
ਮੁੱਖ ਮੰਤਰੀ ਵਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਹਰ ਜ਼ਿਲ੍ਹੇ ਵਿਚ ਸਿੰਗਲ ਵਿੰਡੋ ਪ੍ਰਣਾਲੀ ਸਥਾਪਤ ਕਰਨ ਦਾ ਐਲਾਨ
ਪੰਜਾਬ ਨੂੰ ਨਿਵੇਸ਼ ਲਈ ਸੱਭ ਤੋਂ ਅਨੁਕੂਲ ਸਥਾਨ ਦਸਿਆ
ਸਨਅਤਕਾਰਾਂ ਨੂੰ ਪ੍ਰਵਾਨਗੀਆਂ ਲੈਣ ਲਈ ਨਹੀਂ ਲਾਉਣੇ ਪੈਣਗੇ ਦਫ਼ਤਰਾਂ ਦੇ ਚੱਕਰ
ਚੰਡੀਗੜ੍ਹ : ਪੰਜਾਬ ਵਿਚ ਨਿਵੇਸ਼ ਕਰਨ ਵਾਲੇ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਭਗਵੰਤ ਮਾਨ ਸਰਕਾਰ ਵਲੋਂ ਸੂਬੇ ਦੇ ਹਰ ਜ਼ਿਲ੍ਹੇ ਵਿਚ ਸਿੰਗਲ ਵਿੰਡੋ ਸਿਸਟਮ ਸਥਾਪਿਤ ਕੀਤਾ ਜਾ ਰਿਹਾ ਹੈ | ਹਰੇਕ ਜ਼ਿਲ੍ਹੇ ਵਿਚ ਸਿੰਗਲ ਵਿੰਡੋਜ਼ ਸਥਾਪਤ ਕਰਨ ਨਾਲ ਸਨਅਤਕਾਰਾਂ ਨੂੰ ਪ੍ਰਵਾਨਗੀਆਂ ਲੈਣ ਲਈ ਵੱਖ-ਵੱਖ ਦਫ਼ਤਰਾਂ ਵਿਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਜਿਸ ਨਾਲ ਉਨ੍ਹਾਂ ਦੇ ਸਮੇਂ, ਪੈਸੇ ਅਤੇ ਊਰਜਾ ਦੀ ਬੱਚਤ ਹੋਵੇਗੀ |
ਉਦਯੋਗਿਕ ਵਿਕਾਸ ਨਾਲ ਜਿਥੇ ਉਦਯੋਗਪਤੀਆਂ ਨੂੰ ਆਪਣੇ ਨਵੇਂ ਉਦਮ ਸਥਾਪਤ ਕਰਨ ਲਈ ਪਲੇਟਫ਼ਾਰਮ ਮਿਲੇਗਾ, ਉਥੇ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ | ਇਸ ਨਾਲ ਪੰਜਾਬੀ ਨੌਜਵਾਨਾਂ ਦੇ ਅਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ ਜਾਣ ਦੇ ਰੁਝਾਨ ਨੂੰ ਰੋਕਣ ਵਿਚ ਵੀ ਮਦਦ ਮਿਲੇਗੀ | ਸਰਕਾਰ ਦੇ ਇਸ ਫ਼ੈਸਲੇ ਨਾਲ ਸਨਅਤਕਾਰਾਂ ਨੂੰ ਅਪਣੇ ਪ੍ਰਾਜੈਕਟਾਂ ਲਈ ਤੁਰਤ ਅਤੇ ਨਿਰਵਿਘਨ ਪ੍ਰਵਾਨਗੀਆਂ ਯਕੀਨੀ ਬਣਾਈਆਂ ਜਾਣਗੀਆਂ | ਪੰਜਾਬ ਵਿਚ ਨਿਵੇਸ਼ਕਾਂ ਦੀ ਆਮਦ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਜਿਸ ਤਹਿਤ ਉਦਯੋਗਿਕ ਵਿਕਾਸ ਸੂਬੇ ਦੀ ਤਰੱਕੀ ਦੇ ਨਾਲ-ਨਾਲ ਇਸ ਦੇ ਲੋਕਾਂ ਦੀ ਖ਼ੁਸ਼ਹਾਲੀ ਵਿਚ ਵੀ ਅਹਿਮ ਭੂਮਿਕਾ ਨਿਭਾਏਗਾ | ਭਗਵੰਤ ਮਾਨ ਸਰਕਾਰ ਵਲੋਂ ਦੇਸ਼ ਭਰ ਦੇ ਉਦਯੋਗਿਕ ਕਾਰੋਬਾਰੀਆਂ ਨੂੰ ਪੰਜਾਬ ਵਿਚ ਅਪਣੇ ਉਦਮ ਸਥਾਪਤ ਕਰਨ ਲਈ ਉਨ੍ਹਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ | ਸਰਕਾਰ ਦੇ ਅਜਿਹੇ ਲੋਕ ਪੱਖੀ ਫ਼ੈਸਲਿਆਂ ਦੀ ਬਦੌਲਤ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਦੇ ਮੌਕਿਆਂ ਲਈ ਹੱਬ ਵਜੋਂ ਉਭਰ ਕੇ ਸਾਹਮਣੇ ਆਵੇਗਾ |