
ਕੈਪਟਨ ਅਮਰਿੰਦਰ ਸਿੰਘ ’ਤੇ ਵੀ ਸਾਧਿਆ ਨਿਸ਼ਾਨਾ, ਕਿਹਾ-ਅਸਤੀਫ਼ਾ ਜੇਬ ’ਚ ਪਾ ਕੇ ਕੁਰਸੀ ’ਤੇ ਨਹੀਂ ਚਿਪਕਦੇ
ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਅਤੇ ਅਕਾਲੀ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਵਿਰੋਧੀਆਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਬਾਰੇ ਬੋਲਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਹੱਕ ਵਿਚ ਮੇਰੇ ਵੱਲੋਂ ਕੀਤਾ ਇਕ ਵੀ ਸਾਈਨ ਦਿਖਾ ਦੇਣ ਤਾਂ ਮੈਂ ਸਿਆਸਤ ਛੱਡ ਦੇਵਾਂਗੀ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਅਸੀਂ ਉਹਨਾਂ ਲੋਕਾਂ ਵਿਚੋਂ ਨਹੀਂ ਜੋ ਅਸਤੀਫ਼ਾ ਜੇਬ ਵਿਚ ਲੈ ਕੇ ਕੁਰਸੀ ’ਤੇ ਬੈਠੇ ਨੇ, ਬਲਕਿ ਅਸੀਂ ਤਾਂ ਕਿਸਾਨੀ ਹੱਕਾਂ ਲਈ ਅਪਣੀ ਕੁਰਸੀ ਨੂੰ ਠੋਕਰ ਮਾਰ ਦਿੱਤੀ ਹੈ।
Harsimrat Badal
ਉਹਨਾਂ ਕਿਹਾ ਕਿ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਦ੍ਰਿੜ੍ਹ ਵਿਸ਼ਵਾਸ ਨਾਲ ਇਹ ਗੱਲ ਦੁਹਰਾਉਂਦੀ ਹਾਂ ਕਿ ਮੈਂ ਆਪਣੇ ਕਿਸਾਨ ਭਾਈਚਾਰੇ ਦੇ ਹੱਕ 'ਚ ਹਮੇਸ਼ਾ ਡਟੀ ਰਹੀ ਹਾਂ।ਕੈਪਟਨ ਅਮਰਿੰਦਰ ਸਿੰਘ ‘ਤੇ ਸ਼ਬਦੀ ਹਮਲਾ ਬੋਲਦਿਆਂ ਉਹਨਾਂ ਕਿਹਾ ਕਿ ਮੈਂ ਝੂਠੀ ਸਹੁੰ ਖਾ ਕੇ ਕੁਰਸੀ ਨਾਲ ਚਿਪਕਣ ਵਾਲੀ ਨਹੀਂ ਹਾਂ।
Harsimrat Badal - Captain Amarinder Singh
ਉਹਨਾਂ ਕਿਹਾ ਉਸ ਸਮੇਂ ਮੁੱਖ ਮੰਤਰੀ ਕਾਨੂੰਨਾਂ ਨੂੰ ਰੋਕ ਸਕਦੇ ਸੀ ਪਰ ਉਹਨਾਂ ਨੇ ਨਹੀਂ ਰੋਕਿਆ, ਇਸ ਲਈ ਉਹ ਵੀ ਕਿਸਾਨਾਂ ਦੀਆਂ ਮੌਤਾਂ ਦੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ‘ਚ ਮਤੇ ਪਾਸ ਕਰ ਲਏ ਪਰ ਉਹ ਵੀ ਦਿੱਲੀ ਤੱਕ ਨਹੀਂ ਭੇਜੇ ਗਏ। ਬੀਬੀ ਬਾਦਲ ਨੇ ਕਿਹਾ ਕਿ ਇਹ ਵਿਰੋਧੀਆਂ ਤੇ ਭਾਜਪਾ ਦੀ ਮਿਲੀਭੁਗਤ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕੈਬਨਿਟ ਵਿਚ ਕਾਨੂੰਨ ਆਉਣ ਤੋਂ ਲੈ ਕੇ ਹੁਣ ਤੱਕ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਹੈ।
Harsimrat Badal
ਹਰਸਿਮਰਤ ਬਾਦਲ ਨੇ ਕਿਹਾ ਕਿ ਵਿਰੋਧੀ ਸਿਰਫ ਬਿਆਨਬਾਜ਼ੀਆਂ ਕਰ ਰਹੇ ਹਨ ਪਰ ਉਹਨਾਂ ਨੇ ਕਿਸਾਨੀ ਲਈ ਕੋਈ ਕੁਰਬਾਨੀ ਨਹੀਂ ਦਿੱਤੀ। ਬੀਬੀ ਬਾਦਲ ਨੇ ਕਿਸਾਨ ਜਥੇਬੰਨੀਆਂ ਨੂੰ ਅਪੀਲ ਕੀਤੀ ਕਿ ਇਹ ਸਰਕਾਰ ਪਿੱਛੇ ਹਟਣ ਵਾਲੀ ਨਹੀਂ, ਇਸ ਲਈ ਉਹ ਸਿੱਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਕਿਉਂਕਿ ਫੈਸਲਾ ਸਿਰਫ ਉਹੀ ਕਰ ਸਕਦੇ ਹਨ।
Harsimrat Badal
ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਹਰਸਿਮਰਤ ਬਾਦਲ ਵੱਲੋਂ ਭਾਵੇਂ ਇਹਨਾਂ ਖੇਤੀ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸਿਆ ਗਿਆ ਸੀ ਪਰ ਜਿਵੇਂ ਹੀ ਇਹਨਾਂ ਕਾਨੂੰਨਾਂ ਦਾ ਵਿਰੋਧ ਤੇਜ਼ ਹੋਇਆ ਤਾਂ ਉਹਨਾਂ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਪਾਰਟੀ ਨੇ ਵੀ ਭਾਜਪਾ ਤੋਂ ਕਿਨਾਰਾ ਕਰ ਲਿਆ ਸੀ।