
ਚੰਨੀ ਨੇ ਰਖਿਆ ਸੀ ਮਤਾ, ਪ੍ਰਾਈਵੇਟ ਸਕੂਲਾਂ 'ਚ ਵੀ 10ਵੀਂ ਤਕ ਪੰਜਾਬੀ ਲਾਜ਼ਮੀ ਕਰਨ
ਚੰਡੀਗੜ੍ਹ : ਮਾਂ-ਬੋਲੀ ਪੰਜਾਬੀ ਨੂੰ ਪੰਜਾਬ 'ਚ ਹਰ ਪੱਧਰ 'ਤੇ ਲਾਗੂ ਕਰਨ ਲਈ ਪੰਜਾਬ ਵਿਧਾਨ ਸਭਾ 'ਚ ਭਰਵੀਂ ਬਹਿਸ ਤੋਂ ਬਾਅਦ ਸਰਕਾਰੀ ਮਤਾ ਸੱਤਾਧਿਰ ਤੇ ਵਿਰੋਧੀ ਧਿਰ ਦੀ ਸਹਿਮਤੀ ਤੋਂ ਬਾਅਦ ਸਰਬਸੰਮਤੀ ਨਾਲ ਪਾਸ ਹੋ ਗਿਆ। ਇਸ ਮਤੇ 'ਚ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਦੇ ਨਾਲ ਪ੍ਰਾਈਵੇਟ ਸਕੂਲਾਂ 'ਚ ਵੀ ਦਸਵੀਂ ਜਮਾਤ ਤਕ ਲਾਜ਼ਮੀ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।
Photo
ਇਸ ਤੋਂ ਇਲਾਵਾ ਅਦਾਲਤਾਂ ਦਾ ਕੰਮਕਾਜ ਪੰਜਾਬੀ 'ਚ ਕਰਨ, ਦਫ਼ਤਰਾਂ 'ਚ ਪੰਜਾਬੀ 'ਚ ਕੰਮ ਨਾ ਕਰਨ ਵਾਲੇ ਅਫ਼ਸਰਾਂ ਵਿਰੁਧ ਸਜ਼ਾ ਦੀ ਸ਼ਰਤ ਅਤੇ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਰਾਜ ਭਾਸ਼ਾ ਕਮਿਸ਼ਨ ਬਣਾਉਣ ਦੀਆਂ ਸਿਫ਼ਾਰਸ਼ਾਂ ਮਤੇ 'ਚ ਸ਼ਾਮਲ ਹਨ। ਰਾਜ ਦੀਆਂ ਸਾਰੀਆਂ ਮਹੱਤਵਪੂਰਨ ਥਾਵਾਂ 'ਤੇ ਦਫ਼ਤਰਾਂ ਆਦਿ ਦੇ ਬੋਰਡ ਉਪਰ ਪੰਜਾਬੀ ਭਾਸ਼ਾ ਨੂੰ ਸੱਭ ਤੋਂ ਉੱਪਰ ਲਿਖਣ ਦੀ ਸਿਫ਼ਾਰਸ਼ ਵੀ ਸ਼ਾਮਲ ਹੈ।
Photo
ਇਹ ਮਤਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਦਨ 'ਚ ਪੇਸ਼ ਕੀਤਾ ਗਿਆ ਜਿਸ ਦਾ ਸਮਰਥਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਬਹੁਤ ਵਧੀਆ ਮਤਾ ਹੈ। ਉਨ੍ਹਾਂ ਕਿਹਾ ਕਿ ਕਾਨਵੈਂਟ ਸਕੂਲਾਂ 'ਚ ਵੀ 10ਵੀਂ ਤਕ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਹੈ।
Photo
ਚੰਨੀ ਨੇ ਮਤਾ ਪੇਸ਼ ਕਰਨ ਤੋਂ ਬਾਅਦ ਇਸ ਉਪਰ ਬਹਿਸ ਸ਼ੁਰੂ ਕਰਦਿਆਂ ਅਪਣੇ ਵਿਚਾਰ ਬੜੇ ਹੀ ਭਾਵਪੂਰਕ ਤਰੀਕੇ ਨਾਲ ਪੇਸ਼ ਕੀਤੇ। ਉਨ੍ਹਾਂ ਅਪਣੇ ਭਾਸ਼ਣ ਦੀ ਸ਼ੁਰੂਆਤ ਇਸ ਗੱਲ ਨਾਲ ਕੀਤੀ ਕਿ 'ਓ, ਅ, ੲ, ਸ, ਹ ਬੋਲਣਾ ਕਦੇ ਨਾ ਡੋਲਣਾ।' ਉਨ੍ਹਾਂ ਕਿਹਾ ਕਿ ਪੰਜਾਬੀ ਜ਼ਿੰਦਾ ਰਹੇਗੀ ਤਾਂ ਪੰਜਾਬ ਵਿਚ ਜ਼ਿੰਦਾ ਰਹੇਗੀ।
Photo
ਦੁਨੀਆਂ ਦੀਆਂ 7000 ਭਾਸ਼ਾਵਾਂ 'ਚ ਪੰਜਾਬੀ ਦਾ 7ਵਾਂ ਸਥਾਨ ਹੈ। ਯੂ.ਐਨ. ਮੁਤਾਬਕ ਦੁਨੀਆਂ 'ਚ ਪੰਜਾਬੀ ਬੋਲਣ ਵਾਲਿਆਂ ਦਾ 12ਵਾਂ ਨੰਬਰ ਹੈ। 1500 ਦੇਸ਼ਾਂ 'ਚ ਪੰਜਾਬੀ ਬੋਲੀ ਜਾਂਦੀ ਹੈ। ਚੰਨੀ ਨੇ ਕਿਹਾ ਕਿ ਜੋ ਮਾਂ-ਬੋਲੀ ਨੂੰ ਮਾਣ ਨਹੀਂ ਦਿੰਦਾ, ਉਹ ਕਾਹਦਾ ਪੰਜਾਬੀ ਹੈ। ਇਹ ਸਾਡੇ ਗੁਰੂਆਂ ਦੀ ਵੀ ਬੋਲੀ ਹੈ।
Photo
ਉਨ੍ਹਾਂ ਦਖਣੀ ਕੋਰੀਆ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਉਥੇ ਦੌਰੇ 'ਤੇ ਜਾਣ ਸਮੇਂ ਵੇਖਿਆ ਕਿ ਲੋਕ ਉਥੇ ਅੰਗਰੇਜ਼ੀ ਨੂੰ ਘਿਰਣਾ ਕਰਦੇ ਹਨ ਅਤੇ ਮਾਂ-ਬੋਲੀ ਹੀ ਬੋਲਦੇ ਹਨ। ਇਹ ਉਹੀ ਦਖਣੀ ਕੋਰੀਆ ਹੇ ਜਿਸ ਦੀਆਂ ਗੱਡੀਆਂ ਅਤੇ ਮੋਬਾਈਲ ਫ਼ੋਨ ਦਾ ਅਸੀਂ ਇਸਤੇਮਾਲ ਕਰਦੇ ਹਾਂ। ਚੰਨੀ ਨੇ ਕਿਹਾ ਕਿ ਕਈ ਪ੍ਰਾਈਵੇਟ ਸਕੂਲਾਂ 'ਚ ਪੰਜਾਬੀ ਬੋਲਣ ਉਤੇ ਬੱਚਿਆਂ ਨੂੰ ਸਜ਼ਾ ਦਿਤੀ ਜਾਂਦੀ ਹੈ ਜਿਸ ਕਰ ਕੇ ਇਹ ਬਿਲ ਲਿਆਂਦਾ ਗਿਆ ਹੈ ਕਿ ਸੱਭ ਦੀ ਸਹਿਮਤੀ ਨਾਲ ਅਜਿਹੇ ਸਕੂਲਾਂ ਵਿਰੁਧ ਕਾਰਵਾਈ ਲਈ ਕਾਨੂੰਨਲੀ ਪ੍ਰਾਵਧਾਨ ਕੀਤਾ ਜਾਵੇ।
Photo
ਕਾਂਗਰਸ ਦੇ ਗੁਰਜੀਤ ਕੋਟਲੀ ਨੇ ਬਹਿਸ 'ਚ ਹਿੱਸਾ ਲੈਂਦਿਆਂ ਕਿਹਾ ਕਿ ਸੱਭ ਸਕੂਲਾਂ 'ਚ ਪੰਜਾਬੀ ਦਸਵੀਂ ਤਕ ਲਾਜ਼ਮੀ ਕਰਨਾ ਮਾਂ-ਬੋਲੀ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਵੀ ਕਾਨਵੈਂਟ ਸਕੂਲਾਂ 'ਚ ਜਾ ਕੇ ਪੰਜਾਬੀ ਨੂੰ ਵਿਸਾਰ ਰਹੇ ਹਨ ਅਤੇ ਉਨ੍ਹਾਂ ਨੂੰ ਸਹੀ ਪੰਜਾਬੀ ਬੋਲਣੀ ਨਹੀਂ ਆਉਂਦੀ ਜੋ ਚਿੰਤਾ ਦਾ ਵਿਸ਼ਾ ਹੈ।
Photo
ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਵੀ ਚੰਨੀ ਵਲੋਂ ਪੇਸ਼ ਮਾਂ-ਬੋਲੀ ਬਾਰੇ ਬਿਲ ਦਾ ਪੂਰਾ ਸਮਰਥਨ ਕਰਦਿਆਂ ਕਿਹਾ ਕਿ ਸਰਕਾਰੀ ਦਫ਼ਤਰ ਅਤੇ ਸਕੂਲਾਂ ਦੇ ਨਾਲ ਅਦਾਲਤੀ ਕੰਮਕਾਰ ਵੀ ਪੰਜਾਬੀ 'ਚ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਪਾਵਰਕਾਮ ਆਦਿ 'ਚ ਨੌਕਰੀਆਂ ਦੇ ਟੈਸਟਾਂ ਦੇ ਪ੍ਰਸ਼ਨ ਪੱਤਰ ਵੀ ਅੰਗਰੇਜ਼ੀ 'ਚ ਹੋਣ ਦਾ ਨੁਕਤਾ ਉਠਾਇਆ।
Photo
ਆਮ ਆਦਮੀ ਪਾਰਟੀ (ਆਪ) ਦੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਲਈ ਸਿਰਫ਼ ਮਤਾ ਪਾਸ ਕਰਨਾ ਜਾਂ ਸਜ਼ਾ ਦੀ ਸ਼ਰਤ ਲਿਆਉਣਾ ਹੀ ਕਾਫ਼ੀ ਨਹੀਂ ਬਲਕਿ ਸਰਕਾਰ ਪੰਜਾਬੀ ਲਈ ਲੋੜੀਂਦੇ ਫ਼ੰਡ ਵੀ ਦੇਵੇ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬਹਿਸ 'ਚ ਸ਼ਾਮਲ ਹੁੰਦਿਆਂ ਜਿਥੇ ਮਤੇ ਦੀ ਹਿਮਾਇਤ ਕੀਤੀ ਉਥੇ ਨਾਲ ਹੀ ਭਾਸ਼ਾ ਵਿਭਾਗ ਦੀ ਹਾਲਤ ਸੁਧਾਰਨ ਅਤੇ ਖ਼ਾਲੀ ਪਈਆਂ 1500 ਆਸਾਮੀਆਂ ਭਰਨ ਦਾ ਵੀ ਸੁਝਾਅ ਦਿਤਾ।
Photo
ਪੰਜਾਬੀ ਯੂਨੀਵਰਸਿਟੀ ਅਤੇ ਉੱਚ ਸਿਖਿਆ 'ਚੋਂ ਵੀ ਪੰਜਾਬੀ ਵਲ ਧਿਆਨ ਦੇਣ ਦੀ ਗੱਲ ਆਖੀ ਗਈ। ਇਸੇ ਦੌਰਾਨ ਮਤਾ ਪਾਸ ਹੋਣ ਤੋਂ ਪਹਿਲਾਂ ਇਸ 'ਚ ਸੋਧ ਕਰਦਿਆਂ ਚੰਡੀਗੜ੍ਹ ਰਾਜਧਾਨੀ 'ਚ ਵੀ ਪੰਜਾਬੀ ਲਾਗੂ ਕਰਵਾਉਣ ਲਈ ਸਰਕਾਰ ਵਲੋਂ ਉਪਰਾਲੇ ਕਰਨ ਦੀ ਸਿਫ਼ਾਰਿਸ਼ ਵੀ ਸ਼ਾਮਲ ਕੀਤੀ ਗਈ ਹੈ। ਸਾਂਝਾ ਵਫ਼ਦ ਵੀ ਇਸ ਬਾਰੇ ਚੰਡੀਗ੍ਹ ਦੇ ਪ੍ਰਸ਼ਾਸਨ ਨੂੰ ਮਿਲੇਗਾ।