦਲ ਦੇ ਸੰਵਿਧਾਨ ਦੇ ਮੁਤਾਬਕ ਹੀ ਬਣਾਇਆ ਜਾਵੇਗਾ। ਇਸ ਵਿਚ ਸਮੇਂ ਦੇ ਨਾਲ 1920 ਵਾਲੇ ਸੰਵਿਧਾਨ ਵਿਚ ਕੁੱਝ ਬਦਲਾਅ ਕੀਤੇ ਜਾਣਗੇ। ਨਵੇਂ ਅਕਾਲੀ ਦਲ ਲਈ ਹਮਖ਼ਿਆਲੀ ਪਾਰਟੀਆਂ ਦੇ ਨੇਤਾਵਾਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿਤਾ ਗਿਆ ਹੈ।
ਉਨ੍ਹਾਂ ਨੇ ਦੋਸ਼ ਲਗਾਏ ਕਿ ਸੁਖਬੀਰ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਨੂੰ ਅਪਣੀ ਨਿਜੀ ਕੰਪਨੀ ਬਣਾ ਲਿਆ ਹੈ। ਅਕਾਲੀ ਦਲ ਦੀ ਦੂਜੀ ਅਤੇ ਤੀਜੀ ਲਾਈਨ ਦੇ ਨੇਤਾਵਾਂ ਤੋਂ ਇਲਾਵਾ ਪਹਿਲੀ ਲਾਈਨ ਦੇ ਵੀ ਬਹੁਤ ਸਾਰੇ ਨੇਤਾ ਉਨ੍ਹਾਂ ਦੇ ਸੰਪਰਕ ਵਿਚ ਹਨ। 14 ਦਸੰਬਰ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਹੈ ਇਸ ਦਿਨ ਹੀ ਪੰਜਾਬ ਵਿਚ ਨਵਾਂ ਅਕਾਲੀ ਦਲ ਬਣਾਇਆ ਜਾਵੇਗਾ।
ਟਕਸਾਲੀ ਨੇਤਾਵਾਂ ਨੇ ਕਿਹਾ ਕਿ ਅਕਾਲੀ ਦਲ ਆਉਣ ਵਾਲੀਆਂ ਹਰ ਇਕ ਚੋਣਾਂ ਵਿਚ ਹਿੱਸਾ ਲਵੇਗਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਸਾਰੇ ਰਾਜਨੀਤਿਕ ਦਲਾਂ ਦੇ ਨੇਤਾਵਾਂ ਨੂੰ ਵੀ ਨਵੇਂ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਦਲ ਪੰਜਾਬ ਦਾ ਸਭ ਤੋਂ ਸ਼ਕਤੀਸ਼ਾਲੀ ਅਕਾਲੀ ਦਲ ਹੋਵੇਗਾ।