
ਨੌਜਵਾਨਾਂ ਨੂੰ ਖੇਡਾਂ ਵਿੱਚ ਹੁਲਾਰਾ ਦੇਣ ਵਾਸਤੇ ਵੱਡੀ ਪਹਿਲਕਦਮੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਪੰਜਾਬ ਮੰਤਰੀ ਮੰਡਲ ਨੇ ਨਵੀਂ ਖੇਡ ਨੀਤੀ-201...
ਚੰਡੀਗੜ੍ਹ : ਨੌਜਵਾਨਾਂ ਨੂੰ ਖੇਡਾਂ ਵਿੱਚ ਹੁਲਾਰਾ ਦੇਣ ਵਾਸਤੇ ਵੱਡੀ ਪਹਿਲਕਦਮੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਪੰਜਾਬ ਮੰਤਰੀ ਮੰਡਲ ਨੇ ਨਵੀਂ ਖੇਡ ਨੀਤੀ-2018 ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਖੇਡ ਕੋਟੇ ਹੇਠ ਭਰਤੀ ਕਰਨ ਵਾਸਤੇ ਵੱਖਰੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਮਾਮਲੇ ’ਤੇ ਫੈਸਲਾ ਲੈਣ ਲਈ ਮੁੱਖ ਮੰਤਰੀ ਨੂੰ ਅਧਿਕਾਰਤ ਕੀਤਾ ਹੈ। ਉਭਰ ਰਹੇ ਨੌਜਵਾਨ ਖਿਡਾਰੀਆਂ ’ਤੇ ਛੋਟੀ ਉਮਰ ਵਿੱਚ ਹੀ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ
ਸੂਬਾ ਸਰਕਾਰ ਸਾਰੀਆਂ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਬੋਰਡਾਂ, ਕਾਰਪੋਰੇਸ਼ਨਾਂ, ਸਹਿਕਾਰੀ/ਸਵਿਧਾਨਿਕ ਸੰਸਥਾਵਾਂ ਅਤੇ ਸਥਾਨਕ ਅਥਾਰਟੀਆਂ ਵਿੱਚ ਪੰਜਾਬ ਦੇ ਬਸ਼ਿੰਦੇ ਉਨਾਂ ਖਿਡਾਰੀਆਂ ਲਈ 3 ਫੀਸਦੀ ਰਾਖਵਾਂਕਰਨ ਲਈ ਵਚਨਬੱਧ ਹੈ ਜੋ ਸੂਬੇ ਦੀ ਰਾਸ਼ਟਰੀ ਪੱਧਰ ’ਤੇ ਨੁਮਾਇੰਦਗੀ ਕਰਨਗੇ। ਮੰਤਰੀ ਮੰਡਲ ਨੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ/ਚੈਂਪੀਅਨਸ਼ਿਪਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਖਿਡਾਰੀਆਂ ਨੂੰ ਮਾਨਤਾ ਦੇਣ ਲਈ ਮੌਜੂਦਾ ਨਗਦ ਰਾਸ਼ੀ ਐਵਾਰਡਾਂ ਵਿੱਚ ਵੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ।
ਚਾਰ ਸਾਲਾਂ ਵਿੱਚ ਇਕ ਵਾਰੀ ਕਰਾਈਆਂ ਜਾਣ ਵਾਲੀਆਂ ਓਲੰਪਿਕ/ਪੈਰਾ ਓਲੰਪਿਕ ਖੇਡਾਂ ਦੇ ਮੁਕਾਬਲੇ ਵਿੱਚ ਚਾਂਦੀ ਦੇ ਤਮਗੇ ਵਾਸਤੇ ਮੌਜੂਦਾ ਨਗਦ ਅਵਾਰਡ 1.01 ਕਰੋੜ ਰੁਪਏ ਤੋਂ ਵਧਾ ਕੇ 1.50 ਕਰੋੜ ਰੁਪਏ ਕਰਨ ਦਾ ਫੈਸਲਾ ਕੀਤਾ ਹੈ। ਇਸੇ ਤਰਾਂ ਹੀ ਕਾਂਸੀ ਦੇ ਤਮਗੇ ਵਾਸਤੇ ਨਗਦ ਐਵਾਰਡ 51 ਲੱਖ ਰੁਪਏ ਤੋਂ ਵਧਾ ਕੇ ਇਕ ਕਰੋੜ ਰੁਪਏ ਕਰਨ ਦਾ ਫੈਸਲਾ ਲਿਆ ਗਿਆ ਹੈ। ਸੋਨੇ ਦੇ ਤਮਗੇ ਵਾਲੇ ਖਿਡਾਰੀਆਂ ਲਈ ਨਗਦ ਐਵਾਰਡ 2.25 ਕਰੋੜ ਰੁਪਏ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਚਾਰ ਸਾਲਾਂ ਵਿੱਚ ਇਕ ਵਾਰੀ ਹੁੰਦੀਆਂ ਏਸ਼ੀਆਈ/ਪੈਰਾ ਏਸ਼ੀਆਈ ਖੇਡਾਂ ਵਿੱਚ ਸੋਨ ਤਮਗੇ ਵਾਸਤੇ ਮੌਜੂਦਾ 26 ਲੱਖ ਰੁਪਏ ਦੇ ਨਗਦ ਐਵਾਰਡ ਦੀ ਰਾਸ਼ੀ ਵਧਾ ਕੇ ਇਕ ਕਰੋੜ ਰੁਪਏ, ਚਾਂਦੀ ਦੇ ਤਮਗੇ ਵਾਸਤੇ 16 ਲੱਖ ਰੁਪਏ ਤੋਂ ਵਧਾ ਕੇ 75 ਲੱਖ ਰੁਪਏ ਅਤੇ ਕਾਂਸੀ ਦੇ ਤਮਗੇ ਵਾਸਤੇ ਮੌਜੂਦਾ 11 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕੀਤਾ ਗਿਆ ਹੈ। ਇਸੇ ਤਰਾਂ ਹੀ ਹਰੇਕ ਚਾਰ ਸਾਲ ਬਾਅਦ ਹੁੰਦੇ ਆਫੀਸ਼ਅਲ ਵਿਸ਼ਵ ਕੱਪ/ਚੈਂਪੀਅਨਸ਼ਿਪ ਦੇ ਸੋਨ ਤਮਗਾ ਜੇਤੂਆਂ ਲਈ ਮੌਜੂਦਾ ਨਗਦ ਇਨਾਮ 21 ਲੱਖ ਰੁਪਏ ਤੋਂ ਵਧਾ ਕੇ 80 ਲੱਖ ਰੁਪਏ, ਚਾਂਦੀ ਦੇ ਤਮਗੇ ਲਈ 11 ਲੱਖ ਰੁਪਏ ਤੋਂ ਵਧਾ ਕੇ 55 ਲੱਖ ਰੁਪਏ,
ਕਾਂਸੀ ਦੇ ਤਮਗੇ ਲਈ 7 ਲੱਖ ਰੁਪਏ ਤੋਂ ਵਧਾ ਕੇ 45 ਲੱਖ ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ। ਚਾਰ ਸਾਲਾਂ ਬਾਅਦ ਇਕ ਵਾਰ ਹੁੰਦੀਆਂ ਕਾਮਨਵੈਲਥ ਖੇਡਾਂ/ਪੈਰਾ ਕਾਮਨਵੈਲਥ ਖੇਡਾਂ ਦੇ ਸੋਨ ਤਮਗਾ ਜੇਤੂ ਖਿਡਾਰੀ ਮੌਜੂਦਾ 16 ਲੱਖ ਰੁਪਏ ਦੀ ਥਾਂ 75 ਲੱਖ ਰੁਪਏ, ਚਾਂਦੀ ਦੇ ਤਮਗੇ ਲਈ 11 ਲੱਖ ਰੁਪਏ ਦੀ ਥਾਂ 50 ਲੱਖ ਰੁਪਏ, ਕਾਂਸੀ ਦੇ ਤਮਗੇ ਲਈ 6 ਲੱਖ ਦੀ ਥਾਂ 40 ਲੱਖ ਰੁਪਏ ਦਾ ਨਗਦ ਇਨਾਮ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਵਿਸ਼ਵ ਯੂਨੀਵਰਸਿਟੀ ਖੇਡਾਂ/ਚੈਂਪੀਅਨਸ਼ਿਪਾਂ ਵਿੱਚ ਸੋਨ ਤਮਗਾ ਜੇਤੂ ਖਿਡਾਰੀ 7 ਲੱਖ ਰੁਪਏ, ਚਾਂਦੀ ਦਾ ਤਮਗਾ ਜੇਤੂ ਨੂੰ 5 ਲੱਖ ਰੁਪਏ ਅਤੇ ਕਾਂਸੀ ਦਾ ਤਮਗਾ
ਜੇਤੂ ਖਿਡਾਰੀਆਂ ਨੂੰ 3 ਲੱਖ ਰੁਪਏ ਨਗਦ ਇਨਾਮ ਮਿਲੇਗਾ। ਸੈਫ ਖੇਡਾਂ/ਐਫਰੋ ਏਸ਼ੀਅਨ ਖੇਡਾਂ ਅਤੇ ਨੈਸ਼ਨਲ ਗੇਮਜ਼/ਪੈਰਾ ਨੈਸ਼ਨਲ ਗੇਮਜ਼ ਵਿੱਚ ਤਮਗਾ ਜੇਤੂ ਖਿਡਾਰੀਆਂ ਵਿਚੋਂ ਸੋਨ ਤਗਮਾ ਲਈ 5 ਲੱਖ ਰੁਪਏ, ਚਾਂਦੀ ਦੇ ਲਈ 3 ਲੱਖ ਰੁਪਏ ਅਤੇ ਕਾਂਸੀ ਦੇ ਲਈ 2 ਲੱਖ ਰੁਪਏ ਨਗਦ ਐਵਾਰਡ ਮਿਲੇਗਾ।ਆਲ ਇੰਡੀਆ ਇੰਟਰ ਯੂਨੀਵਰਸਿਟੀ ਟੂਰਨਾਮੈਂਟ/ਚੈਂਪੀਅਨਸ਼ਿਪ, ਰਾਸ਼ਟਰੀ ਸਕੂਲ ਖੇਡਾਂ/ਖੇਲੋ ਇੰਡੀਆ ਸਕੂਲ ਖੇਡਾਂ ਅਤੇ ਰਾਸ਼ਟਰੀ ਮਹਿਲਾ ਖੇਡ ਮੇਲੇ/ ਰਾਸ਼ਟਰੀ ਪੱਧਰ ਦੇ ਖੇਲੋ ਇੰਡੀਆ ਟੂਰਨਾਮੈਂਟ ਵਿੱਚ ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 50 ਹਜ਼ਾਰ ਰੁਪਏ, ਚਾਂਦੀ ਵਾਸਤੇ 30 ਹਜ਼ਾਰ ਰੁਪਏ ਅਤੇ
ਕਾਂਸੀ ਤਮਗੇ ਵਾਸਤੇ 20 ਹਜ਼ਾਰ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਇਸੇ ਤਰਾਂ ਹੀ ਰਾਸ਼ਟਰੀ ਖੇਡ ਸੰਸਥਾਵਾਂ ਵੱਲੋਂ ਸਾਲ ਵਿੱਚ ਇਕ ਵਾਰ ਕਰਵਾਈਆਂ ਜਾਂਦੀਆਂ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪਾਂ ਵਿੱਚ ਸੋਨ ਤਮਗਾ ਜੇਤੂ ਲਈ 40 ਹਜ਼ਾਰ ਰੁਪਏ, ਚਾਂਦੀ ਲਈ 20 ਹਜ਼ਾਰ ਰੁਪਏ ਅਤੇ ਕਾਂਸੀ ਲਈ 15 ਹਜ਼ਾਰ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਵੀਂ ਖੇਡ ਨੀਤੀ ਨੌਜਵਾਨਾਂ ਨੂੰ ਖੇਡਾਂ ਅਤੇ ਸਰੀਰਿਕ ਕਿਰਿਆਵਾਂ ਵਿੱਚ ਸ਼ਾਮਲ ਕਰਨ ਲਈ ਮਦਦਗਾਰ ਹੋਵੇਗੀ।
ਇਸ ਤੋਂ ਇਲਾਵਾ ਇਹ ਉੱਭਰ ਰਹੇ ਹੁਨਰ ਲਈ ਵੀ ਸਹਾਇਤਾ ਦੇਵੇਗੀ ਅਤੇ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਸੂਬੇ ਲਈ ਨਾਮਣਾ ਖੱਟਣਗੇ। ਇਸ ਤੋਂ ਪਹਿਲਾਂ ਖੇਡ ਤੇ ਯੁਵਾ ਸੇਵਾਵਾਂ ਵਿਭਾਗ ਨੇ ਸਾਲ-2010 ਵਿੱਚ ਆਪਣੀ ਖੇਡ ਨੀਤੀ ਤਿਆਰ ਕੀਤੀ ਸੀ। ਉਸ ਤੋਂ ਬਾਅਦ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਆਈਆਂ ਹਨ ਜਿਸ ਦੇ ਕਾਰਨ ਇਸ ਨੀਤੀ ਵਿੱਚ ਤਬਦੀਲੀ ਕਰਨ ਦੀ ਲੋੜ ਪਈ ਹੈ। ਨਵੀਂ ਖੇਡ ਨੀਤੀ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਇਹ ਨੀਤੀ ਸਪੱਸ਼ਟ ਟੀਚਿਆਂ, ਸ਼ਨਾਖ਼ਤ ਕੀਤੇ ਉਦੇਸ਼ਾਂ ਅਤੇ ਅਮਲ ਵਿੱਚ ਲਿਆਉਣ ਪ੍ਰਤੀ ਸੇਧਿਤ ਹੋਵੇਗੀ। ਇਹ ਨੀਤੀ ਉਚ ਸਮਰਥਾ ਵਾਲੀਆਂ ਖੇਡਾਂ ਤੇ ਸਮਰਥਾ ਵਾਲੀਆਂ ਖੇਡਾਂ ’ਤੇ ਕੇਂਦਰਿਤ ਹੋਵੇਗੀ। ਇਸ ਨੀਤੀ ਦਾ ਮਕਸਦ ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਤੋਂ ਇਲਾਵਾ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਖੇਡ ਸਰਗਰਮੀਆਂ ਸ਼ੁਰੂ ਕਰਨ ਦੇ ਨਾਲ-ਨਾਲ ਵੱਡੀਆਂ ਪ੍ਰਾਪਤੀਆਂ ਵਾਲੀਆਂ ਯੂਨੀਵਰਸਿਟੀਆਂ ਨੂੰ ਸਹੂਲਤਾ ਦੇਣਾ ਹੈ। ਇਹ ਨੀਤੀ ਮੌਜੂਦਾ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਤੋਂ ਇਲਾਵਾ ਜ਼ਿਲਾ ਤੇ ਸਬ-ਡਵੀਜ਼ਨ ਪੱਧਰ ’ਤੇ ਅਜਿਹੀਆਂ ਹੋਰ ਸਹੂਲਤਾਂ ਮੁਹੱਈਆ ਕਰਵਾਏਗੀ। ਇਸ ਦਾ ਉਦੇਸ਼ ਹਰੇਕ ਬਲਾਕ ਵਿੱਚ ਇਕ ਪਿੰਡ ਵਿੱਚ ਇਕ ਖੇਡ ਮੈਦਾਨ ਜ਼ਰੂਰ ਵਿਕਸਤ ਕਰਨਾ ਹੈ। ਇਹ ਨੀਤੀ ਪੰਜਾਬ ਵਿੱਚ ਖੇਡਾਂ ਦੇ ਵਧੀਆ ਬੁਨਿਆਦੀ ਢਾਂਚੇ ਨੂੰ ਸਥਾਪਤ ਕਰਨ ਅਤੇ ਸੁਧਾਰਨ ਲਈ ਪ੍ਰਾਈਵੇਟ ਭਾਈਵਾਲੀ ਨੂੰ ਉਤਸ਼ਾਹਤ ਕਰਨ ਤੋਂ ਇਲਾਵਾ ਪਰਵਾਸੀ ਭਾਰਤੀਆਂ ਨੂੰ ਵੀ ਆਕਰਸ਼ਿਤ ਕਰੇਗੀ। ਖੇਡਾਂ ਵਿੱਚ ਕਰੀਅਰ ਲਈ ਇਹ ਨੀਤੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਤੇ ਵਜ਼ੀਫਾ ਅਤੇ ਪੈਨਸ਼ਨ ਸਕੀਮ ਰਾਹੀਂ ਤਮਗਾ ਜੇਤੂਆਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਏਗੀ। ਇਹ ਨੀਤੀ ਖਿਡਾਰੀਆਂ ਨੂੰ ਰੋਜ਼ਗਾਰ ਸਹੂਲਤ ਮੁਹੱਈਆ ਕਰਵਾਏਗੀ। ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਦਾਖਲੇ ’ਚ ਰਾਖਵਾਂਕਰਨ, ਵਿੱਤੀ ਰਿਆਇਤਾਂ, ਸਿਖਲਾਈ ਰਾਹੀਂ ਕੋਚ ਅਤੇ ਵਿਭਾਗੀ ਅਧਿਕਾਰੀਆਂ ਦੇ ਰੂਪ ਵਿੰਚ ਮਨੁੱਖੀ ਵਸੀਲਿਆਂ ਨੂੰ ਵਿਕਸਤ ਕਰਨਾ ਇਸ ਨੀਤੀ ਦਾ ਮਕਸਦ ਹੈ। ਉਚ ਦਰਜੇ ਦੇ ਕੇਂਦਰ ਤੋਂ ਇਲਾਵਾ ਇਸ ਨੀਤੀ ਦਾ ਪ੍ਰਸਤਾਵ ਪਟਿਆਲਾ ਵਿਖੇ ਸੂਬਾਈ ਖੇਡ ਯੂਨੀਵਰਸਿਟੀ ਸਥਾਪਤ ਕਰਨਾ ਵੀ ਸ਼ਾਮਲ ਹੈ। ਮਹਾਰਾਜਾ ਰਣਜੀਤ ਸਿੰਘ ਐਵਾਰਡ ਜੋ ਸੂਬੇ ਤੇ ਮੁਲਕ ਲਈ ਤਮਗਾ ਹਾਸਲ ਕਰਕੇ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮਾਣ-ਸਨਮਾਣ ਵਜੋਂ ਦਿੱਤਾ ਜਾਂਦਾ ਹੈ, ਬਾਰੇ ਨਵੇਂ ਕਦਮਾਂ ਸਬੰਧੀ ਬੁਲਾਰੇ ਨੇ ਦੱਸਿਆ ਕਿ ਨਵੀਂ ਨੀਤੀ ਤਹਿਤ 20 ਖਿਡਾਰੀਆਂ ਅਤੇ ਇਕ ਅਪੰਗ ਖਿਡਾਰੀ ਜਿਨਾਂ ਨੇ ਤਮਗਾ ਜਿੱਤਿਆ ਅਤੇ ਅੰਤਰਰਾਸ਼ਟਰੀ ਪੱਧਰ ਤੇ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਹੈ ਅਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ 100 ਅੰਕ ਦਾ ਗ੍ਰੇਡ ਹੈ, ਦੀ ਚੋਣ ਹਰੇਕ ਵਰੇ ਕੀਤੀ ਜਾਵੇਗੀ। ਇਸ ਨਾਲ ਪਦਮ, ਅਰਜੁਨ ਅਤੇ ਰਾਜੀਵ ਗਾਂਧੀ ਖੇਲ ਰਤਨ ਹਾਸਲ ਸਾਰੇ ਐਵਾਰਡੀ ਜੋ ਪੰਜਾਬ ਦੇ ਖਿਡਾਰੀ ਹਨ, ਚੁਣੇ ਗਏ 20 ਖਿਡਾਰੀਆਂ ਤੋਂ ਇਲਾਵਾ ਖੁਦ-ਬ-ਖੁਦ ਇਸ ਐਵਾਰਡ ਲਈ ਯੋਗ ਹੋ ਜਾਣਗੇ। ਮਹਾਰਾਜਾ ਰਣਜੀਤ ਸਿੰਘ ਐਵਾਰਡ ਨੂੰ ਇਕ ਟਰਾਫੀ, ਬਲੇਜ਼ਰ ਨਾਲ ਪੰਜ ਲੱਖ ਰੁਪਏ ਦਾ ਨਗਦ ਇਨਾਮ ਮਿਲੇਗਾ। ਇਹ ਐਵਾਰਡ ਪੰਜ ਸਾਲਾਂ ਲਈ ਇਨਡੋਰ ਇਲਾਜ ਵਾਸਤੇ ਇਕ ਲੱਖ ਰੁਪਏ ਪ੍ਰਤੀ ਸਾਲ ਦੇ ਸਿਹਤ ਬੀਮਾ ਕਵਰ ਦਾ ਹੱਕਦਾਰ ਵੀ ਹੋਵੇਗਾ।
ਵੱਖ ਵੱਖ ਅੰਤਰਰਾਸ਼ਟਰੀ ਟੂਰਨਾਮੈਂਟਾਂ ਅਤੇ ਚੈਂਪੀਅਨਸ਼ਿਪਾਂ ਵਿੱਚ ਤਮਗਾ ਜਿੱਤਣ ਵਾਲੇ ਵੈਟਰਨ ਖਿਡਾਰੀਆਂ ਨੂੰ ਪੈਨਸ਼ਨ ਵਜੋਂ ਵਿੱਤੀ ਸਹਾਇਤਾ ਵੀ ਸੂਬਾ ਸਰਕਾਰ ਮੁਹੱਈਆ ਕਰਵਾਏਗੀ। ਇਹ ਸਹਾਇਤਾ 40 ਸਾਲ ਦੀ ਉਮਰ ਪੂਰੀ ਕਰ ਚੁੱਕੇ ਉਨਾਂ ਖਿਡਾਰੀਆਂ ਨੂੰ ਮਿਲੇਗੀ ਜੋ ਮੁਲਾਜ਼ਮ ਨਹੀ ਹੋਣਗੇ ਜਾਂ ਜਿਨਾਂ ਦੀ ਸਾਲਾਨਾ ਆਮਦਨ 6 ਲੱਖ ਰੁਪਏ ਤੋਂ ਵੱਧ ਨਹੀਂ ਹੋਵੇਗੀ। ਇਹ ਪੈਨਸ਼ਨ ਕੇਂਦਰ ਸਰਕਾਰ ਜਾਂ ਕਿਸੇ ਹੋਰ ਏਜੰਸੀ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਖੇਡ ਪੈਨਸ਼ਨ ਤੋਂ ਵੱਖਰੀ ਹੋਵੇਗੀ। ਕਿਸੇ ਵੀ ਸਰਕਾਰ ਦੁਆਰਾ ਸੇਵਾ-ਮੁਕਤ ਸਰਕਾਰੀ ਮੁਲਾਜ਼ਮ ਵਜੋਂ ਪੈਨਸ਼ਨ ਲੈਣ ਵਾਲੇ ਇਸ ਪੈਨਸ਼ਨ ਦੇ ਵਾਸਤੇ ਯੋਗ ਨਹੀਂ ਹੋਣਗੇ। ਓਲੰਪਿਕ ਵਿੱਚ ਤਮਗਾ ਜੇਤੂ ਖਿਡਾਰੀ ਨੂੰ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ ਜਦਕਿ ਏਸ਼ੀਆਈ/ਕਾਮਨਵੈਲਥ ਖੇਡਾਂ ਵਿੱਚ 7500 ਰੁਪਏ ਪ੍ਰਤੀ ਮਹੀਨਾ ਅਤੇ ਰਾਸ਼ਟਰੀ ਖੇਡਾਂ ਵਿੱਚ ਤਗਮਾ ਜੇਤੂਆਂ ਨੂੰ 5000 ਰੁਪਏ ਪੈਨਸ਼ਨ ਮਿਲੇਗੀ ਜਿਨਾਂ ਨੇ ਪਿਛਲੀ 5 ਰਾਸ਼ਟਰੀ ਖੇਡਾਂ ਵਿੱਚ ਘੱਟੋਂ ਘੱਟ 2 ਤਮਗੇ ਜਿੱਤੇ ਹਨ। ਕੋਚਾਂ ਨੂੰ ਪ੍ਰੇਰਿਤ ਕਰਨ ਵਾਸਤੇ ਓਲੰਪਿਕ, ਵਿਸ਼ਵ ਚੈਂਪੀਅਨਸ਼ਿਪਾਂ, ਏਸ਼ੀਅਨ ਅਤੇ ਕਾਮਨਵੈਲਥ ਖੇਡਾਂ ਵਿੱਚ ਤਮਗਾ ਜੇਤੂ ਖਿਡਾਰੀਆਂ ਨੂੰ ਸਿਖਲਾਈ ਦੇਣ ਵਾਲਿਆਂ ਨੂੰ ਵੀ ਨਗਦ ਇਨਾਮ ਦਿੱਤਾ ਜਾਵੇਗਾ। ਜਿਹੜੇ ਕੋਚ ਘੱਟੋ-ਘੱਟ ਇਕ ਸਾਲ ਖਿਡਾਰੀ ਨੂੰ ਸਿਖਲਾਈ ਦੇਣਗੇ ਅਤੇ ਜਿਨਾਂ ਕੋਚਾਂ ਦੇ ਸਿਖਲਾਈ ਪ੍ਰਾਪਤ ਖਿਡਾਰੀ ਮੈਡਲ ਜਿੱਤਣਗੇ, ਉਨਾਂ ਨੂੰ ਉਸ ਨਗਦ ਐਵਾਰਡ ਦੇ 40 ਫੀਸਦੀ ਦੇ ਬਰਾਬਰ ਨਗਦ ਇਨਾਮ ਦਿੱਤਾ ਜਾਵੇਗਾ, ਜਿਸ ਦੇ ਵਾਸਤੇ ਇਸ ਨੀਤੀ ਦੇ ਹੇਠ ਖਿਡਾਰੀ ਹੱਕਦਾਰ ਹੋਣਗੇ। ਟੀਮ ਮੁਕਾਬਲਿਆਂ ਤੋਂ ਇਲਾਵਾ ਇਕ ਤੋਂ ਵੱਧ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਸਿਖਲਾਈ ਦੇਣ ਵਾਲੇ ਕੋਚ ਹਰੇਕ ਵਾਧੂ ਮੈਡਲ ਦੇ ਵਾਸਤੇ ਉਸ ਨਗਦ ਇਨਾਮ ਦੇ 20 ਫੀਸਦੀ ਦੇ ਹੱਕਦਾਰ ਹੋਣਗੇ ਜਿਸ ਦੇ ਵਾਧੇ ਲਈ ਖਿਡਾਰੀ ਹੱਕਦਾਰ ਹੋਣਗੇ। ਟੀਮ ਮੁਕਾਬਲਿਆਂ ਵਿੱਚ ਵੀ ਕੋਚ ਉਸੇ ਰਾਸ਼ੀ ਦੇ ਨਗਦ ਇਨਾਮ ਦੇ ਹੱਕਦਾਰ ਹੋਣਗੇ ਜਿਸ ਦੇ ਵਾਸਤੇ ਕਿਸੇ ਟੀਮ ਦਾ ਇਕ ਖਿਡਾਰੀ ਹੱਕਦਾਰ ਹੋਵੇਗਾ।