
ਦੇਸ਼ ਭਰ ਦੇ ਟਾਊਨ ਪਲੈਨਰਜ਼ 4 ਤੋਂ 6 ਜਨਵਰੀ ਤੱਕ ਚੰਡੀਗੜ੍ਹ ਵਿਚ ਹੋਣ ਵਾਲੀ 67ਵੀਂ ਤਿੰਨ ਦਿਨਾਂ ਰਾਸ਼ਟਰੀ ਟਾਊਨ...
ਚੰਡੀਗੜ੍ਹ : ਦੇਸ਼ ਭਰ ਦੇ ਟਾਊਨ ਪਲੈਨਰਜ਼ 4 ਤੋਂ 6 ਜਨਵਰੀ ਤੱਕ ਚੰਡੀਗੜ੍ਹ ਵਿਚ ਹੋਣ ਵਾਲੀ 67ਵੀਂ ਤਿੰਨ ਦਿਨਾਂ ਰਾਸ਼ਟਰੀ ਟਾਊਨ ਤੇ ਕੰਟਰੀਪਲੈਨਰਜ਼ ਕਾਂਗਰਸ ਲਈ ਇਕੱਠੇ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਟੀ.ਪੀ.ਆਈ ਦੇ ਪ੍ਰਧਾਨ ਡਾ: ਡੀ.ਐਸ ਮੇਸ਼ਰਾਮ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਮਾਹਰ 'ਸ਼ਹਿਰੀ ਲੈਂਡ ਨੀਤੀਆਂ ਅਤੇ ਸ਼ਹਿਰੀ ਯੋਜਨਾਬੰਦੀ' ਸਬੰਧੀ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਚਰਚਾ ਕਰਨਗੇ ਅਤੇ ਇਨਾਂ ਤਿੰਨ ਦਿਨਾਂ ਵਿਚ ਆਪੋ-ਅਪਣੇ ਤਜ਼ਰਬੇ ਵਿਸ਼ੇਸ਼ ਤੌਰ 'ਤੇ ਕਾਮਯਾਬੀ ਦੇ ਕਿੱਸੇ ਸਾਂਝੇ ਕਰਨਗੇ।
ਉਨਾਂ ਕਿਹਾ ਕਿ ਨਾ-ਕਾਮਯਾਬੀ ਦੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਕਿ ਇਹ ਪੜਚੋਲ ਕੀਤੀ ਜਾ ਕਿ ਅਜਿਹੀਆਂ ਚੁਣੌਤੀਆਂ ਕਿਉਂ ਪੈਦਾ ਹੋਈਆਂ ਤਾਂ ਜੋ ਭਵਿੱਖ ਵਿਚ ਨਵੀਨਤਮ ਤਕਨਾਲੋਜੀ ਨੂੰ ਅਖ਼ਤਿਆਰ ਕਰਨ ਸਮੇਂ ਲੋੜੀਂਦੀਆਂ ਸਾਵਧਾਨੀਆਂ ਰੱਖੀਆਂ ਜਾ ਸਕਣ। ਡਾ. ਮੇਸ਼ਰਾਮ ਨੇ ਦੱਸਿਆ ਕਿ 4 ਜਨਵਰੀ, 2019 ਨੂੰ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਇਸ ਕਾਂਗਰਸ ਦਾ ਉਦਘਾਟਨ ਕਰਨਗੇ ਅਤੇ ਉਦਘਾਟਨੀ ਭਾਸ਼ਨ ਦੇਣਗੇ।
ਇਸ ਮੌਕੇ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਪੰਜਾਬ ਗੈਸਟਆਫ ਆਨਰ ਹੋਣਗੇ ਅਤੇ ਸ੍ਰੀਮਤੀ ਵਿੰਨੀ ਮਹਾਜਨ ਵਧੀਕ ਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਉਦਘਾਟਨੀ ਸੈਸ਼ਨ ਦੌਰਾਨ ਨੁਮਾਇੰਦਿਆਂ ਨੂੰ ਸੰਬੋਧਨ ਕਰਨਗੇ। ਇਸ ਸੈਸ਼ਨ ਉਪਰੰਤ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਇਕ ਵਿਸੇਸ਼ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ।
ਸ੍ਰੀ ਮੇਸ਼ਰਾਮ ਨੇ ਅੱਗੇ ਦੱਸਿਆ ਕਿ ਲੋਕ ਨਿਰਮਾਣ ਅਤੇ ਸੂਚਨਾ ਤੇ ਤਕਨਾਲੋਜੀ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਉਦਘਾਟਨੀ ਸੈਸ਼ਨ ਤੋਂ ਬਾਅਦ 12:30 ਤੋਂ ਸ਼ਾਮ 2 ਵਜੇ ਤੱਕ 'ਅਰਬਨ ਲੈਂਡ ਪਾਲੀਸੀਜ਼ ਐਂਡ ਸਿਟੀ ਪਲੈਨਿੰਗ' ਵਿਸ਼ੇ 'ਤੇ ਕਰਵਾਏ ਜਾ ਰਹੇ ਪਲੈਂਨਰੀ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਪਹਿਲੇ ਦਿਨ ਸ਼ਾਮ ਦੇ ਸੈਸ਼ਨ ਦੌਰਾਨ 'ਉਦਯੋਗਿਕ ਵਿਕਾਸ ਲਈ ਨੀਤੀ' ਵਿਸ਼ੇ 'ਤੇ ਵਰਕਸ਼ਾਪ ਕਰਵਾਈ ਜਾਵੇਗੀ, ਇਸ ਦੀ ਪ੍ਰਧਾਨਗੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਰੁਜ਼ਗਾਰ ਉੱਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਕਰਨਗੇ।