
ਪਿਛਲੇ 50 ਸਾਲਾਂ ਅਰਥਾਤ 5 ਦਹਾਕਿਆਂ ਤੋਂ ਬਾਦਲ ਪਰਵਾਰ ਦੇ ਨਾਲ ਘਿਉ-ਖਿਚੜੀ ਰਹਿਣ ਵਾਲੇ ਟਕਸਾਲੀ ਅਕਾਲੀ ਆਗੂ ਜਥੇਦਾਰ ਮੱਖਣ ਸਿੰਘ ਨੰਗਲ ਵਲੋਂ ਜ਼ਿਲ੍ਹਾ ਫ਼ਰੀਦਕੋਟ........
ਕੋਟਕਪੂਰਾ : ਪਿਛਲੇ 50 ਸਾਲਾਂ ਅਰਥਾਤ 5 ਦਹਾਕਿਆਂ ਤੋਂ ਬਾਦਲ ਪਰਵਾਰ ਦੇ ਨਾਲ ਘਿਉ-ਖਿਚੜੀ ਰਹਿਣ ਵਾਲੇ ਟਕਸਾਲੀ ਅਕਾਲੀ ਆਗੂ ਜਥੇਦਾਰ ਮੱਖਣ ਸਿੰਘ ਨੰਗਲ ਵਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ 'ਚ ਲੋਕਾਂ ਨੂੰ 7 ਅਕਤੂਬਰ ਦੇ ਬੇਅਦਬੀ ਕਾਂਡ ਨਾਲ ਸਬੰਧਤ ਰੋਸ ਮਾਰਚ 'ਚ ਸ਼ਾਮਲ ਹੋਣ ਲਈ ਪ੍ਰੇਰਤ ਕਰਨਾ ਅਕਾਲੀ ਦਲ ਬਾਦਲ ਅਤੇ ਖ਼ਾਸਕਰ ਬਾਦਲ ਪਰਵਾਰ ਲਈ ਖ਼ਤਰੇ ਦਾ ਘੁੱਗੂ ਮੰਨਿਆ ਜਾ ਰਿਹਾ ਹੈ, ਕਿਉਂਕਿ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਪ੍ਰਗਟਾਇਆ ਗਿਆ
ਗੁੱਸਾ ਤੇ ਰੋਸ ਅਤੇ ਹੁਣ ਟਕਸਾਲੀ ਅਕਾਲੀ ਆਗੂਆਂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ ਦੀਆਂ ਬਗ਼ਾਵਤੀ ਸੁਰਾਂ ਵੀ ਬਾਦਲ ਦਲ ਲਈ ਸ਼ੁਭ ਸੰਕੇਤ ਨਹੀਂ। ਭਾਵੇਂ ਟਕਸਾਲੀ ਅਕਾਲੀ ਆਗੂਆਂ ਨੂੰ ਬੇਅਦਬੀ ਕਾਂਡ ਅਤੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਕਹਿਰ ਦਾ ਦੁੱਖ ਤੇ ਦਰਦ ਮਹਿਸੂਸ ਹੋਣ ਲੱਗ ਪਿਆ ਹੈ ਤੇ ਉਨ੍ਹਾਂ ਇਸ ਬਾਰੇ ਬੋਲਣ ਦੀ ਜੁਰਅੱਤ ਵੀ ਦਿਖਾਉਣੀ ਸ਼ੁਰੂ ਕਰ ਦਿਤੀ ਹੈ
ਪਰ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਨੂੰ ਅਪਣੀ ਨਿਜੀ ਜਾਇਦਾਦ ਸਮਝਣ ਦਾ ਭੁਲੇਖਾ ਪਾਲੀ ਬੈਠਾ ਬਾਦਲ ਪਰਵਾਰ ਹੁਣ ਇਸ ਬਗ਼ਾਵਤ ਨੂੰ ਰੋਕਣ, ਦਬਾਉਣ ਜਾਂ ਸਦਾ ਲਈ ਖ਼ਤਮ ਕਰਨ 'ਚ ਕਾਮਯਾਬ ਹੋ ਸਕੇਗਾ ਜਾਂ ਨਹੀਂ? ਹੁਣ ਦੇਸ਼ ਵਿਦੇਸ਼ 'ਚ ਬੈਠੇ ਰਾਜਨੀਤਕ ਵਿਸ਼ਲੇਸ਼ਕਾਂ, ਪੰਥਕ ਵਿਦਵਾਨਾਂ, ਸਿੱਖ ਇਤਿਹਾਸਕਾਰਾਂ ਅਤੇ ਪੰਥਦਰਦੀਆਂ ਦੀਆਂ ਨਜ਼ਰਾਂ ਇਸ ਪਾਸੇ ਲੱਗੀਆਂ ਹੋਈਆਂ ਹਨ।
Sukhbir Singh Badal
ਟਕਸਾਲੀ ਅਕਾਲੀ ਆਗੂ ਮੱਖਣ ਸਿੰਘ ਨੰਗਲ ਨੇ ਤਾਂ ਬਾਦਲ ਪਰਵਾਰ ਵਿਰੁਧ ਗੁਬਾਰ ਕੱਢਣ ਲੱਗਿਆਂ ਕੋਈ ਲਿਹਾਜ਼ ਕਰਨ ਦੀ ਗੁੰਜਾਇਸ਼ ਨਾ ਛੱਡੀ ਪਰ ਹੁਣ ਦਬਵੀਂ ਸੁਰ 'ਚ ਰੋਸ ਜ਼ਾਹਰ ਕਰਨ ਵਾਲਿਆਂ ਕ੍ਰਮਵਾਰ ਢੀਂਡਸਾ, ਬ੍ਰਹਮਪੁਰਾ, ਸੇਖਵਾਂ ਤੇ ਅਜਨਾਲਾ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਮਨਾਂ ਅੰਦਰ ਬੇਅਦਬੀ ਕਾਂਡ ਅਤੇ ਸੌਦਾ ਸਾਧ ਸਮੇਤ ਹੋਰ ਪੰਥ ਵਿਰੋਧੀ ਸ਼ਕਤੀਆਂ ਨਾਲ ਬਾਦਲ ਪਰਵਾਰ ਦੀ ਨੇੜਤਾ ਵੀ ਬਗ਼ਾਵਤ ਦਾ ਮੁੱਖ ਕਾਰਨ ਬਣਦੀ ਪ੍ਰਤੀਤ ਹੋ ਰਹੀ ਹੈ।
ਇਸ ਤੋਂ ਇਲਾਵਾ ਸੀਨੀਆਰਤਾ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ 'ਚ ਜ਼ਿਆਦਾ ਹੱਕ ਰੱਖਣ ਦਾ ਦਾਅਵਾ ਕਰਨ ਵਾਲੇ ਢੀਂਡਸਾ ਪਰਵਾਰ ਨਾਲੋਂ ਬਲਵਿੰਦਰ ਸਿੰਘ ਭੂੰਦੜ ਨੂੰ ਜ਼ਿਆਦਾ ਅਹਿਮੀਅਤ ਜਾਂ ਮਹੱਤਤਾ ਦੇਣਾ ਵੀ ਹੁਣ ਢੀਂਡਸਾ ਪਿਉ-ਪੁੱਤ ਲਈ ਬਰਦਾਸ਼ਤ ਕਰਨਾ ਔਖਾ ਜਾਪ ਰਿਹਾ ਹੈ। ਇਸੇ ਤਰ੍ਹਾਂ ਮਾਝੇ ਦੇ ਜਰਨੈਲਾਂ ਕ੍ਰਮਵਾਰ ਬ੍ਰਹਮਪੁਰਾ, ਸੇਖਵਾਂ ਤੇ ਅਜਨਾਲਾ ਦੀ ਮਿਹਨਤ, ਲਗਨ, ਵਫ਼ਾਦਾਰੀ ਅਤੇ ਪਾਰਟੀ ਪ੍ਰਤੀ ਕੁਰਬਾਨੀ ਨੂੰ ਨਜ਼ਰਅੰਦਾਜ਼ ਕਰ ਕੇ ਬਾਦਲ ਦੇ ਜਵਾਈ ਆਦੇਸ਼ਪ੍ਰਤਾਪ ਸਿੰਘ ਕੈਰੋਂ ਜਾਂ ਹਰਸਿਮਰਤ ਕੌਰ ਬਾਦਲ ਦੇ ਭਰਾ ਬਿਕਰਮ ਸਿੰਘ ਮਜੀਠੀਆ ਨੂੰ ਜ਼ਿਆਦਾ ਅਹਿਮੀਅਤ ਦੇਣੀ,
ਸਮੇਂ-ਸਮੇਂ ਮਾਝੇ ਇਲਾਕੇ ਨਾਲ ਸਬੰਧਤ ਵਿਵਾਦਾਂ 'ਚ ਟਕਸਾਲੀਆਂ ਦੀ ਬਜਾਇ ਮਜੀਠੀਏ ਤੇ ਕੈਰੋਂ ਦਾ ਪੱਖ ਪੂਰਨ ਵਾਲੀਆਂ ਜ਼ਿਆਦਤੀਆਂ ਹੁਣ ਟਕਸਾਲੀ ਅਕਾਲੀਆਂ ਨੂੰ ਚੁਭਣ ਲੱਗ ਪਈਆਂ ਹਨ। ਜਿਥੇ ਉਕਤ ਟਕਸਾਲੀ ਅਕਾਲੀਆਂ ਨੂੰ ਹੋਰ ਜਾਗਦੀ ਜ਼ਮੀਰ ਵਾਲੇ ਟਕਸਾਲੀਆਂ ਦੀ ਬਗ਼ਾਵਤ ਦੀ ਪੂਰਨ ਆਸ ਹੈ, ਉਥੇ ਅਗਾਮੀ ਦਿਨ ਬਾਦਲ ਪਰਵਾਰ ਲਈ ਮੁਸ਼ਕਲਾਂ, ਸਮੱਸਿਆਵਾਂ ਅਤੇ ਚੁਨੌਤੀਆਂ ਭਰਪੂਰ ਹੋਣ ਦੇ ਸੰਕੇਤ ਦਿਖਾਈ ਦੇ ਰਹੇ ਹਨ।