
ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਕਰੁਣੇਸ਼ ਸ਼ਰਮਾ ਦੀ ਸ਼ਿਕਾਇਤ 'ਤੇ ਸਟੇਟ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਜਲੰਧਰ ਦੇ ਅਫ਼ਸਰਾਂ ਵਿਰੁਧ ਐਫ਼ਆਈਆਰ......
ਜਲੰਧਰ : ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਕਰੁਣੇਸ਼ ਸ਼ਰਮਾ ਦੀ ਸ਼ਿਕਾਇਤ 'ਤੇ ਸਟੇਟ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਜਲੰਧਰ ਦੇ ਅਫ਼ਸਰਾਂ ਵਿਰੁਧ ਐਫ਼ਆਈਆਰ ਦਰਜ ਕਰ ਲਏ ਜਾਣ ਦੀ ਸੂਚਨਾ ਹੈ ਹਾਲਾਂਕਿ ਖ਼ਬਰਾਂ ਲਿਖੇ ਜਾਣ ਤਕ ਵਿਜੀਲੈਂਸ ਦੇ ਅਫ਼ਸਰਾਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਸੀ ਪਰ ਸੂਤਰਾਂ ਅਨੁਸਾਰ ਐਫ਼ਆਈਆਰ ਦਰਜ ਕਰਨ ਤੋਂ ਬਾਅਦ ਹੀ ਵਿਜੀਲੈਂਸ ਬਿਊਰੋ ਨੂੰ ਦੋ ਡੀਐਸਪੀਜ਼ ਕਰਨਬੀਰ ਸਿੰਘ ਅਤੇ ਸਤਪਾਲ ਚੌਧਰੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਨਗਰ ਨਿਗਮ ਜਲੰਧਰ ਹੈੱਡਕੁਆਟਰ ਉੱਤੇ ਛਾਪਾ ਮਾਰਿਆ ਸੀ।
ਇਸ ਛਾਪੇ ਦੌਰਾਨ ਵਿਜੀਲੈਂਸ ਨੇ ਬਿਲਡਿੰਗ ਬ੍ਰਾਂਚ, ਓਐਂਡਐਮ ਅਤੇ ਬੀਐਂਡਆਰ ਬ੍ਰਾਂਚ ਦੇ ਅਫ਼ਸਰਾਂ ਕੋਲੋਂ ਕਈ ਘੰਟੇ ਪੁਛਗਿੱਛ ਕੀਤੀ। ਉਨ੍ਹਾਂ ਨਾਲ ਜੁਆਇੰਟ ਕਮਿਸ਼ਨਰ ਸ਼ਿਖਾ ਭਗਤ ਵੀ ਮੌਜੂਦ ਸਨ। ਜਾਂਚ ਦੌਰਾਨ ਪਿਛਲੇ ਪੰਜ ਸਾਲ ਵਿਚ ਪਾਸ ਕਾਮਰਸ਼ੀਅਲ ਨਕਸ਼ਿਆਂ ਦੀਆਂ ਫ਼ਾਈਲਾਂ ਵੀ ਤਲਬ ਕੀਤੀਆਂ ਗਈਆਂ ਹਨ। ਇਸ ਵਿਚ ਸ਼ਹਿਰ ਦੇ ਰਾਜਿੰਦਰਾ ਆਰਕੀਟੈਕਟ ਦੁਆਰਾ ਬਣਾਏ ਗਏ ਨਕਸ਼ਿਆਂ ਦੀਆਂ ਸਾਰੀਆਂ ਫ਼ਾਈਲਾਂ ਸ਼ਾਮਲ ਹਨ।
ਫ਼ਿਲਹਾਲ ਵਿਜੀਲੈਂਸ ਬਿਊਰੋ ਦੀ ਪੂਰੀ ਟੀਮ ਸਵੇਰੇ ਤੋਂ ਸ਼ਾਮ ਤਕ ਨਗਰ ਨਿਗਮ ਦਫ਼ਤਰ ਵਿਚ ਪਿਛਲੇ ਪੰਜ ਸਾਲ ਦਾ ਰਿਕਾਰਡ ਫ਼ਰੋਲਦੀ ਰਹੀ। ਇਸ ਦੇ ਨਾਲ ਹੀ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਦੁਆਰਾ ਭੇਜੀ ਗਈ 93 ਕਲੋਨੀਆਂ ਅਤੇ ਇਮਾਰਤਾਂ ਦੀ ਸੂਚੀ ਉੱਤੇ ਟੀਮ ਵਖਰਾ ਕੰਮ ਕਰ ਰਹੀ ਹੈ। ਨਗਰ ਨਿਗਮ ਦੇ ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ਦੇ ਕੁੱਝ ਆਰਕੀਟੈਕਟ ਵੀ ਵਿਜੀਲੈਂਸ ਦੇ ਨਿਸ਼ਾਨੇ 'ਤੇ ਹਨ। ਵਿਜੀਲੈਂਸ ਬਿਊਰੋ ਦੀ ਟੀਮ ਨੇ ਬੱਸ ਸਟੈਂਡ ਸਥਿਤ ਰਾਜੇਂਦਰਾ ਆਰਕੀਟੈਕਟ ਦੁਆਰਾ ਪਾਸ ਕਰਵਾਏ ਗਏ ਸਾਰੇ ਕਮਰਸ਼ੀਅਲ ਅਤੇ ਰੈਜੀਡੈਂਸ਼ੀਅਲ ਨਕਸ਼ਿਆਂ ਦੀਆਂ ਫ਼ਾਈਲਾਂ ਤਲਬ ਕੀਤੀਆਂ ਹਨ।
ਸੂਤਰਾਂ ਅਨੁਸਾਰ ਪਿਛਲੇ ਪੰਜ ਸਾਲ ਵਿਚ ਸੱਭ ਤੋਂ ਜ਼ਿਆਦਾ ਫ਼ਾਈਲਾਂ ਰਾਜਿੰਦਰਾ ਆਰਕੀਟੈਕਟ ਨੇ ਕੀਤੀਆਂ ਹਨ। ਜਿਸ ਦੇ ਨਾਲ ਵਿਜੀਲੈਂਸ ਨੂੰ ਸ਼ੱਕ ਹੈ ਕਿ ਰਾਜਿੰਦਰਾ ਆਰਕੀਟੈਕਟ ਦੇ ਨਾਲ ਮਿਲ ਕੇ ਅਫ਼ਸਰਾਂ ਨੇ ਗ਼ੈਰਕਾਨੂੰਨੀ ਇਮਾਰਤਾਂ ਦੀ ਤਾਮੀਰ ਕੀਤੀਆਂ ਹਨ। ਇਸ ਤੋਂ ਇਲਾਵਾ ਕੁੱਝ ਹੋਰ ਆਰਕੀਟੈਕਟ ਵਿਜੀਲੈਂਸ ਦੀ ਰਾਡਾਰ ਉੱਤੇ ਹਨ। ਹਾਲਾਂਕਿ ਵਿਜੀਲੈਂਸ ਦੇ ਡੀਐਸਪੀ ਸਤਪਾਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਸਨ ਜਿਸ ਕਾਰਨ ਉਨ੍ਹਾਂ ਨੇ ਨਗਰ ਨਿਗਮ ਵਿਚ ਜਾਂਚ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ 93 ਇਮਾਰਤਾਂ ਵਿਚੋਂ ਕਈ ਇਮਾਰਤਾਂ ਦਾ ਰਿਕਾਰਡ ਬਿਲਡਿੰਗ ਸ਼ਾਖਾ ਕੋਲ ਨਹੀਂ ਮਿਲਿਆ। ਕਈ ਇਮਾਰਤਾਂ ਦਾ ਰਿਕਾਰਡ ਨਾ ਹੋਣ ਕਾਰਨ ਬਿਲਡਿੰਗ ਵਿਭਾਗ ਨੇ ਸਬੰਧਤ ਇਮਾਰਤਾਂ ਦੇ ਪੁਰਾਣੀਆਂ ਤਾਰੀਕਾਂ ਵਿਚ ਕੱਟੇ ਚਲਾਨ ਵਿਜੀਲੈਂਸ ਦੀ ਟੀਮ ਨੂੰ ਸੌਂਪੇ ਹਨ। ਦਸਣਯੋਗ ਹੈ ਕਿ ਅੱਜ ਛਾਪੇਮਾਰੀ ਦੌਰਾਨ ਵਿਜੀਲੈਂਸ ਵਿਭਾਗ ਦੇ 20 ਤੋਂ ਜ਼ਿਆਦਾ ਅਫਸਰ ਨਗਰ ਨਿਗਮ ਦਫ਼ਤਰ ਪੁੱਜੇ ਅਤੇ ਆਉਂਦੇ ਹੀ ਬਿਲਡਿੰਗ ਵਿਭਾਗ ਦੇ ਰਿਕਾਰਡ ਰੂਮ ਨੂੰ ਬੰਦ ਕਰ ਦਿਤਾ। ਵਿਜੀਲੈਂਸ ਦੀ ਇਸ ਛਾਪੇਮਾਰੀ ਦਾ ਅਸਰ ਡਰਾਇੰਗ ਵਿਭਾਗ ਵਿਚ ਵੀ ਵੇਖਿਆ ਗਿਆ।
ਛਾਪੇਮਾਰੀ ਦੀ ਖ਼ਬਰ ਮਿਲਦੇ ਸਾਰ ਡਰਾਇੰਗ ਵਿਭਾਗ ਦੇ ਡਰਾਫ਼ਟਸਮੈਨ ਅਪਣੀਆਂ ਸੀਟਾਂ ਛੱਡ ਕੇ ਇਧਰ ਉਧਰ ਹੋ ਗਏ। 93 ਗ਼ੈਰਕਾਨੂੰਨੀ ਇਮਾਰਤਾਂ ਵਿਚ ਕੁੱਝ ਇਮਾਰਤਾਂ ਅਜਿਹੀਆਂ ਹਨ ਜਿਨ੍ਹਾਂ ਦਾ ਨਕਸ਼ਾ ਹੋਰ ਪਰ ਮੌਕੇ ਉੱਤੇ ਇਮਾਰਤ ਦਾ ਢਾਂਚਾ ਬਿਲਕੁਲ ਉਲਟ ਹੈ। ਜੇਕਰ ਜਾਂਚ ਠੀਕ ਦਿਸ਼ਾ ਵਿਚ ਅੱਗੇ ਵਧਦੀ ਗਈ ਤਾਂ ਬਿਲਡਿੰਗ ਵਿਭਾਗ ਦੇ ਬਾਅਦ ਡਰਾਇੰਗ ਬ੍ਰਾਂਚ ਦੇ ਅਫ਼ਸਰਾਂ ਉੱਤੇ ਵੀ ਗਾਜ ਡਿੱਗ ਸਕਦੀ ਹੈ।