
ਪਹਿਲੀ ਜੁਲਾਈ ਤੋਂ ਸ਼ੁਰੂ ਕੀਤੇ ਗਏ ਨਸ਼ੇ ਵਿਰੁਧ ਲੋਕ ਇਨਸਾਫ਼ ਪਾਰਟੀ ਵਲੋਂ 'ਨਸ਼ੇ ਵਿਰੁਧ ਪੰਜਾਬ' ਮੁਹਿੰਮ ਤਹਿਤ ਅੱਜ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ..........
ਲੁਧਿਆਣਾ : ਪਹਿਲੀ ਜੁਲਾਈ ਤੋਂ ਸ਼ੁਰੂ ਕੀਤੇ ਗਏ ਨਸ਼ੇ ਵਿਰੁਧ ਲੋਕ ਇਨਸਾਫ਼ ਪਾਰਟੀ ਵਲੋਂ 'ਨਸ਼ੇ ਵਿਰੁਧ ਪੰਜਾਬ' ਮੁਹਿੰਮ ਤਹਿਤ ਅੱਜ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿਚ 'ਨਸ਼ੇ ਖਿਲਾਫ ਪੰਜਾਬ' ਮੁਹਿੰਮ ਦੀ ਬ੍ਰਾਂਡ ਅੰਬੈਸਡਰ ਵਲੋਂ ਲੁਧਿਆਣਾ ਦੇ ਜੀਟੀ ਰੋਡ ਸਥਿਤ ਹਾਰਡੀ ਵਰਲਡ ਦੇ ਨੇੜਲੇ ਪਿੰਡ ਤਲਵੰਡੀ ਵਿਖੇ ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਬੈਂਸ ਨੇ ਤਲਵੰਡੀ ਪਿੰਡ ਵਿਚ ਨਸ਼ਾ (ਚਿੱਟਾ) ਵੇਚਣ ਵਾਲੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਵੀ ਦਿਤੀ ਕਿ 7 ਜੁਲਾਈ ਤੋਂ ਪਹਿਲਾਂ ਪਹਿਲਾਂ ਨਸ਼ਾ ਤਸਕਰ ਅਪਣਾ ਧੰਦਾ ਬੰਦ ਕਰ ਕੇ ਹੋਰ ਧੰਦਾ ਅਪਣਾ ਲੈਣ ਨਹੀਂ ਤਾਂ ਉਹ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਬੈਠ ਕੇ ਸੂਬੇ ਦੇ ਡੀਜੀਪੀ ਰਾਹੀਂ ਨਸ਼ਾ ਤਸਕਰਾਂ ਵਿਰੁਧ ਕਾਰਵਾਈ ਕਰਵਾਉਣਗੇ ਅਤੇ ਨਸ਼ਾ ਤਸਕਰਾਂ ਨੂੰ ਜੇਲ ਤਕ ਛੱਡ ਕੇ ਆਉਣਗੇ।
ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ ਸ਼ੁਰੂ ਕੀਤੀ ਜਾਣ ਵਾਲੀ ਇਹ ਮੁਹਿੰਮ ਦਾ ਆਗਾਜ਼ ਲੁਧਿਆਣਾ ਤੋਂ ਕਰ ਦਿਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸੂਬੇ ਭਰ ਵਿਚ ਇਹ ਮੁਹਿੰਮ ਚਲੇਗੀ ਅਤੇ ਸੂਬੇ 'ਚੋਂ ਨਸ਼ਾ ਖ਼ਤਮ ਕਰ ਕੇ ਹੀ ਲੋਕ ਇਨਸਾਫ਼ ਪਾਰਟੀ ਸਾਹ ਲਵੇਗੀ। ਇਸ ਦੌਰਾਨ ਤਲਵੰਡੀ ਪਿੰਡ ਦੇ ਸਮੂਹ ਨੌਜਵਾਨਾਂ, ਪਿੰਡ ਵਾਸੀਆਂ ਵਿਸ਼ੇਸ਼ ਕਰ ਕੇ ਪਿੰਡ ਦੀਆਂ ਮਹਿਲਾਵਾਂ ਨੇ ਬੈਂਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਖ਼ੁਦ ਇਸ ਮੁਹਿੰਮ ਵਿਚ ਸ਼ਾਮਲ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਪਿੰਡ ਵਿਚ ਕਿਸੇ ਨੂੰ ਵੀ ਨਸ਼ਾ ਵੇਚਣ ਦੀ ਖੁਲ੍ਹ ਨਹੀਂ ਦੇਣਗੇ।
'ਨਸ਼ੇ ਖਿਲਾਫ ਪੰਜਾਬ' ਦੀ ਬ੍ਰਾਂਡ ਅੰਬੈਸਡਰ ਬੀਬਾ ਹਰਵਿੰਦਰ ਕੌਰ ਡੌਲੀ ਨੇ ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦਿਆਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਭਰ ਵਿਚ ਜੋ ਵੀ ਨੌਜਵਾਨ ਲੜਕੇ ਅਤੇ ਲੜਕੀਆਂ ਨਸ਼ੇ ਦੀ ਗ੍ਰਿਫਤ ਵਿਚ ਫਸ ਚੁਕੇ ਹਨ ਉਹ ਉਸ ਦੇ ਭੈਣ ਭਰਾ ਹਨ ਅਤੇ ਉਹ ਕਿਸੇ ਵੀ ਗੱਲ ਤੋਂ ਘਬਰਾਉਣ ਦੀ ਬਜਾਏ ਖੁਲ੍ਹ ਕੇ ਸਾਹਮਣੇ ਆਉਣ ਤਾਂ ਜੋ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਸਕੇ।