
ਪਾਰਟੀ 'ਚ ਉਚੇ ਅਹੁਦੇ ਪ੍ਰਾਪਤ ਕਰਨ ਲਈ ਅਕਾਲੀਆਂ ਨੂੰ ਨਹੀਂ ਕਰਨੀ ਚਾਹੀਦੀ ਡਰਾਮੇਬਾਜ਼ੀ : ਦਾਦੂਵਾਲ
ਕੋਟਕਪੂਰਾ : ਇਨਸਾਫ਼ ਮੋਰਚੇ ਦੇ ਆਗੂਆਂ ਨੇ 131ਵੇਂ ਦਿਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਸਮੇਤ ਹੋਰ ਸੀਨੀਅਰ ਅਕਾਲੀ ਆਗੂਆਂ ਦੀ ਬਾਦਲਾਂ ਨਾਲ ਨਰਾਜ਼ਗੀ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਅਹਿਮ ਪ੍ਰਗਟਾਵਾ ਕੀਤਾ ਹੈ ਕਿ ਉਹ ਆਗੂ ਸਿਰਫ਼ ਅਪਣਾ ਭਾਰ ਵਧਾਉਣ ਅਰਥਾਤ ਅਕਾਲੀ ਦਲ 'ਚ ਉਚ ਅਹੁਦੇ ਪ੍ਰਾਪਤ ਕਰਨ ਲਈ ਡਰਾਮੇਬਾਜ਼ੀ ਕਰ ਰਹੇ ਹਨ ਪਰ ਸੰਗਤਾਂ ਦੇ ਮਨਾਂ 'ਚ ਇਹ ਭੰਬਲਭੂਸਾ ਪੈਦਾ ਹੋ ਰਿਹਾ ਹੈ ਕਿ ਸ਼ਾਇਦ ਉਕਤ ਟਕਸਾਲੀ ਆਗੂਆਂ ਦੀ ਜ਼ਮੀਰ ਜਾਗ ਪਈ ਹੈ।
ਭਾਈ ਧਿਆਨ ਸਿੰਘ ਮੰਡ ਸਮੇਤ ਹੋਰ ਪੰਥਕ ਆਗੂਆਂ ਦੀ ਹਾਜ਼ਰੀ 'ਚ ਬੋਲਦਿਆਂ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜਿਨ੍ਹਾਂ ਦੇ ਮਨਾਂ 'ਚ ਗੁਰੂ ਦੀ ਬੇਅਦਬੀ ਦਾ ਦਰਦ ਸੀ, ਉਹ ਪਹਿਲੇ ਦਿਨ ਤੋਂ ਹੀ ਇਨਸਾਫ਼ ਲੈਣ ਲਈ ਵਿੱਢੇ ਉਕਤ ਸੰਘਰਸ਼ 'ਚ ਕੁੱਦੇ ਹੋਏ ਹਨ ਅਤੇ ਅਪਣੀਆਂ ਜਾਨਾਂ ਤਕ ਕੁਰਬਾਨ ਕਰਨ ਲਈ ਤਿਆਰ ਬਰ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਕੁੱਝ ਲੋਕ ਹੁਣ 3 ਸਾਲ ਬੀਤਣ ਤੋਂ ਬਾਅਦ ਪਾਰਟੀ 'ਚ ਉਚੇ ਅਹੁਦੇ ਪ੍ਰਾਪਤ ਕਰਨ ਦੇ ਲਾਲਚ 'ਚ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਦੀਆਂ ਨੌਟੰਕੀਆਂ ਕਰ ਰਹੇ ਹਨ,
ਜਿਨ੍ਹਾਂ ਦੀ ਅਸਲੀਅਤ ਅਵਤਾਰ ਸਿੰਘ ਮੱਕੜ ਵਲੋਂ ਦੁਬਾਰਾ ਬਾਦਲਾਂ ਨਾਲ ਬਗਲਗੀਰ ਹੋਣ ਨਾਲ ਸਾਹਮਣੇ ਆ ਗਈ ਹੈ। ਭਾਈ ਦਾਦੂਵਾਲ ਨੇ ਦਾਅਵਾ ਕੀਤਾ ਕਿ ਜੇਕਰ ਉਹ ਅਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਪੰਥ ਦਾ ਦਰਦ ਸਮਝਦੇ ਤਾਂ ਉਨ੍ਹਾਂ ਨੂੰ ਬਿਨਾਂ ਦੇਰੀ ਬਰਗਾੜੀ ਦੇ ਇਨਸਾਫ਼ ਮੋਰਚੇ 'ਚ ਪੁੱਜਣਾ ਚਾਹੀਦਾ ਸੀ ਪਰ ਅਗਿਆਤਵਾਸ ਹੋਣਾ ਤਾਂ ਸਿਰਫ਼ ਸਿਆਸੀ ਨੌਟੰਕੀਆਂ ਤੋਂ ਵੱਧ ਕੁੱਝ ਵੀ ਨਹੀਂ। ਭਾਈ ਦਾਦੂਵਾਲ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਨੂੰ ਸਿਜਦਾ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਅਜਿਹੇ ਮਹਾਨ ਸ਼ਹੀਦਾਂ 'ਤੇ ਮਾਣ ਹੈ, ਜਿਨ੍ਹਾਂ ਨੇ ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ।
ਉਨ੍ਹਾਂ ਅੱਗੇ ਕਿਹਾ ਕਿ ਹੁਣ ਬਾਦਲਾਂ ਦੇ ਪੈਰਾਂ ਹੋਠੋਂ ਸਿਆਸੀ ਜ਼ਮੀਨ ਖਿਸਕਦੀ ਹੋਣ ਕਰਕੇ ਉਹ ਬੁਖਲਾ ਗਏ ਹਨ। ਇਸ ਕਰਕੇ ਹੀ ਉਹ ਲੋਕਤੰਤਰ ਦੇ ਚੌਥੇ ਥੰਮ੍ਹ ਪ੍ਰੈਸ ਨੂੰ ਸੱਚ ਬੋਲਣ 'ਤੇ ਧਮਕੀਆਂ ਦੇ ਰਹੇ ਹਨ ਪਰ ਸੱਚ ਦੀ ਆਵਾਜ਼ ਨੂੰ ਜ਼ਬਰ ਨਾਲ ਨਹੀਂ ਕੁਚਲਿਆਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਨਸਾਫ਼ ਮੋਰਚੇ ਦੇ ਆਗੂ ਤੇ ਸੰਗਤਾਂ ਵਲੋਂ ਇਸ ਗੱਲ ਦੀ ਸਖਤ ਸ਼ਬਦਾਂ ਨਿਖੇਧੀ ਕੀਤੀ ਜਾਂਦੀ ਹੈ। ਸਟੇਜ ਸੰਚਾਲਨ ਭਾਈ ਜਸਕਰਨ ਸਿੰਘ ਅਤੇ ਰਣਜੀਤ ਸਿੰਘ ਵਾਂਦਰ ਨੇ ਸਾਂਝੇ ਤੌਰ 'ਤੇ ਕੀਤਾ।